ਜਥੇਦਾਰ ਸੇਵਾ ਸਿੰਘ ਸੇਖਵਾਂ ਦੀ ਤੀਸਰੀ ਬਰਸੀ ਸ਼ਰਧਾ-ਭਾਵਨਾ ਨਾਲ ਮਨਾਈ
ਕੈਬਨਿਟ ਮੰਤਰੀ ਮਹਿੰਦਰ ਭਗਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਸਵਰਗੀ ਜਥੇਦਾਰ ਸੇਵਾ ਸਿੰਘ ਸੇਖਵਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ
ਦਰਵੇਸ ਸਿਆਸਤਦਾਨ ਜਥੇਦਾਰ ਸੇਵਾ ਸਿੰਘ ਸੇਖਵਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦੇ ਸਰੋਤ ਰਹਿਣਗੇ – ਕੈਬਨਿਟ ਮੰਤਰੀ ਮਹਿੰਦਰ ਭਗਤ
ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਆਗੂ ਸਾਹਿਬਾਨ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ
ਸੇਖਵਾਂ (ਬਟਾਲਾ), 7 ਅਕਤੂਬਰ (IPT BUREAU ) – ਦਰਵੇਸ ਸਿਆਸਤਦਾਨ ਸਵਰਗੀ ਜਥੇਦਾਰ ਸੇਵਾ ਸਿੰਘ ਸੇਖਵਾਂ ਦੀ ਤੀਸਰੀ ਬਰਸੀ ਅੱਜ ਉਨ੍ਹਾਂ ਦੇ ਪਿੰਡ ਸੇਖਵਾਂ ਵਿਖੇ ਪੂਰੀ ਸ਼ਰਧਾ-ਭਾਵਨਾ ਨਾਲ ਮਨਾਈ ਗਈ। ਪਿੰਡ ਸੇਖਵਾਂ ਵਿਖੇ ਕਰਵਾਏ ਗਏ ਬਰਸੀ ਸਮਾਗਮ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਮਹਿੰਦਰ ਭਗਤ ਸਮੇਤ ਵੱਡੀ ਗਿਣਤੀ ਵਿੱਚ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸਵਰਗੀ ਜਥੇਦਾਰ ਸੇਵਾ ਸਿੰਘ ਸੇਖਵਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਕੇ ਕੀਰਤਨੀ ਜਥੈ ਵੱਲੋਂ ਇਲਾਹੀ ਬਾਣੀ ਦਾ ਗਾਇਨ ਕੀਤਾ ਗਿਆ।
ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਹੋਣਹਾਰ ਸਪੁੱਤਰ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅੇਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਬਰਸੀ ਸਮਾਗਮ ਵਿੱਚ ਪਹੁੰਚੇ ਆਗੂਆਂ ਅਤੇ ਸੰਗਤ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਅੇਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਹਮੇਸ਼ਾਂ ਅਸੂਲਾਂ ਦੀ ਰਾਜਨੀਤੀ ਕੀਤੀ ਸੀ। ਉਨ੍ਹਾਂ ਕਿਹਾ ਕਿ ਜਥੇਦਾਰ ਸੇਖਵਾਂ ਪੰਥ ਪ੍ਰਸਤ ਸਨ ਅਤੇ ਉਨ੍ਹਾਂ ਨੇ ਹਮੇਸ਼ਾਂ ਹੀ ਪੰਥਕ ਰਿਵਾਇਤਾਂ ਨੂੰ ਪਹਿਲ ਦਿੱਤੀ ਸੀ। ਉਨ੍ਹਾਂ ਕਿਹਾ ਕਿ ਜਥੇਦਾਰ ਉਜਾਗਰ ਸਿੰਘ ਸੇਖਵਾਂ ਦੀ ਵਿਰਾਸਤ ਨੂੰ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਬਾਖੂਬੀ ਨਿਭਾਇਆ ਅਤੇ ਕੈਬਨਿਟ ਵਜ਼ੀਰ ਦੇ ਅਹੁਦੇ ਉੱਪਰ ਰਹਿ ਕੇ ਉਨ੍ਹਾਂ ਨੇ ਪੂਰੀ ਇਮਾਨਦਾਰੀ ਨਾਲ ਸੂਬਾ ਪੰਜਾਬ ਦੀ ਸੇਵਾ ਕੀਤੀ। ਅੇਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਉਹ ਆਪਣੇ ਪਿਤਾ ਜੀ ਦੇ ਨਕਸ਼ੇ ਕਦਮ ਉੱਪਰ ਚੱਲਣ ਦੀ ਪੂਰੀ ਕੋਸ਼ਿਸ਼ ਕਰਨਗੇ।
ਇਸ ਮੌਕੇ ਜਥੇਦਾਰ ਸੇਵਾ ਸਿੰਘ ਸੇਖਵਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਮਹਿੰਦਰ ਭਗਤ ਨੇ ਕਿਹਾ ਕਿ ਜਥੇਦਾਰ ਸੇਵਾ ਸਿੰਘ ਸੇਖਵਾਂ ਉਹ ਦਰਵੇਸ ਸਿਆਸਤਦਾਨ ਸਨ ਜਿਨ੍ਹਾਂ ਤੋਂ ਆਉਣ ਵਾਲੀਆਂ ਪੀੜ੍ਹੀਆਂ ਵੀ ਪ੍ਰੇਰਨਾ ਲੈਂਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿੱਚ ਜਥੇਦਾਰ ਸੇਵਾ ਸਿੰਘ ਸੇਖਵਾਂ ਦਾ ਨਾਮ ਪੂਰੇ ਸਤਿਕਾਰ ਨਾਲ ਲਿਆ ਜਾਂਦਾ ਹੈ ਅਤੇ ਵਿਰੋਧੀ ਵੀ ਉਨ੍ਹਾਂ ਦੀ ਇਮਾਨਦਾਰੀ ਦੇ ਕਾਇਲ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਸੇਵਾ ਸਿੰਘ ਸੇਖਵਾਂ ਦਾ ਹੋਣਹਾਰ ਸਪੁੱਤਰ ਜਗਰੂਪ ਸਿੰਘ ਸੇਖਵਾਂ ਉਨ੍ਹਾਂ ਦੀ ਵਿਰਾਸਤ ਨੂੰ ਬਾਖੂਬੀ ਅੱਗੇ ਵਧਾ ਰਿਹਾ ਹੈ ਅਤੇ ਇਸ ਨੌਜਵਾਨ ਤੋਂ ਪੰਜਾਬ ਨੂੰ ਵੱਡੀਆਂ ਆਸਾਂ ਹਨ।
ਇਸ ਮੌਕੇ ਬਲਦੇਵ ਸਿੰਘ ਨਿਮਾਣਾ, ਚੇਅਰਮੈਨ ਜਸਪਾਲ ਸਿੰਘ , ਮੋਹਣ ਸਿੰਘ, ਰਾਮ ਸਿੰਘ, ਸੁਖਪਾਲ ਸਿੰਘ ਅੋਲਖ, ਸੁਖਜਿੰਦਰ ਸਿੰਘ ਘੁੰਮਣ, ਗੁਰਸ਼ਰਨ ਸਿੰਘ ਔਲਖ, ਰਵਿੰਦਰ ਸਿੰਘ ਅਵਾਣ, ਕੇਵਲ ਸਿੰਘ ਜੱਫਰਵਾਲ, ਜਗਜੀਵਨ ਸਿੰਘ ਜੱਫਰਵਾਲ, ਅਮੋਲਕ ਸਿੰਘ ਸੇਖਵਾਂ, ਹਰਜਿੰਦਰ ਸਿੰਘ, ਹੈਪੀ ਕੋਟ ਸੰਤੋਖ ਰਾਏ, ਚੰਨਣ ਸਿੰਘ ਖਾਲਸਾ, ਮਨਮੋਹਨ ਸਿੰਘ ਪੱਖੋਕੇ, ਅਮਰਜੀਤ ਸਿੰਘ ਸੇਖਵਾਂ, ਸੁਖਦੇਵ ਸਿੰਘ ਜੌਹਲ, ਮਨਿੰਦਰ ਸਿੰਘ ਘੁੰਮਣ, ਬਲਬੀਰ ਸਿੰਘ ਧਾਵੇ, ਗੁਰਨਾਮ ਸਿੰਘ ਆਲੋਵਾਲ, ਪ੍ਰਤਾਪ ਸਿੰਘ ਸੇਖਵਾਂ, ਬਲਜੀਤ ਸਿੰਘ ਅੋਜਲਾ, ਕਰਨਲ ਜਗਜੀਤ ਸਿੰਘ ਸਾਹੀ, ਸੁਖਪਾਲ ਸਿੰਘ ਸੇਖਵਾਂ ਨੇ ਵੀ ਸਵਰਗੀ ਜਥੇਦਾਰ ਸੇਵਾ ਸਿੰਘ ਸੇਖਵਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।





