ਬਟਾਲਾ, 3 ਮਈ ( ਅਮਰੀਕ ਮਠਾਰੂ) – ਸਾਬਕਾ ਸੰਸਦੀ ਸਕੱਤਰ ਅਤੇ ਬਟਾਲਾ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹੇ ਸ੍ਰੀ ਜਗਦੀਸ਼ ਰਾਜ ਦਾ ਅੱਜ ਸਥਾਨਕ ਪੁਰੀਆਂ ਸਮਸ਼ਾਨਘਾਟ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਸ੍ਰੀ ਸਾਹਨੀ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਅਤੇ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਹ ਇਲਾਜ ਅਧੀਨ ਸਨ ਜਿਥੇ ਉਨ੍ਹਾਂ ਕੱਲ ਬਾਅਦ ਦੁਪਿਹਰ ਆਪਣੇ ਅੰਤਮ ਸਵਾਸ ਲਏ।
ਬਟਾਲਾ ਵਾਸੀਆਂ ਨੇ ਨਮ ਅੱਖਾਂ ਨਾਲ ਆਪਣੇ ਹਰਮਨ ਪਿਆਰੇ ਆਗੂ ਨੂੰ ਅੰਤਿਮ ਵਿਦਾਇਗੀ ਦਿੱਤੀ ਅਤੇ ਸਥਾਨਕ ਪੁਰੀਆਂ ਸਮਸ਼ਾਨਘਾਟ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਸ੍ਰੀ ਸਾਹਨੀ ਦਾ ਅੰਤਿਮ ਸਸਕਾਰ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ, ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਨੇ ਮ੍ਰਿਤਕ ਦੇਹ ’ਤੇ ਫੁੱਲ ਮਲਾਵਾਂ ਚੜਾਈਆਂ। ਇਸ ਉਪਰੰਤ ਪੰਜਾਬ ਪੁਲਿਸ ਦੇ ਜਵਾਨਾ ਨੇ ਮਾਤਮੀ ਧੁੰਨ ਵਜਾ ਕੇ ਅਤੇ ਹਥਿਆਰ ਉੱਲਟੇ ਕਰਕੇ ਵਿੱਛੜੀ ਰੂਹ ਨੂੰ ਸਰਧਾਂਜਲੀ ਭੇਟ ਕੀਤੀ। ਚਿਖਾ ਨੂੰ ਅਗਨੀ ਦਿਖਾਉਣ ਦੀ ਰਸਮ ਉਨ੍ਹਾਂ ਦੇ ਦੋਹਤਰੇ ਅਸ਼ਵਨੀ ਖੰਨਾ ਨੇ ਨਿਭਾਈ।
ਇਸ ਮੌਕੇ ਦੂਰ-ਨੇੜੇ ਤੋਂ ਆਏ ਸਨੇਹੀਆਂ ਨੇ ਸ੍ਰੀ ਜਗਦੀਸ਼ ਰਾਜ ਸਾਹਨੀ ਦੀ ਧੀਆਂ ਸ੍ਰੀਮਤੀ ਅੰਬਿਕਾ ਖੰਨਾ ਨਗਰ ਕੌਸ਼ਲ ਦੀ ਸਾਬਕਾ ਪ੍ਰਧਾਨ, ਅਰਪਣਾ ਮਹਿਤਾ ਅਤੇ ਆਮਲਾ ਸ਼ਰਮਾਂ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਇਸ ਮੌਕੇ ਮੇਅਰ ਨਗਰ ਨਿਗਮ ਬਟਾਲਾ ਸ. ਸੁਖਦੀਪ ਸਿੰਘ ਤੇਜਾ, ਸਾਬਕਾ ਮੰਤਰੀ ਸ. ਬਲਬੀਰ ਸਿੰਘ ਬਾਠ, ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ, ਚੇਅਰਮੈਨ ਕਸਤੂਰੀ ਲਾਲ ਸੇਠ, ਜਥੇਦਾਰ ਗੁਰਨਾਮ ਸਿੰਘ ਜੱਸਲ ਸ਼੍ਰੋਮਣੀ ਕਮੇਟੀ ਮੈਂਬਰ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਭਾਟੀਆ, ਸਾਬਕਾ ਪ੍ਰਧਾਨ ਨਰੇਸ਼ ਮਹਾਜਨ, ਸੁਖਬੀਰ ਸਿੰਘ ਵਾਹਲਾ, ਐੱਸ.ਐੱਮ.ਓ. ਡਾ. ਸੰਜੀਵ ਭੱਲਾ, ਕੌਂਸਲਰ ਹੀਰਾ ਵਾਲੀਆ, ਕੁਲਵਿੰਦਰ ਸਿੰਘ ਲਾਡੀ ਜੱਸਲ, ਸੁਰਿੰਦਰ ਛਿੰਦੀ ਅਤੇ ਸ਼ਹਿਰ ਦੇ ਹੋਰ ਪਤਵੰਤੇ ਹਾਜ਼ਰ ਸਨ।
Adv.


