ਕਵਿਤਾ
ਸੁਣ ਸੱਜਣਾ ਮੇਰੇ ਸੋਹਣਿਆ ਵੇ
ਐਵੇਂ ਨਾ ਦਿਲ ਤੜਪਾਇਆ ਕਰ
ਕਦੀ ਸੋਹਣੇ ਸੋਹਣੇ ਬਾਗਾਂ ਵਿੱਚ
ਤੂੰ ਘੁੰਮਣ ਘੁੰਮਾਉਣ ਵੀ ਜਾਇਆ ਕਰ
ਦੇਖ ਰੰਗ ਬਿਰੰਗੇ ਫੁੱਲਾਂ ਨੂੰ
ਮਨ ਆਪਣੇ ਨੂੰ ਮਹਿਕਾਇਆ ਕਰ
ਇਸ ਪਿਆਰਾਂ ਭਰੇ ਸਮੁੰਦਰ ਵਿੱਚ
ਜੀ ਭਰ ਕੇ ਗੋਤੇ ਲਾਇਆ ਕਰ
ਤੇਰੇ ਮੁੱਖ ਤੇ ਹਾਸੇ ਫੱਬਦੇ ਨੇ
ਨਾ ਗੁੱਸੇ ਦੇ ਵਿੱਚ ਆਇਆ ਕਰ
ਇਹਨਾਂ ਰੋਸਿਆਂ ਵਿੱਚ ਦੱਸ ਕੀ ਰੱਖਿਆ
ਬਸ ਹੱਸ ਕੇ ਵਕਤ ਲੰਘਾਇਆ ਕਰ
ਦੁੱਖ ਸੁੱਖ ਤਾਂ ਆਉਂਦੇ ਰਹਿਣੇ ਨੇ
ਨਾ ਇਹਨਾਂ ਤੋਂ ਘਬਰਾਇਆ ਕਰ
ਇਸ ਜਿੰਦ ਦਾ ਕੀ ਭਰੋਸਾ ਹੀਰੇ
ਨਾ ਫਿਕਰ ਚ ਜਾਨ ਸੁਕਾਇਆ ਕਰ
ਜਦ ਘੜੀ ਉਦਾਸੀ ਦੀ ਆ ਜਾਵੇ
‘ਢਿੱਲੋ’ ਨੂੰ ਮੀਤ ਬਣਾਇਆ ਕਰ

ਲੇਖਕ ਦਵਿੰਦਰ ਕੌਰ ਢਿੱਲੋ
Adv.

