ਜਿਥੇ ਚਾਹ, ਓਥੇ ਰਾਹ ਦੀ ਕਹਾਵਤ ਨੂੰ ਪਿੰਡ ਮੂਲਿਆਂਵਾਲ ਦੀਆਂ ਸੁਆਣੀਆਂ ਨੇ ਸੱਚ ਕਰ ਦਿਖਾਇਆ
ਔਰਤਾਂ ਸਵੈ ਸਹਾਇਤਾ ਸਮੂਹ ਨਾਲ ਜੁੜ ਕੇ ਆਪਣੀ ਆਮਦਨ ਵਿਚ ਕਰ ਰਹੀਆਂ ਨੇ ਵਾਧਾ
ਆਚਾਰ, ਚੱਟਨੀ, ਸਰਬਤ ਅਤੇ ਮੁਰੱਬਿਆ ਦੀ ਕੀਤੀ ਜਾਂਦੀ ਹੈ ਹੋਮ ਡਿਲਵਰੀ
ਬਟਾਲਾ, (ਅਮਰੀਕ ਮਠਾਰੂ ) – ਜਿਥੇ ਚਾਹ, ਓਥੇ ਰਾਹ ਦੀ ਕਹਾਵਤ ਨੂੰ ਜ਼ਿਲਾ ਗੁਰਦਾਸਪੁਰ ਦੇ ਪਿੰਡ ਮੂਲਿਆਂਵਾਲ ਦੀਆਂ ਸੁਆਣੀਆਂ ਨੇ ਸੱਚ ਕਰ ਦਿਖਾਇਆ ਹੈ। ਆਰਥਿਕ ਤੌਰ ’ਤੇ ਅਜ਼ਾਦ ਹੋਣ ਦੀ ਚਾਹਤ ਨੂੰ ਪਿੰਡਾਂ ਦੀ ਔਰਤਾਂ ਨੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ’ ਤਹਿਤ ਸਵੈ-ਸਹਾਇਤਾ ਸਮੂਹਾਂ ਰਾਹੀਂ ਪੂਰਾ ਕੀਤਾ ਹੈ। ਬਟਾਲਾ ਬਲਾਕ ਦੇ ਪਿੰਡ ਮੂਲਿਆਂਵਾਲ ਦੇ ਸੁਆਣੀ ਸਵੈ-ਸਹਾਇਤਾ ਸਮੂਹ ਦੀਆਂ ਮੈਂਬਰ ਔਰਤਾਂ ਨੇ ਮਿਸਾਲੀ ਕੰਮ ਕਰਕੇ ਦੂਸਰੇ ਗਰੁੱਪਾਂ ਨੂੰ ਵੀ ਰਾਹ ਦਿਖਾਈ ਹੈ। ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ’ ਤਹਿਤ ’ਸੁਆਣੀ ਸਵੈ ਸਹਾਇਤਾ ਸਮੂਹ’ ਗੱਡੀਆਂ ਰਾਹੀਂ ਆਪਣੇ ਵਲੋਂ ਤਿਆਰ ਕੀਤੇ ਗਏ ਆਚਾਰ, ਚੱਟਨੀ, ਸਰਬਤ ਅਤੇ ਮੁਰੱਬਿਆ ਦੀ ਹੋਮ ਡਿਲਵਰੀ ਕਰ ਰਹੀਆਂ ਹਨ, ਜਿਸ ਤੋਂ ਇਸ ਸਮੂਹ ਦੀਆਂ ਔਰਤਾਂ ਨੂੰ ਵੱਡਾ ਆਰਥਿਕ ਲਾਭ ਮਿਲ ਰਿਹਾ ਹੈ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਜ਼ਿਲਾ ਗੁਰਦਾਸਪੁਰ ਵਿੱਚ ਗਰੀਬ ਔਰਤਾਂ ਦੇ 2200 ਦੇ ਕਰੀਬ ਸਵੈ ਸਹਾਇਤਾ ਸਮੂਹ ਵੱਖ-ਵੱਖ ਪਿੰਡਾਂ ਵਿੱਚ ਚੱਲ ਰਹੇ ਹਨ। ਉਨਾਂ ਕਿਹਾ ਕਿ ਸਵੈ ਸਹਾਇਤਾ ਸਮੂਹਾਂ ਨੂੰ ਸਰਕਾਰ ਅਤੇ ਬੈਕਾਂ ਵੱਲੋ ਆਪਣੀ ਆਜੀਵਿਕਾ ਵਿੱਚ ਵਾਧਾ ਕਰਨ ਲਈ ਸਮੇਂ-ਸਮੇਂ ’ਤੇ ਨਿਯਮਾਂ ਅਨੁਸਾਰ ਫੰਡ ਮੁਹੱਈਆ ਕਰਵਾਏ ਜਾਂਦੇ ਹਨ।
ਉਨਾਂ ਦੱਸਿਆ ਕਿ ਸੁਆਣੀ ਸਵੈ ਸਹਾਇਤਾ ਸਮੂਹ ਵਿਚ ਔਰਤਾਂ ਰਲ ਕੇ ਆਚਾਰ, ਚਟਨੀ ਅਤੇ ਮੁਰੱਬਿਆ ਨੂੰ ਬਣਾਕੇ ਸਰਕਾਰੀ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਲਗਾਏ ਜਾਂਦੇ ਮੇਲਿਆਂ ਵਿੱਚ ਵੇਚਦੀਆਂ ਹਨ। ਇਨਾਂ ਚੀਜਾਂ ਦੀ ਮੰਗ ਨੂੰ ਦੇਖਦਿਆਂ ਹੋਇਆਂ ਹੋਮ ਡਿਲਵਰੀ ਲਈ ਸਵੈ ਸਹਾਇਤਾ ਸਮੂਹਾਂ ਵੱਲੋ ਗੱਡੀਆਂ ਖਰੀਦੀਆਂ ਗਈਆਂ ਸਨ। ਉਨਾਂ ਕਿਹਾ ਕਿ ਔਰਤਾਂ ਵਲੋਂ ਕੀਤੇ ਉੱਦਮ ਸਦਕਾ ਪੇਂਡੂ ਸਵਾਣੀਆਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਈ ਹੈ ਅਤੇ ਉਹ ਦੂਸਰੀਆਂ ਔਰਤਾਂ ਲਈ ਵੀ ਰੋਲ ਮਾਡਲ ਬਣੀਆਂ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੇਂਡੂ ਔਰਤਾਂ ਨੂੰ ਸਵੈ ਸਹਾਇਤਾ ਸਮੂਹਾਂ ਨਾਲ ਜੁੜ ਕੇ ਆਪਣੀ ਆਜੀਵਿਕਾ ਵਿੱਚ ਵਾਧਾ ਕਰਨਾ ਚਾਹੀਦਾ ਹੈ ਅਤੇ ਬਾਕੀ ਸਵੈ ਸਹਾਇਤਾ ਸਮੂਹਾਂ ਨੂੰ ਸੁਆਣੀ ਸਵੈ ਸਹਾਇਤਾ ਸਮੂਹ ਤੋ ਸੇਧ ਲੈਣੀ ਚਾਹੀਦੀ ਹੈ।
ਉਨਾਂ ਕਿਹਾ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ’ ਤਹਿਤ ਔਰਤਾਂ ਦੀ ਆਰਥਿਕ ਸਥਿਤੀ ਹੋਰ ਮਜ਼ਬੂਤ ਕਰਨ ਲਈ ਜ਼ਿਲਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਵਲੋਂ ਉਪਰਾਲੇ ਜਾਰੀ ਰਹਿਣਗੇ।

