ਖੇਡ ਮੰਤਰੀ ਰਾਣਾ ਸੋਢੀ ਤੇ ਵਿਧਾਇਕ ਲਾਡੀ ਨੇ ਹਰਪੁਰਾ ਧੰਦੋਈ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ

ਖੇਡ ਮੰਤਰੀ ਰਾਣਾ ਸੋਢੀ ਤੇ ਵਿਧਾਇਕ ਲਾਡੀ ਨੇ ਹਰਪੁਰਾ ਧੰਦੋਈ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ

ਪ੍ਰਵਾਸੀ ਭਾਰਤੀ ਅਮਰਬੀਰ ਸਿੰਘ ਘੁਮਾਣ ਅਤੇ ਹਰਸ਼ਰਨ ਸਿੰਘ ਵੱਲੋਂ ਸਟੇਡੀਅਮ ਦੀ ਉਸਾਰੀ ਵਿੱਚ 1 ਕਰੋੜ ਰੁਪਏ ਦਾ ਯੋਗਦਾਨ ਪਾਇਆ ਜਾਵੇਗਾ

ਸ੍ਰੀ ਹਰਗੋਬਿੰਦਪੁਰ ਅਤੇ ਘੁਮਾਣ ਵਿੱਚ ਵੀ ਬਣਾਏ ਜਾਣਗੇ ਆਧੁਨਿਕ ਖੇਡ ਸਟੇਡੀਅਮ – ਖੇਡ ਮੰਤਰੀ ਰਾਣਾ ਸੋਢੀ

ਬਟਾਲਾ, 23 ਅਪ੍ਰੈਲ ( ਅਮਰੀਕ ਮਠਾਰੂ ) – ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਬਾਰੇ ਕੈਬਨਿਟ ਮੰਤਰੀ ਸ. ਰਾਣਾ ਗੁਰਮੀਤ ਸਿੰਘ ਸੋਢੀ ਅਤੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਵੱਲੋਂ ਅੱਜ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਹਰਪੁਰਾ ਧੰਦੋਈ ਵਿਖੇ ਬਲਾਕ ਪੱਧਰੀ ਸ. ਹਰਭਜਨ ਸਿੰਘ ਘੁਮਾਣ, ਮੈਮੋਰੀਅਲ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ, ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ, ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ, ਐੱਸ.ਐੱਸ.ਐੱਸ. ਬੋਰਡ ਦੇ ਮੈਂਬਰ ਭੁਪਿੰਦਰਪਾਲ ਸਿੰਘ ਭਗਤੂਪੁਰ, ਪ੍ਰਵਾਸੀ ਭਾਰਤੀ ਅਮਰਬੀਰ ਸਿੰਘ ਘੁਮਾਣ, ਹਰਸ਼ਰਨ ਸਿੰਘ, ਪ੍ਰਿੰਸੀਪਲ ਵੀਰਪਾਲ ਕੌਰ, ਸੀਨੀਅਰ ਕਾਂਗਰਸੀ ਆਗੂ ਹਰਪਾਲ ਸਿੰਘ ਹਰਪੁਰਾ, ਸਕੂਲ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ, ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ, ਸੂਬਾ ਸਿੰਘ ਖੈਹਿਰਾ, ਪੱਪੂ ਕੰਡੀਲਾ ਅਤੇ ਹੋਰ ਮੋਹਤਬਰ ਇਲਾਕਾ ਨਿਵਾਸੀ ਵੀ ਮੌਜੂਦ ਸਨ।

ਖੇਡ ਸਟੇਡੀਅਮ ਦਾ ਉਦਘਾਟਨ ਕਰਨ ਤੋਂ ਬਾਅਦ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਖੇਡ ਮੰਤਰੀ ਸ. ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਹਰਪੁਰਾ ਧੰਦੋਈ ਵਿਖੇ ਬਣਨ ਵਾਲੇ ਇਸ ਬਲਾਕ ਪੱਧਰੀ ਖੇਡ ਸਟੇਡੀਅਮ ਦੇ ਨਿਰਮਾਣ ਉੱਪਰ 2.50 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਟੇਡੀਅਮ ਦੇ ਨਿਰਮਾਣ ਦੀ 2.50 ਕਰੋੜ ਰਾਸ਼ੀ ਵਿੱਚ 1 ਕਰੋੜ ਰੁਪਏ ਦੀ ਰਾਸ਼ੀ ਦਾ ਯਾਗਦਾਨ ਪ੍ਰਵਾਸੀ ਭਾਰਤੀ ਅਮਰਬੀਰ ਸਿੰਘ ਘੁਮਾਣ ਅਤੇ ਹਰਸ਼ਰਨ ਸਿੰਘ ਵੱਲੋਂ ਪਾਇਆ ਜਾਵੇਗਾ।

ਖੇਡ ਮੰਤਰੀ ਨੇ ਦੱਸਿਆ ਕਿ ਤਕਰੀਬਨ 10 ਏਕੜ ਰਕਬੇ ਵਿੱਚ ਬਣਨ ਵਾਲੇ ਇਸ ਸਟੇਡੀਅਮ ਵਿੱਚ ਫੁੱਟਬਾਲ ਗਰਾਊਂਡ, ਖੋ-ਖੋ ਕੋਰਟ, ਬਾਸਕਿਟ ਬਾਲ ਕੋਰਟ, ਵਾਲੀਬਾਲ ਗਰਾਊਂਡ, 200 ਮੀਟਰ ਅਥਲੈਟਿਕਸ ਟਰੈਕ, ਦਰਸ਼ਕਾਂ ਦੇ ਬੈਠਣ ਲਈ ਪਵੇਲੀਅਨ ਬਲਾਕ, ਲੜਕੇ ਤੇ ਲੜਕੀਆਂ ਲਈ ਚੇਂਜਿੰਗ ਰੂਮ ਅਤੇ ਲੜਕੇ-ਲੜਕੀਆਂ ਲਈ ਅਲੱਗ-ਅਲੱਗ ਬਾਥਰੂਮ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਹਰਪੁਰਾ ਧੰਦੋਈ ਸਟੇਡੀਅਮ ਵਿਖੇ ਇੱਕ ਰੈਸਲਿੰਗ ਵਿੰਗ ਖੋਲ੍ਹਿਆ ਜਾਵੇਗਾ। ਖੇਡ ਮੰਤਰੀ ਨੇ ਵਿਧਾਇਕ ਲਾਡੀ ਨੂੰ ਭਰੋਸਾ ਦਿੱਤਾ ਕਿ ਖੇਲੋ ਇੰਡੀਆ ਪ੍ਰੋਜੈਕਟ ਤਹਿਤ ਸ੍ਰੀ ਹਰਗੋਬਿੰਦਪੁਰ ਅਤੇ ਘੁਮਾਣ ਵਿਖੇ ਵੀ ਖੇਡ ਸਟੇਡੀਅਮ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਹਰਪੁਰਾ ਧੰਦੋਈ ਦੇ ਖੇਡ ਸਟੇਡੀਅਮ ਦਾ ਨਿਰਮਾਣ ਇਸੇ ਸਾਲ ਨਵੰਬਰ ਤੱਕ ਮੁਕੰਮਲ ਕਰ ਦਿੱਤਾ ਜਾਵੇਗਾ।

Adv.

ਖੇਡਾਂ ਅਤੇ ਯੁਵਕ ਸੇਵਾਵਾਂ ਬਾਰੇ ਕੈਬਨਿਟ ਮੰਤਰੀ ਸ. ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਸਰਕਾਰੀ ਨੌਂਕਰੀਆਂ ਵਿੱਚ ਖਿਡਾਰੀਆਂ ਦਾ 3 ਫੀਸਦੀ ਕੋਟਾ ਰਾਖਵਾਂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਭਾਰਤੀ ਹਾਕੀ ਟੀਮ ਵਿੱਚ 7 ਖਿਡਾਰੀ ਪੰਜਾਬ ਦੇ ਹਨ ਅਤੇ ਹੋਰ ਖੇਡਾਂ ਵਿੱਚ ਵੀ ਪੰਜਾਬ ਦੇ ਖਿਡਾਰੀ ਉਲੰਪਿਕ ਦੀ ਟਿਕਟ ਹਾਸਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜਾ ਖਿਡਾਰੀ ਉਲੰਪਿਕ ਖੇਡਾਂ ਵਿਚ ਸੋਨ ਤਗਮਾ ਹਾਸਲ ਕਰੇਗਾ ਪੰਜਾਬ ਸਰਕਾਰ ਵੱਲੋਂ ਉਸਨੂੰ 2.50 ਕਰੋੜ ਰੁਪਏ ਦਾ ਇਨਾਮ ਅਤੇ ਪੰਜਾਬ ਪੁਲਿਸ ਵਿੱਚ ਡੀ.ਐੱਸ.ਪੀ. ਦੇ ਅਹੁਦੇ ਨਾਲ ਨਿਵਾਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ ਹੈ।

Adv.

ਇਸ ਮੌਕੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਖੇਡ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰਪੁਰਾ ਧੰਦੋਈ ਵਿਖੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖ ਕੇ ਉਨ੍ਹਾਂ ਨੇ ਇਲਾਕੇ ਦੀ ਵੱਡੀ ਮੰਗ ਨੂੰ ਪੂਰਿਆਂ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹਲਕਾ ਸ੍ਰੀ ਹਰਗੋਬਿੰਦਪੁਰ ਵਿਚ ਰਿਕਾਰਡ ਵਿਕਾਸ ਕਾਰਜ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਘੁਮਾਣ ਵਿਖੇ ਸੀਵਰੇਜ ਤੇ ਵਾਟਰ ਸਪਲਾਈ, ਸ੍ਰੀ ਹਰਗੋਬਿੰਦਪੁਰ ਵਿਖੇ ਬੱਸ ਸਟੈਂਡ ਦੀ ਉਸਾਰੀ ਦੇ ਨਾਲ ਹਰ ਪਿੰਡ ਦਾ ਵਿਕਾਸ ਅਤੇ ਹਲਕੇ ਦੀਆਂ ਸੜਕਾਂ ਬਣਾਉਣ ਦੇ ਕੰਮ ਚੱਲ ਰਹੇ ਹਨ।

ਇਸ ਮੌਕੇ ਪ੍ਰਵਾਸੀ ਭਾਰਤੀ ਅਮਰਬੀਰ ਸਿੰਘ ਘੁਮਾਣ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਹਰਪੁਰਾ ਧੰਦੋਈ ਸਟੇਡੀਅਮ ਦੀ ਉਸਾਰੀ ਵਿੱਚ 1 ਕਰੋੜ ਰੁਪਏ ਦਾ ਯੋਗਦਾਨ ਪਾਇਆ ਜਾਵੇਗਾ। ਉਨ੍ਹਾਂ ਨਾਲ ਹੀ ਐਲਾਨ ਕੀਤਾ ਕਿ ਇਸ ਸਟੇਡੀਅਮ ਦੇ ਮੁਕੰਮਲ ਹੋਣ ਤੋਂ ਬਾਅਦ ਇਥੇ ਹਰ ਸਾਲ ਇੱਕ ਵੱਡਾ ਟੂਰਨਾਮੈਂਟ ਵੀ ਕਰਵਾਇਆ ਜਾਵੇਗਾ। ਇਸ ਮੌਕੇ ਇਲਾਕੇ ਦੇ ਖਿਡਾਰੀਆਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *