*ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਮੌਕੇ ਸਜਾਏ ਮਹਾਨ ਕਵੀ ਦਰਬਾਰਾਂ ਵਿੱਚ ਡਾ ਹਰੀ ਸਿੰਘ ਜਾਚਕ ਦੀ ਸ਼ਮੂਲੀਅਤ ਅਤੇ ਸਿੰਘ ਸਾਹਿਬਾਨ ਵਲੋਂ ਸਨਮਾਨ
*
ਸਾਬੋ ਕੀ ਤਲਵੰਡੀ (IPT BUREAU) ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿੱਚ ਵਿਸ਼ੇਸ਼ ਸਮਾਗਮ ਕੀਤੇ ਗਏ। ਇਸ ਮੌਕੇ ਸਜਾਏ ਮਹਾਨ ਕਵੀ ਦਰਬਾਰਾਂ ਵਿੱਚ ਹੋਰ ਕਵੀ ਸਾਹਿਬਾਨ ਨਾਲ ਡਾ ਹਰੀ ਸਿੰਘ ਜਾਚਕ ਨੇ ਸ਼ਮੂਲੀਅਤ ਕੀਤੀ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਲੋਂ ਸਨਮਾਨਿਤ ਕੀਤਾ ਗਿਆ।

13 ਅਪਰੈਲ ਰਾਤ 8 ਵਜੇ ਤੋਂ ਲੈ ਕੇ 10.30 ਵਜੇ ਤੱਕ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਮਹਾਨ ਕਵੀ ਦਰਬਾਰ ਹੋਇਆ। ਜਿਸ ਵਿੱਚ ਪ੍ਰਸਿੱਧ ਪੰਥਕ ਕਵੀ ਸਾਹਿਬਾਨ ਡਾ ਹਰੀ ਸਿੰਘ ਜਾਚਕ ਲੁਧਿਆਣਾ, ਜਥੇਦਾਰ ਬਲਬੀਰ ਸਿੰਘ ਬਲ ਮੁਰਿੰਡਾ,ਇੰਜ ਕਰਮਜੀਤ ਸਿੰਘ ਨੂਰ, ਸਰਦਾਰ ਰਛਪਾਲ ਸਿੰਘ ਪਾਲ ਅਤੇ ਸਰਦਾਰ ਅਵਤਾਰ ਸਿੰਘ ਤਾਰੀ ਅੰਮ੍ਰਿਤਸਰ ਅਤੇ ਸੁਖਵਿੰਦਰ ਸਿੰਘ ਰਟੌਲ ਨੇ ਸ਼ਮੂਲੀਅਤ ਕੀਤੀ ਅਤੇ ਲੱਖਾਂ ਦੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਅਤੇ ਪਤਵੰਤੇ ਸੱਜਣਾਂ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਕਵਿਤਾਵਾਂ ਸੁਣਾ ਕੇ ਨਿਹਾਲ ਕੀਤਾ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ,ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਤਖਤ ਸ੍ਰੀ ਦਮਦਮਾ ਸਾਹਿਬ ਜੀ ਨੇ ਸਾਰੇ ਕਵੀਆਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ। ਸਰਦਾਰ ਅਮਰਜੀਤ ਸਿੰਘ ਨੇ ਅਕਾਲ ਟੀ ਵੀ ਚੈਨਲ ਰਾਹੀਂ ਸਾਰਾ ਕਵੀ ਦਰਬਾਰ ਲਾਈਵ ਕੀਤਾ।

ਇਸੇ ਤਰ੍ਹਾਂ ਹੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ 14 ਅਪ੍ਰੈਲ ਨੂੰ ਹੋਰਨਾਂ ਸਮਾਗਮਾਂ ਦੇ ਨਾਲ ਦੁਪਹਿਰ 2.30 ਤੋਂ 5 ਵਜੇ ਤੱਕ ਕਵੀ ਦਰਬਾਰ ਹੋਇਆ ਜਿਸ ਵਿੱਚ ਡਾ ਹਰੀ ਸਿੰਘ ਜਾਚਕ, ਇੰਜ ਕਰਮਜੀਤ ਸਿੰਘ ਨੂਰ, ਅਵਤਾਰ ਸਿੰਘ ਤਾਰੀ, ਲਖਵਿੰਦਰ ਸਿੰਘ ਲੱਖਾ, ਜਤਿੰਦਰ ਕੌਰ ਅਨੰਦਪੁਰ ਸਾਹਿਬ, ਕੁਲਵੰਤ ਸਿੰਘ ਰਫੀਕ,ਬਲਵੰਤ ਸਿੰਘ ਰਹਿਲ,ਕੰਵਲਜੀਤ ਕੌਰ,ਗੁਰਜੀਤ ਕੌਰ, ਨਿਰਵੈਰ ਸਿੰਘ ਅਰਸ਼ੀ ਅਤੇ ਜੋਗਿੰਦਰ ਸਿੰਘ ਕੰਗ ਨੇ ਕਵੀ ਦਰਬਾਰ ਵਿੱਚ ਸ਼ਮੂਲੀਅਤ ਕੀਤੀ। ਸੰਗਤਾਂ ਦੇ ਠਾਠਾਂ ਮਾਰਦੇ ਸਮੁੰਦਰ ਨੇ ਕਵਿਤਾਵਾਂ ਦਾ ਅਨੰਦ ਮਾਣਿਆ। ਸੁਖਵਿੰਦਰ ਸਿੰਘ ਸਾਗਰ ਨੇ ਸੰਗੀਤ ਵਿਰਾਸਤ ਚੈਨਲ ਰਾਹੀਂ ਕਵੀ ਦਰਬਾਰ ਲਾਈਵ ਕੀਤਾ।ਸਟੇਜ ਦੀ ਸੇਵਾ ਡਾਕਟਰ ਹਰੀ ਸਿੰਘ ਜਾਚਕ ਨੇ ਬਾਖੂਬੀ ਨਿਭਾਈ।

ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੇ ਕਵੀ ਸਾਹਿਬਾਨ ਨੂੰ ਸਨਮਾਨਿਤ ਕੀਤਾ।

