ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਟੀ.ਐੱਸ.ਸੈਂਟਰਲ ਸਟੇਟ ਲਾਇਬ੍ਰੇਰੀ ਸੈਕਟਰ 17 ਚੰਡੀਗੜ੍ਹ ਵਿਖੇ ਕੁਲਵਿੰਦਰ ਕੌਰ ਕਿੰਦਰ ਦੀ ਕਵਿਤਾਵਾਂ ਦੀ ਪੁਸਤਕ ‘ਮੋਹ ਦੀਆਂ ਤੰਦਾਂ ‘ ਲੋਕ ਅਰਪਣ ਕੀਤੀ ਗਈ ।
ਸਭ ਤੋਂ ਪਹਿਲਾਂ ਸੰਸਥਾ ਦੇ ਪ੍ਰਧਾਨ ਸ. ਗੁਰਦਰਸ਼ਨ ਸਿੰਘ ਮਾਵੀ ਨੇ ਪ੍ਰੋਗਰਾਮ ਦੀ ਰੂਪ-ਰੇਖਾ ਅਤੇ ਕੇਂਦਰ ਦੀਆਂ ਹੋਰ ਗਤੀਵਿਧੀਆਂ ਬਾਰੇ ਚਾਨਣਾ ਪਾਇਆ । ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਵਿਦਵਾਨ ਡਾ. ਜਲੌਰ ਸਿੰਘ ਖੀਵਾ ਜੀ ਨੇ ਕੀਤੀ ।
ਪ੍ਰਧਾਨਗੀ ਭਾਸ਼ਣ ਵਿੱਚ ਇਹਨਾਂ ਨੇ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਹਿਤ ਇੱਕ ਅਗੰਮੀ ਵੇਗ ਹੈ ਅਤੇ ਕਵਿਤਾ ਸਾਡੇ ਅੰਦਰ ਹੀ ਮੌਜੂਦ ਹੁੰਦੀ ਹੈ । ਪਰਚਾ ਪੜਦਿਆਂ ਬਲਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਕਿਤਾਬ ਦਾ ਸਿਰਲੇਖ ਕਵਿਤਾਵਾਂ ਨਾਲ ਮੇਲ ਖਾਂਦਾ ਹੈ । ਉਹਨਾਂ ਕਿਹਾ ਕਿ ਜੇ ਕਵਿਤਾ ਵਿਚੋਂ ਜ਼ਜ਼ਬਾਤ ਤੇ ਮੁਹੱਬਤ ਨੂੰ ਮਨਫੀ ਕਰ ਦਿੱਤਾ ਜਾਵੇ ਤਾਂ ਉਹ ਕਵਿਤਾ ਨਹੀਂ ਬਣ ਸਕਦੀ ।
ਗੁਰਮੇਲ ਸਿੰਘ ਮੌਜੋਵਾਲ ਨੇ ਕਿਤਾਬ ਦਾ ਵਿਸ਼ਲੇਸ਼ਣ ਕਰਦੇ ਹੋਏ ਕਿਹਾ ਕਿ ਲੇਖਕਾ ਦੀਆਂ ਕਵਿਤਾਵਾਂ ਵਿੱਚ ਪ੍ਰੇਮ ਰਸ ਭਾਰੂ ਹੈ । ਨਾਲ ਇਹ ਵੀ ਕਿਹਾ ਕਿ ਜਿੰਨਾ ਅਸੀਂ ਸਾਹਿਤ ਪੜਾਂਗੇ ਉਨਾ ਹੀ ਵਧੀਆ ਲਿਖ ਸਕਾਂਗੇ । ਪਰਮਜੀਤ ਕੌਰ ਪਰਮ ਨੇ ਕਿਤਾਬ ਬਾਰੇ ਚਰਚਾ ਕਰਦੇ ਹੋਏ ਆਖਿਆ ਕਿ ਕਵਿਤਾ ਇੱਕ ਪਿਆਰਾ ਜਿਹਾ ਅਹਿਸਾਸ ਹੈ ਜਿਸ ਵਿੱਚ ਮੋਹ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਕਿਹਾ ਕਿ ਸ਼ਬਦਾਂ ਨੂੰ ਕਵਿਤਾ ਦੇ ਰੂਪ ਵਿੱਚ ਪਰੋਣ ਵਿੱਚ ਲੇਖਕਾ ਨੂੰ ਮੁਹਾਰਤ ਹਾਸਲ ਹੈ।
ਰਜਿੰਦਰ ਸਿੰਘ ਧੀਮਾਨ ਨੇ ਕਿਹਾ ਕਿ ਕਵਿਤਾ ਲਿਖਣਾ ਕੋਈ ਸੌਖਾ ਨਹੀਂ । ਇਸ ਨੂੰ ਲਿਖਣ ਲਈ ਜ਼ਜ਼ਬਾਤ ਅਤੇ ਹਿੰਮਤ ਦਾ ਹੋਣਾ ਬਹੁਤ ਜ਼ਰੂਰੀ ਹੈ। ਡਾ. ਅਵਤਾਰ ਸਿੰਘ ਪਤੰਗ ਨੇ ਬੋਲਦਿਆਂ ਆਖਿਆ ਕਿ ਜ਼ਿੰਦਗੀ ਵਿੱਚ ਸੰਪੂਰਨਤਾ ਹੋਣੀ ਲਾਜ਼ਮੀ ਹੈ ਅਤੇ ਕਿਹਾ ਕਿ ਕਵਿਤਾ ਉਹ ਹੁੰਦੀ ਹੈ ਜਿਹੜੀ ਮਨੁੱਖ ਦੇ ਮਨ ਨੂੰ ਝੰਜੋੜ ਕੇ ਰੱਖ ਦੇਵੇ ।
ਭਰਪੂਰ ਸਿੰਘ, ਲਾਭ ਸਿੰਘ ਲਹਿਲੀ,ਰਤਨ ਬਾਬਕਵਾਲਾ ਅਤੇ ਪਰਲਾਦ ਸਿੰਘ ਨੇ ਕਿਤਾਬ ਵਿੱਚੋਂ ਬਹੁਤ ਖੂਬਸੂਰਤ ਰਚਨਾਵਾਂ ਸਰੋਤਿਆਂ ਦੇ ਸਨਮੁੱਖ ਕੀਤੀਆਂ । ਹਰਭਜਨ ਕੌਰ ਢਿੱਲੋਂ ਅਤੇ
ਦਵਿੰਦਰ ਕੌਰ ਢਿੱਲੋਂ ਨੇ ਗੀਤਾਂ ਰਾਹੀ ਆਪਣੀ ਹਾਜ਼ਰੀ ਲਵਾਈ ।ਲੇਖਕਾ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਜਾਣੂੰ ਕਰਵਾਇਆ । ਪੁਸਤਕ ਲਿਖਣ ਤੋਂ ਲੈ ਕੇ ਛਪਵਾਉਣ ਤੱਕ ਆਪਣੇ ਤਜਰਬੇ ਸਾਂਝੇ ਕਰਨ ਦੇ ਨਾਲ ਨਾਲ ਨਾਲ ਆਪਣੀਆਂ ਪਸੰਦੀਦਾ ਦੀਆਂ ਕਵਿਤਾਵਾਂ ਵੀ ਸੁਣਾਈਆਂ । ਮੰਚ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬਾਖੂਬੀ ਨਿਭਾਇਆ ।
ਅੰਤ ਵਿੱਚ ਸੰਸਥਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਲੇਖਕਾ ਦਾ ਬੇਟਾ ਸੁੱਖਕੀਰਤ ਸਿੰਘ ,ਜਗਤਾਰ ਜੋਗ,ਮੰਦਰ ਗਿੱਲ ਸਾਹਬਚੰਦੀਆ,ਸੁਰਿੰਦਰ ਕੁਮਾਰ,ਚਰਨਜੀਤ ਕੌਰ ਬਾਠ,ਸੁਭਾਸ਼ ਚੰਦਰ ,ਵੈਸ਼ਾਲੀ,ਸ਼ਾਲੂ ਸ਼ੇਰਾਵਤ,ਕਰਨੈਲ ਸਿੰਘ,ਬਲਜੀਤ ਬੈਂਸ,ਬਲਜੀਤ ਕੌਰ ਬੁੱਟਰ ਢਿੱਲੋਂ ,ਸਰਬਜੀਤ ਸਿੰਘ ਪੱਡਾ,ਸੀਨੀਅਰ ਪੱਤਰਕਾਰ ਸ. ਅਜਾਇਬ ਸਿੰਘ ਔਜਲਾ,ਪਿਆਰਾ ਸਿੰਘ ਰਾਹੀ,ਮਲਕੀਤ ਸਿੰਘ ਨਾਗਰਾ,ਸੁਖਵਿੰਦਰ ਸਿੰਘ,ਸੁਖਜੀਤ ਸਿੰਘ ਅਤੇ ਸਵਰਨਜੀਤ ਸਿੰਘ ਜੀਤ ਵੀ ਹਾਜ਼ਰ ਸਨ।








