ਅਗਰ ਬਟਾਲਾ ਸ਼ਹਿਰ ਦੀ ਸੱਭ ਤੋਂ ਵੱਡੀ ਸਮੱਸਿਆ ਦੀ ਗੱਲ ਕੀਤੀ ਜਾਏ ਤਾਂ ਉਹ ਟ੍ਰੈਫਿਕ ਦੀ ਸਮੱਸਿਆ ਹੈ। ਮੁੱਖ ਚੌਂਕ ਜਿਸ ਨੂੰ ਗਾਂਧੀ ਚੌਂਕ ਕਿਹਾ ਜਾਂਦਾ ਹੈ ਤੇ ਜੀ ਟੀ ਰੋਡ ਤੇ ਹੈ, ਪਾਰ ਕਰਨਾ ਇੱਕ ਯੁੱਧ ਜਿੱਤਣ ਬਰਾਬਰ ਹੈ। ਅਕਸਰ ਰਾਜਨੀਤਕ ਦਲਾਂ ਵੱਲੋਂ ਧਰਨੇ ਪ੍ਰਦਰਸ਼ਨ ਕਰਨ ਲਈ ਵੀ ਇਹੀ ਮੁਕੱਰਰ ਜਗ੍ਹਾ ਹੈ। ਬਦਕਿਸਮਤੀ ਨਾਲ ਤੁਸੀਂ ਧਰਨੇ ਪ੍ਰਦਰਸ਼ਨ ਦੌਰਾਨ ਇੱਥੇ ਫਸ ਗਏ ਤਾਂ ਘੰਟਿਆਂ ਬੱਧੀ ਤੁਸੀਂ ਮੁਸ਼ਕਿਲ ਵਿੱਚ ਰਹੋਗੇ। ਇਸ ਚੌਂਕ ਦੇ ਨਾਲ ਹੀ ਰੇਲਵੇ ਪੁੱਲ ਵੀ ਹੈ ਜਿਹੜਾ ਅੱਜਕਲ ਪਾਰਕਿੰਗ ਲਈ ਵੀ ਵਰਤਿਆ ਜਾ ਰਿਹਾ ਹੈ, ਹੁਣ ਤਾਂ ਗੋਲ ਗੱਪੇ ਵਾਲੇ ਵੀ ਓਥੇ ਰਿਹੜੀਆਂ ਲਗਾਉਣ ਲੱਗ ਪਏ ਨੇ, ਪੁੱਲ ਥੱਲੇ ਸਬਜੀ ਮੰਡੀ ਬਣ ਚੁੱਕੀ ਹੈ, ਡੇਰਾ ਰੋਡ ਤੇ ਲੰਘਣਾ ਮੁਸ਼ਕਿਲ ਹੋ ਚੁੱਕਾ ਹੈ। ਉਸ ਮਗਰੋਂ ਸਿਟੀ ਰੋਡ ਦੀ ਗੱਲ ਕੀਤੀ ਜਾਏ ਤਾਂ ਉਹ ਅੱਜਕਲ੍ਹ ਦੋ ਪਹਿਆ ਵਾਹਨਾਂ ਦਾ ਪਾਰਕਿੰਗ ਸਟੈਂਡ ਬਣ ਚੁੱਕੀ ਹੈ। ਉਪਰੋਂ ਰਿਹੜੀਆਂ ਦੀ ਭਰਮਾਰ, ਤੁਸੀਂ ਪੈਦਲ ਵੀ ਨਹੀਂ ਲੰਘ ਸਕੋਗੇ।
ਜਲੰਧਰ ਰੋਡ ਤੇ ਤਾਂ ਅੱਤ ਹੋ ਚੁੱਕੀ ਹੈ, ਸ਼ਾਸ਼ਤਰੀ ਨਗਰ ਦੇ ਇਲਾਕੇ ਵਿੱਚ ਬੈਂਕਾਂ ਦੀਆਂ ਢੇਰ ਸਾਰੀਆਂ ਬ੍ਰਾਂਚਾਂ ਅੱਗੇ ਸੈਂਕੜੇ ਖੜੀਆਂ ਕੀਤੀਆਂ ਕਾਰਾਂ, ਤੁਹਾਨੂੰ ਲੰਘ ਜਾਣ ਦੀ ਚੁਣੌਤੀ ਦੇਣਗੀਆਂ। ਚੌਂਕਾ ਵਿੱਚ ਖੜੇ ਟ੍ਰੈਫਿਕ ਮੁਲਾਜ਼ਮ ਜਾਂ ਤਾਂ ਉਗਰਾਹੀ ਕਰਦੇ ਨਜ਼ਰ ਆਉਣਗੇ ਤੇ ਜਾਂ ਫਿਰ ਆਪਣੇ ਮੋਬਾਈਲ ਤੇ ਰੁੱਝੇ ਹੋਏ ਦਿਸਣਗੇ। ਬੱਸ ਸਟੈਂਡ ਸਾਹਮਣੇ ਜਲੰਧਰ ਰੋਡ ਫਰੂਟ ਮਾਰਕੀਟ ਬਣ ਚੁੱਕੀ ਹੈ। ਸੜਕਾਂ ਦੇ ਦੋਹਾਂ ਪਾਸੇ ਖੜੇ ਕਰ ਦਿੱਤੇ ਗਏ ਵਾਹਨ ਤੇ ਸੜਕਾਂ ਤੇ ਹੋਏ ਨਜਾਇਜ਼ ਕਬਜ਼ੇ, ਬਟਾਲਾ ਦੇ ਇਸ ਨਾ ਖਤੱਮ ਹੋਣ ਵਾਲੇ ਸੰਤਾਪ ਲਈ ਜਿੰਮੇਵਾਰ ਕਾਰਨ ਹਨ।
![]()
![]()
ਅਗਰ ਨਜਾਇਜ਼ ਕਬਜ਼ਿਆਂ ਤੋਂ ਖਹਿੜਾ ਨਾ ਛਡਾ ਸਕਣਾ ਇੱਕ ਰਾਜਨੀਤਕ ਮਜਬੂਰੀ ਹੈ ਤਾਂ ਘੱਟੋ ਘੱਟ ਸ਼ਹਿਰ ਵਿੱਚ ਪਾਰਕਿੰਗ ਸਟੈਂਡ ਹੀ ਬਣਾ ਦਿੱਤੇ ਜਾਣ, ਜੇ ਇਹ ਵੀ ਨਹੀਂ ਕਰਨਾ ਤਾਂ ਘੱਟੋ ਘੱਟ ਨੋ ਪਾਰਕਿੰਗ ਜੋਨ ਹੀ ਬਣਾ ਦਿੱਤੇ ਜਾਣੇ ਚਾਹੀਦੇ ਹਨ। ਪੁਲਿਸ ਤੇ ਪ੍ਰਸ਼ਾਸਨ ਵੱਲੋਂ ਇੱਕ ਤਰਫਾ ਰਸਤੇ ਨਾਮਜ਼ਦ ਕਰ ਦਿੱਤੇ ਜਾਣ ਤਾਂ ਵੀ ਟ੍ਰੈਫਿਕ ਸਮੱਸਿਆ ਤੋਂ ਕਾਫੀ ਹੱਦ ਤੱਕ ਕਾਬੂ ਪਾਇਆ ਜਾ ਸੱਕਦਾ ਹੈ। ਟ੍ਰੈਫਿਕ ਪੁਲਿਸ ਨੂੰ ਗਲਤ ਥਾਵਾਂ ਤੇ ਪਾਰਕ ਕੀਤੀਆਂ ਗੱਡੀਆਂ ਦੇ ਚਲਾਨ ਕਰਨੇ ਚਾਹੀਦੇ ਹਨ ਬਜਾਏ ਇਸ ਦੇ ਕਿ ਚੌਂਕਾ ਵਿੱਚ ਖਲੋ ਕੇ ਸਾਰਾ ਦਿਨ ਉਗਰਾਹੀ ਕਰਦੇ ਰਹੀਣ। ਪੁਲਿਸ ਕਪਤਾਨ ਤੇ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਉਹ ਇਸ ਬਾਰੇ ਜਰੂਰ ਵਿਚਾਰ ਕਰਨ !!
ਜਸਵੰਤ ਜੱਸ !!


