ਪੰਜਾਬ ਸਮਾਰਟ ਕੁਨੈਕਟ ਸਕੀਮ ਦੇ ਦੂਜੇ ਪੜਾਅ ਤਹਿਤ ਤ੍ਰਿਪਤ ਬਾਜਵਾ ਨੇ ਸਰਕਾਰੀ ਸਕੂਲ ਭੁੱਲਰ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਤਕਸੀਮ ਕੀਤੇ, ਜ਼ਿਲ੍ਹਾ ਗੁਰਦਾਸਪੁਰ 5794 ਵਿਦਿਆਰਥੀਆਂ ਨੂੰ ਮਿਲੇ ਸਮਾਰਟ ਫੋਨ 

ਪੰਜਾਬ ਸਮਾਰਟ ਕੁਨੈਕਟ ਸਕੀਮ ਦੇ ਦੂਜੇ ਪੜਾਅ ਤਹਿਤ ਤ੍ਰਿਪਤ ਬਾਜਵਾ ਨੇ ਸਰਕਾਰੀ ਸਕੂਲ ਭੁੱਲਰ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਤਕਸੀਮ ਕੀਤੇ

ਦੂਜੇ ਫੇਜ ਵਿਚ ਜ਼ਿਲ੍ਹਾ ਗੁਰਦਾਸਪੁਰ 5794 ਵਿਦਿਆਰਥੀਆਂ ਨੂੰ ਮਿਲੇ ਸਮਾਰਟ ਫੋਨ

ਬਟਾਲਾ, (ਅਮਰੀਕ ਮਠਾਰੂ ਰੰਜਨਦੀਪ ਸੰਧੂ ਬਲਦੇਵ ਸਿੰਘ ਖਾਲਸਾ ) – ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਡਿਜੀਟਲ ਸਿੱਖਿਆ ਨਾਲ ਜੋੜਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਮੋਬਾਇਲ ਫੋਨ ਮੁਹੱਈਆ ਕਰਵਾਉਣ ਦੇ ਦੂਜੇ ਫੇਜ ਦੀ ਸੁਰੂਆਤ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਵਰਚੁਅਲ ਸਮਾਗਮ ਦੌਰਾਨ ਕੀਤੀ ਗਈ। ਇਸ ਸਬੰਧੀ ਕਰਾਏ ਵਿਸ਼ੇਸ਼ ਸਮਾਗਮ ਦੌਰਨ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਉਚੇਰੀ ਸਿੱਖਿਆ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਭੁੱਲਰ ਵਿਖੇ 103 ਵਿਦਿਆਰਥੀਆਂ ਨੂੰ ਸਮਾਰਟ ਮੋਬਾਇਲ ਤਕਸੀਮ ਕੀਤੇ ਗਏ।


ਇਸ ਮੌਕੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪੰਜਾਬ ਸਮਾਰਟ ਕੁਨੈਕਟ ਸਕੀਮ ਤਹਿਤ ਮੋਬਾਇਲ ਫੋਨ ਵੰਡਣ ’ਤੇ ਰਾਜ ਸਰਕਾਰ 88 ਕਰੋੜ ਰੁਪਏ ਖਰਚ ਕਰ ਰਹੀ ਹੈ। ਇਸ ਸਕੀਮ ਤਹਿਤ ਬਾਹਰਵੀਂ ਜਮਾਤ ਦੇ ਕੁੱਲ 175443 ਵਿਦਿਆਰਥੀਆਂ ਨੂੰ ਫੋਨ ਵੰਡੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਇਹ ਟੀਚਾ ਇਸ ਮਹੀਨੇ ਦੇ ਅਖੀਰ ਤੱਕ ਪੂਰਾ ਕਰ ਲਿਆ ਜਾਵੇਗਾ। ਉਨਾਂ ਨੇ ਕਿਹਾ ਕਿ ਇਹ ਸਮਾਰਟ ਫੋਨ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਗ੍ਰਹਿਣ ਕਰਨ ਵਿਚ ਸਹਾਈ ਸਿੱਧ ਹੋਣਗੇ। ਕੋਵਿਡ ਮਹਾਂਮਾਰੀ ਦੇ ਇਸ ਦੌਰ ਵਿਚ ਵਿਦਿਆਰਥੀਆਂ ਦੀ ਨਿਰਵਿਘਨ ਪੜ੍ਹਾਈ ਜਾਰੀ ਰੱਖਣ ਲਈ ਦੂਜੇ ਫੇਜ ਤਹਿਤ ਸੂਬਾ ਭਰ ਵਿੱਚ 80 ਹਜਾਰ ਮੋਬਾਇਲ ਫੋਨ ਵੰਡੇ ਜਾ ਰਹੇ ਹਨ ਜਿਸ ਵਿਚੋਂ ਜ਼ਿਲ੍ਹਾ ਗੁਰਦਾਸਪੁਰ ਦੇ 5794 ਵਿਦਿਆਰਥੀਆਂ ਨੂੰ ਇਹ ਫੋਨ ਅੱਜ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਕੁੱਲ 12900 ਸਮਾਰਟ ਫੋਨ ਵੰਡੇ ਜਾਣੇ ਸਨ ਜਿਸ ਵਿੱਚੋਂ ਅੱਜ ਤੱਕ 9517 ਵੰਡੇ ਜਾ ਚੱਕੇ ਹਨ। ਉਨ੍ਹਾਂ ਕਿਹਾ ਕਿ ਰਹਿੰਦੇ ਵਿਦਿਆਰਥੀਆਂ ਨੂੰ ਵੀ ਜਲਦ ਹੀ ਇਹ ਫੋਨ ਵੰਡ ਦਿੱਤੇ ਜਾਣਗੇ। ਇਸ ਮੌਕੇ ਸ. ਬਾਜਵਾ ਨੇ ਸਕੂਲ ਦੀ ਨਵੀਂ ਬਣੀ ਇਮਾਰਤ ਵਿੱਚ ਸਮਾਰਟ ਕਲਾਸ ਰੂਮਜ਼ ਦਾ ਉਦਘਾਟਨ ਵੀ ਕੀਤਾ। ਸ. ਬਾਜਵਾ ਨੇ ਭੁੱਲਰ ਸਕੂਲ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਅਤੇ ਨਾਲ ਹੀ ਕਿਹਾ ਕਿ ਇਸ ਸਕੂਲ ਵਿੱਚ ਸਾਇੰਸ ਤੇ ਕਾਮਰਸ ਗੁਰੱਪ ਵੀ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਿੰਡ ਭੁੱਲਰ ਵਿਖੇ ਖੇਡ ਸਟੇਡੀਅਮ ਵੀ ਬਣਾ ਕੇ ਦਿੱਤਾ ਜਾਵੇਗਾ।

ਇਸ ਮੌਕੇ ਉਨ੍ਹਾਂ ਸਰਕਾਰੀ ਸਕੂਲ ਭੁੱਲਰ ਦੇ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਅਤੇ ਸਮੂਹ ਸਟਾਫ ਨੂੰ ਵਧੀਆ ਕਾਰਗੁਜ਼ਾਰੀ ਲਈ ਸਨਮਾਨਤ ਵੀ ਕੀਤਾ।ਇਸ ਮੌਕੇ ਉਨ੍ਹਾਂ ਨਾਲ ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ, ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਸ੍ਰੀ ਸੁਰਜੀਤ ਪਾਲ, ਸਰਪੰਚ ਬਲਵਿੰਦਰ ਸਿੰਘ ਸੋਹਲ, ਮੈਨੇਜਰ ਪਰਮਿੰਦਰ ਸਿੰਘ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।

Leave a Reply

Your email address will not be published. Required fields are marked *