ਪੰਜਾਬ ਸਰਕਾਰ ਨੇ ਬਟਾਲਾ ਸ਼ਹਿਰ ਵਿੱਚ ਵਿਕਾਸ ਦੀ ਨਵੀਂ ਇਬਾਰਤ ਲਿਖੀ – ਤ੍ਰਿਪਤ ਬਾਜਵਾ

 

ਕੋਰੋਨਾ ਕਾਲ ਦੇ ਬਾਵਜੂਦ ਵੀ ਸਾਲ 2020 ਬਟਾਲਾ ਸ਼ਹਿਰ ਦੇ ਵਿਕਾਸ ਵਿੱਚ ਮੀਲ ਪੱਥਰ ਸਾਬਤ ਹੋਇਆ

ਪੰਜਾਬ ਸਰਕਾਰ ਨੇ ਬਟਾਲਾ ਸ਼ਹਿਰ ਵਿੱਚ ਵਿਕਾਸ ਦੀ ਨਵੀਂ ਇਬਾਰਤ ਲਿਖੀ – ਤ੍ਰਿਪਤ ਬਾਜਵਾ

ਬਟਾਲਾ (ਅਮਰੀਕ ਮਠਾਰੂ, ਰੰਜਨਦੀਪ ਸੰਧੂ ) – ਕੋਰੋਨਾ ਕਾਲ ਦੇ ਬਾਵਜੂਦ ਵੀ ਸਾਲ 2020 ਬਟਾਲਾ ਸ਼ਹਿਰ ਦੇ ਵਿਕਾਸ ਵਿੱਚ ਮੀਲ ਪੱਥਰ ਸਾਬਤ ਹੋਇਆ ਹੈ। ਪੰਜਾਬ ਸਰਕਾਰ ਨੇ ਬਟਾਲਾ ਸ਼ਹਿਰ ਦੀਆਂ ਸੜਕਾਂ, ਗਲੀਆਂ ਦਾ ਨਿਰਮਾਣ, ਸਟਰੀਟ ਲਾਈਟਾਂ, 140 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਤੇ ਜਲ ਸਪਲਾਈ ਦਾ ਪ੍ਰੋਜੈਕਟ ਅਤੇ ਹੰਸਲੀ ਨਾਲੇ ਉੱਪਰ ਤਿੰਨ ਹਾਈ ਲੈਵਲ ਬ੍ਰਿਜ ਬਣਾ ਕੇ ਵਿਕਾਸ ਦੀ ਨਵੀਂ ਇਬਾਰਤ ਲਿਖੀ ਹੈ। ਇਨ੍ਹਾਂ ਸਾਰੇ ਵਿਕਾਸ ਕਾਰਜਾਂ ਦੀ ਨਿਗਰਾਨੀ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਕੀਤੀ ਗਈ ਹੈ।

550ਵੇਂ ਪ੍ਰਕਾਸ਼ ਪੁਰਬ ਨੇ ਬਟਾਲਾ ਸ਼ਹਿਰ ਦੇ ਵਿਕਾਸ ਦਾ ਮੁੱਢ ਬੰਨਿਆ

ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੇ ਬਟਾਲਾ ਸ਼ਹਿਰ ਦੇ ਵਿਕਾਸ ਕਾਰਜਾਂ ਦਾ ਮੁੱਢ ਬੰਨਿਆ ਸੀ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਸਬੰਧੀ ਸ਼ੁਰੂਆਤ ਵਿੱਚ ਬਟਾਲਾ ਸ਼ਹਿਰ ਵਿੱਚ ਕਰਬਿ 20 ਕਰੋੜ ਰੁਪਏ ਖਰਚ ਕੇ ਵੱਖ-ਵੱਖ 157 ਵਿਕਾਸ ਕਾਰਜ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਅਰਬਨ ਇਨਵਾਇਰਮੈਂਟ ਇੰਪਰੂਵਮੈਂਟ ਪ੍ਰੋਗਰਾਮ ਦੇ ਪਹਿਲੇ ਫੇਜ ਤਹਿਤ ਕਰੀਬ 95 ਲੱਖ ਨਾਲ 15 ਵਿਕਾਸ ਕਾਰਜ ਹੋਏ ਹਨ। ਇਸ ਤੋਂ ਇਲਾਵਾ ਇਸ ਸਾਲ ਪੰਜਾਬ ਅਰਬਨ ਇਨਵਾਇਰਮੈਂਟ ਇੰਪਰੂਵਮੈਂਟ ਪ੍ਰੋਗਰਾਮ ਦੇ ਦੂਜੇ ਫੇਜ ਤਹਿਤ 12 ਕਰੋੜ ਰੁਪਏ ਦੀ ਲਾਗਤ ਨਾਲ 58 ਵੱਖ-ਵੱਖ ਵਿਕਾਸ ਕਾਰਜ ਕੀਤੇ ਜਾ ਰਹੇ ਹਨ।

140 ਕਰੋੜੀ ਅਮੁਰਤ ਯੋਜਨਾ ਬਟਾਲਾ ਲਈ ਵਰਦਾਨ ਬਣੀ

ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 140 ਕਰੋੜ ਰੁਪਏ ਦੀ ਲਾਗਤ ਨਾਲ ਬਟਾਲਾ ਸ਼ਹਿਰ ਦੇ ਹਰ ਘਰ ਨੂੰ ਜਲ ਸਪਲਾਈ ਅਤੇ ਸੀਵਰੇਜ ਨਾਲ ਜੋੜਨ ਦੇ ਪ੍ਰੋਜੈਕਟ ਉੱਪਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਜਿਹੜੇ ਇਲਾਕਿਆਂ ਵਿੱਚ ਸੀਵਰੇਜ ਨਹੀਂ ਸੀ ਓਥੇ ਸੀਵਰੇਜ ਤੇ ਜਲ ਸਪਲਾਈ ਦੀਆਂ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਸ਼ੁਰੂ ਹੋਏ ਅਮੁਰਤ ਯੋਜਨਾ ਦੇ ਪ੍ਰੋਜੈਕਟ ਨੇ ਲੋਕਾਂ ਦੀ ਦਹਾਕਿਆਂ ਪੁਰਾਣੀ ਮੁਸ਼ਕਲ ਦਾ ਹੱਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮੁਰਤ ਯੋਜਨਾ ਤਹਿਤ ਸ਼ਹਿਰੋਂ ਬਾਹਰਵਾਰ ਸੀਵਰੇਜ ਟਰੀਟਮੈਂਟ ਪਲਾਂਟ ਵੀ ਲਗਾਇਆ ਜਾਵੇਗਾ।

3 ਨਵੇਂ ਪੁੱਲਾਂ ਦੀ ਉਸਾਰੀ ਟਰੈਫਿਕ ਸਮੱਸਿਆ ਦਾ ਹੱਲ ਕਰੇਗੀ

ਕੈਬਨਿਟ ਮੰਤਰੀ ਸ. ਬਾਜਵਾ ਨੇ ਦੱਸਿਆ ਕਿ ਸਾਲ 2020 ਦੌਰਾਨ ਬਟਾਲਾ ਸ਼ਹਿਰ ਵਿੱਚਲੇ ਹੰਸਲੀ ਨਾਲੇ ਉੱਪਰ ਤਿੰਨ ਨਵੇਂ ਪੁੱਲ ਬਣਾ ਕੇ ਪੰਜਾਬ ਸਰਕਾਰ ਨੇ ਇੱਕ ਹੋਰ ਵੱਡਾ ਮਾਅਰਕਾ ਮਾਰਿਆ ਹੈ। ਇਨ੍ਹਾਂ ਤਿੰਨਾਂ ਪੁੱਲਾਂ ਦੀ ਉਸਾਰੀ ਉੱਪਰ ਰਾਜ ਸਰਕਾਰ ਵੱਲੋਂ 720 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਸ. ਬਾਜਵਾ ਨੇ ਕਿਹਾ ਕਿ ਇਸ ਸਾਲ ਸੰਤ ਫਰਾਂਸਿਸ ਸਕੂਲ ਨੇੜਲਾ ਪੁੱਲ ਬਣ ਕੇ ਤਿਆਰ ਹੋ ਗਿਆ ਹੈ ਅਤੇ ਇਸਨੂੰ ਆਵਾਜਾਈ ਲਈ ਖੋਲ ਦਿੱਤਾ ਗਿਆ ਹੈ, ਜਦਕਿ ਸਿਟੀ ਰੋਡ ਵਾਲਾ ਪੁੱਲ ਵੀ ਬਣ ਕੇ ਤਿਆਰ ਹੈ ਅਤੇ ਉਸਨੂੰ ਆਉਂਦੇ ਕੁਝ ਦਿਨਾਂ ਵਿੱਚ ਲੋਕ ਅਰਪਣ ਕਰ ਦਿੱਤਾ ਜਾਵੇਗਾ। ਸ. ਬਾਜਵਾ ਨੇ ਕਿਹਾ ਕਿ ਜਲੰਧਰ ਰੋਡ ਵਾਲੇ ਪੁੱਲ ਉੱਪਰ ਵੀ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਅਤੇ ਇਹ ਪੁੱਲ ਵੀ ਫਰਵਰੀ ਦੇ ਅਖੀਰ ਤੱਕ ਮੁਕੰਮਲ ਹੋਣ ਦੀ ਆਸ ਹੈ। ਉਨ੍ਹਾਂ ਕਿਹਾ ਇਨ੍ਹਾਂ ਤਿੰਨਾਂ ਪੁੱਲਾਂ ਦੇ ਨਾਲ ਸ਼ਹਿਰ ਦੀ ਟਰੈਫਿਕ ਸਮੱਸਿਆ ਦਾ ਹੱਲ ਹੋ ਸਕੇਗਾ। ਸ. ਬਾਜਵਾ ਨੇ ਕਿਹਾ ਕਿ ਕਾਹਨੂੰਵਾਨ-ਜਲੰਧਰ ਰੋਡ ਨੂੰ ਜੋੜਨ ਲਈ ਇੱਕ ਹੋਰ ਪੁੱਲ ਬਣਾਉਣ ਦੀ ਯੋਜਨਾ ਵੀ ਹੈ।

ਕੈਬਨਿਟ ਵਜ਼ੀਰ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਭਾਂਵੇ ਸਾਲ 2020 ਕੋਰਨਾ ਮਹਾਂਮਾਰੀ ਦੇ ਚੱਲਦਿਆਂ ਚੁਣੌਤੀਆਂ ਭਰਿਆ ਸਾਲ ਰਿਹਾ ਹੈ ਪਰ ਇਸਦੇ ਬਾਵਜੂਦ ਵੀ ਸਰਕਾਰ ਨੇ ਬਟਾਲਾ ਸ਼ਹਿਰ ਦਾ ਵਿਕਾਸ ਰੁਕਣ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜ ਅਗਲੇ ਸਾਲ ਵੀ ਜਾਰੀ ਰਹਿਣਗੇ ਅਤੇ ਵਿਕਾਸ ਪੱਖੋਂ ਬਟਾਲਾ ਨੂੰ ਸੂਬੇ ਦਾ ਮੋਹਰੀ ਸ਼ਹਿਰ ਬਣਾਇਆ ਜਾਵੇਗਾ।

Leave a Reply

Your email address will not be published. Required fields are marked *