ਪੰਜਾਬ ਵਿੱਚ ਵੱਖ ਵੱਖ ਥਾਂਵਾਂ ਤੇ ਮਨੁੱਖੀ ਅਧਿਕਾਰਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੁੱਖ ਲਗਾਏ ਗਏ। ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਪੰਜਾਬ ਵਾਸੀਆਂ ਨੂੰ ਸ਼ਹੀਦ ਭਾਈ ਖਾਲੜਾ ਜੀ ਦੇ ਨਾਂ ਤੇ ਰੁੱਖ ਰੂਪੀ ਯਾਦਗਾਰ ਉਸਾਰਨ ਦਾ ਸੱਦਾ ਦਿੱਤਾ ਗਿਆ ਜਿਸ ਨੂੰ ਪੰਜਾਬ ਭਰ ਵਿੱਚ ਭਰਵਾਂ ਹੁੰਗਾਰਾ ਮਿਲਿਆ। ਬਟਾਲਾ ਵਿਖੇ ਵਿਦਿਆਰਥੀ ਆਗੂ ਹਰਜੋਤ ਸਿੰਘ ਮਠਾਰੂ ਦੀ ਅਗਵਾਈ ਹੇਠ ਨੌਜਵਾਨਾਂ ਵੱਲੋਂ ਭਾਈ ਖਾਲੜਾ ਦੀ ਸ਼ਹਾਦਤ ਨੂੰ ਸਮਰਪਿਤ ਇਕ ਰੁੱਖ ਲਗਾਇਆ ਗਿਆ। ਇਸ ਮੌਕੇ ਉਨ੍ਹਾਂ ਆਖਿਆ ਕਿ ਸਾਨੂੰ ਭਾਈ ਖਾਲੜਾ ਦੇ ਸੰਘਰਸ਼ ਤੋਂ ਸੇਧ ਲੈਣੀ ਚਾਹੀਦੀ ਹੈ। ਭਾਈ ਜਸਵੰਤ ਸਿੰਘ ਖਾਲੜਾ ਨੇ ਖਾੜਕੂਵਾਦ ਦੇ ਦੌਰ ਸਮੇਂ ਪੁਲਿਸ ਵੱਲੋਂ ਕੀਤੀਆਂ ਵਧੀਕੀਆਂ ਦਾ ਕੱਲ੍ਹਾ ਚਿੱਠਾ ਜੱਗ ਜ਼ਾਹਰ ਕੀਤਾ। ਉਹਨਾਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਪੁਲਿਸ ਵੱਲੋਂ ਨਾਜਾਇਜ਼ ਕਤਲ ਕੀਤੇ ਗਏ ਪੱਚੀ ਹਜ਼ਾਰ ਸਿੱਖ ਨੌਜਵਾਨਾਂ ਦੀਆਂ ਅਣਪਛਾਤੀਆਂ ਕਹਿ ਕੇ ਸਾੜੀਆਂ ਲਾਸ਼ਾਂ ਦਾ ਰਿਕਾਰਡ ਲੱਭਿਆ ਅਤੇ ਦੁਨੀਆਂ ਭਰ ਦੇ ਲੋਕਾਂ ਦੀ ਕਚਹਿਰੀ ਵਿਚ ਪੇਸ਼ ਕੀਤਾ। ਕਨੇਡਾ ਦੀ ਪਾਰਲੀਮੈਂਟ ਵਿੱਚ ਦਿੱਤੇ ਯਾਦਗਾਰੀ ਭਾਸ਼ਣ ਤੇ ਪੇਸ਼ ਕੀਤੇ ਸਬੂਤਾਂ ਨੂੰ ਦੇਖਦੇ ਹੋਏ ਉਥੋਂ ਦੀ ਸਰਕਾਰ ਨੇ ਭਾਈ ਖਾਲੜਾ ਨੂੰ ਕਨੇਡਾ ਦੀ ਨਾਗਰਿਕਤਾ ਪੇਸ਼ ਕੀਤੀ। ਪਰ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਉਹ ਵਾਪਸ ਪੰਜਾਬ ਆ ਗਏ। ਉਹਨਾਂ ਨੇ ਨਜਾਇਜ਼ ਕਤਲ ਕੀਤੇ ਬੇਗੁਨਾਹ ਸਿੱਖ ਨੌਜਵਾਨਾਂ ਬਾਬਤ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਪਰ ਅਦਾਲਤ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਅਖੀਰ 6 MAY 1995 ਨੂੰ ਉਹਨਾਂ ਨੂੰ ਘਰ ਤੋਂ ਅਗਵਾ ਕਰਕੇ ਹਮੇਸ਼ਾ ਲਈ ਲਾਪਤਾ ਕਰ ਦਿੱਤਾ ਗਿਆ। ਉਹਨਾਂ ਦੀ ਧਰਮ ਪਤੰਨੀ ਬੀਬੀ ਪਰਮਜੀਤ ਕੌਰ ਖਾਲੜਾ ਵਲੋਂ ਲੜੇ ਸੰਘਰਸ਼ ਦੀ ਬਦੌਲਤ ਪੰਜਾਬ ਪੁਲਿਸ ਦੇ ਪੰਜ ਮੁਲਾਜ਼ਮਾਂ ਨੂੰ 2005 ਵਿਚ ਉਮਰ ਕੈਦ
ਦੀ ਸਜ਼ਾ ਦਿੱਤੀ ਗਈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਹਰਜੋਤ ਸਿੰਘ ਨੂੰ ਬਟਾਲੇ ਗੋਬਿੰਦ ਨਗਰ ਭੁੱਲਰ ਰੋਡ ਤੇ ਸ਼ਮਸ਼ਾਨ ਘਾਟ ਵਿਖੇ ਪਤਵੰਤੇ ਸੱਜਣਾਂ ਦੀ ਹਾਜਰੀ ਵਿੱਚ ਅੰਬ ਦਾ ਰੁੱਖ ਲਗਾਇਆ। ਉਹਨਾਂ ਕਿਹਾ ਕਿ ਭਾਈ ਖਾਲੜਾ ਦਾ ਸੰਘਰਸ਼ ਸਾਰੇ ਪੰਜਾਬ ਦਾ ਸੰਘਰਸ਼ ਹੈ। ਨੌਜਵਾਨਾਂ ਨੂੰ ਪੰਜਾਬ ਦੇ ਪਾਣੀਆਂ, ਪੰਜਾਬੀ ਬੋਲੀ, ਭ੍ਰਿਸ਼ਟਾਚਾਰ ਨਿਜ਼ਾਮ ਨੂੰ ਖਤਮ ਕਰਨ ਸਮੇਤ ਹੋਰ ਹੱਕੀ ਮੰਗਾਂ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਏਹੀ ਭਾਈ ਜਸਵੰਤ ਸਿੰਘ ਖਾਲੜਾ ਨੂੰ ਅਸਲ ਸ਼ਰਧਾਂਜਲੀ । ਇਸ ਮੌਕੇ ਸੁਸਾਇਟੀ ਪ੍ਰਧਾਨ ਹਰਜੋਤ ਸਿੰਘ, ਸ਼ੁਭਮ ਸ਼ਰਮਾ, ਅਮ੍ਰਿਤਪਾਲ ਸਿੰਘ, ਸੰਦੀਪ ਸਿੰਘ ਅਤੇ ਹੋਰ ਮੈਂਬਰ ਮੌਜੂਦ ਸਨ।

