ਮੁਸਲਿਮ ਪਰਿਵਾਰ ਵੱਲੋਂ ਬਣਾਈ ਲਾਲ ਕੋਠੀ ਅੱਜ ਦੀਆਂ ਕੋਠੀਆਂ ਨੂੰ ਵੀ ਮਾਤ ਪਾਉਂਦੀ ਹੈ
ਬਟਾਲਾ ਸ਼ਹਿਰ ਵਿੱਚ ਸੰਨ 1947 ਦੀ ਵੰਡ ਤੋਂ ਪਹਿਲਾਂ ਦੀਆਂ ਜੇਕਰ ਵੱਡੀਆਂ ਤੇ ਖੂਬਸੂਰਤ ਇਮਾਰਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿੱਚੋਂ ‘ਲਾਲ ਕੋਠੀ’ ਵੀ ਇੱਕ ਖੂਬਸੂਰਤ ਇਮਾਰਤ ਹੈ। ਅੱਚਲੀ ਗੇਟ ਦੇ ਅੰਦਰ ਖੰਡਾ-ਖੋਲ੍ਹਾ ਮੁਹੱਲੇ ਵਿੱਚ ਸਥਿਤ ਇਹ ‘ਲਾਲ ਕੋਠੀ’ ਬੇਹੱਦ ਖੂਬਸੂਰਤ ਹੈ। ਇਹ ਇਮਾਰਤ ਸੰਨ 1947 ਤੋਂ ਪਹਿਲਾਂ ਬਟਾਲੇ ਦੇ ਇੱਕ ਅਮੀਰ ਮੁਸਲਿਮ ਪਰਿਵਾਰ ਵੱਲੋਂ ਬੜੀਆਂ ਰੀਝਾਂ ਨਾਲ ਬਣਾਈ ਗਈ ਸੀ। ਲਾਲ ਰੰਗ ਦੀ ਹੋਣ ਕਰਕੇ ਬਟਾਲੇ ਵਿੱਚ ਇਸ ਨੂੰ ‘ਲਾਲ ਕੋਠੀ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਲਾਲ ਕੋਠੀ ਚਿੱਟੀ ਕੋਠੀ ਦੇ ਨਜ਼ਦੀਕ ਹੀ ਹੈ ਅਤੇ 1946 ਵਿੱਚ ਬਣੀ ਸੀਮਿੰਟ ਵਾਲੀ ਕੋਠੀ ਵੀ ਇਸਦੇ ਨੇੜੇ ਹੀ ਹੈ।
ਤਿੰਨ ਮੰਜ਼ਿਲਾ ਲਾਲ ਕੋਠੀ ਵੰਡ ਤੋਂ ਬਾਅਦ ਚੱਕ ਨੰਬਰ 119 ਪਿੰਡ ਭੁਲੇਰ ਦੇ ਬਾਜਵਾ ਪਰਿਵਾਰ ਨੂੰ ਅਲਾਟ ਹੋਈ ਸੀ। ਕਾਫੀ ਲੰਮਾ ਸਮਾਂ ਇਹ ਪਰਿਵਾਰ ਇਸ ਕੋਠੀ ਵਿੱਚ ਰਹਿੰਦਾ ਰਿਹਾ। ਅੱਜ-ਕੱਲ ਇਸ ਕੋਠੀ ਵਿੱਚ ਬਟਾਲਾ ਸ਼ਹਿਰ ਦਾ ਇੱਕ ਹਿੰਦੂ ਪਰਿਵਾਰ ਆਪਣਾ ਖੁਸ਼ਹਾਲ ਜੀਵਨ ਬਸਰ ਕਰ ਰਿਹਾ ਹੈ।
ਸ਼ਹਿਰ ਦੇ ਪੁਰਾਣੇ ਬਜ਼ੁਰਗ ਦੱਸਦੇ ਹਨ ਕਿ ਵੰਡ ਤੋਂ ਪਹਿਲਾਂ ਬਣੀਆਂ ਇਨ੍ਹਾਂ ਕੋਠੀਆਂ ਦੀ ਆਪਣੀ ਹੀ ਸ਼ਾਨ ਸੀ। ਜਿਸ ਸਮੇਂ ਬਹੁਤੇ ਘਰ ਕੱਚੇ ਹੁੰਦੇ ਸਨ ਉਸ ਸਮੇਂ ਬਣੀਆਂ ਇਹ ਕੋਠੀਆਂ ਆਪਣੇ-ਆਪ ਵਿੱਚ ਹੀ ਸ਼ਾਹਕਾਰ ਸਨ। ਲਾਲ ਕੋਠੀ ਨੂੰ ਬੜੀ ਰੀਝ ਨਾਲ ਬਣਾਇਆ ਗਿਆ ਹੈ ਅਤੇ ਇਸਦੇ ਕਮਰਿਆਂ ਵਿੱਚ ਹੋਈ ਇੰਟੀਰੀਅਰ ਡਿਜ਼ਾਇੰਨਗ ਦੇਖਣ ਯੋਗ ਹੈ। ਇਹ ਕੋਠੀ ਦੀ ਬਾਹਰੀ ਅਤੇ ਅੰਦਰੂਨੀ ਬਣਤਰ ਬਹੁਤ ਵਧੀਆ ਹੈ ਅਤੇ ਇਹ ਅੱਜ ਦੇ ਜ਼ਮਾਨੇ ਦੀਆਂ ਕੋਠੀਆਂ ਨੂੰ ਵੀ ਮਾਤ ਪਾਉਂਦੀ। ਇਸਦੇ ਕਮਰੇ ਰੌਸ਼ਨੀ ਵਾਲੇ ਅਤੇ ਹਵਾਦਾਰ ਹਨ। ਕੋਠੀ ਦੇ ਦਰਵਾਜ਼ੇ ਤੇ ਬਾਰੀਆਂ ਅੱਜ ਵੀ ਬਹੁਤ ਵਧੀਆ ਹਾਲਤ ਵਿੱਚ ਹਨ।
ਲਾਲ ਕੋਠੀ ਨੂੰ ਹੁਣ ਕੁਝ ਮੁਰੰਮਤ ਦੀ ਲੋੜ ਹੈ ਅਤੇ ਜੇਕਰ ਇਸਦੀ ਕੁਝ ਮੁਰੰਮਤ ਹੋ ਜਾਵੇ ਤਾਂ ਕਈ ਦਹਾਕੇ ਤੱਕ ਇਹ ਫਿਰ ਨਵੀਂ ਨਕੋਰ ਇਮਾਰਤ ਲੱਗੇਗੀ। ਇਸ ਕੋਠੀ ਵਿੱਚ ਰਹਿ ਰਹੇ ਪਰਿਵਾਰ ਨੂੰ ਇਸ ਗੱਲ ਉੱਪਰ ਬੜਾ ਫਖਰ ਹੈ ਕਿ ਪੂਰੇ ਬਟਾਲੇ ਸ਼ਹਿਰ ਵਿੱਚ ਮਸ਼ਹੂਰ ਲਾਲ ਕੋਠੀ ਉਨ੍ਹਾਂ ਦੀ ਮਲਕੀਅਤ ਹੈ।
ਹਾਲਾਂਕਿ ਇਸ ਲਾਲ ਕੋਠੀ ਨੂੰ ਰੀਝਾਂ ਨਾਲ ਬਣਾਉਣ ਵਾਲਾ ਮੁਸਲਿਮ ਪਰਿਵਾਰ ਜਿਆਦਾ ਸਮਾਂ ਇਥੇ ਵਾਸ ਨਾ ਕਰ ਸਕਿਆ ਪਰ ਉਦੋਂ ਤੋਂ ਲੈ ਕੇ ਅੱਜ ਤੱਕ ਲਾਲ ਕੋਠੀ ਆਪਣੀ ਖੂਬਸੂਰਤੀ ਰਾਹੀਂ ਦੇਖਣ ਵਾਲਿਆਂ ਨੂੰ ਹੈਰਾਨ ਕਰਦੀ ਹੋਈ ਇਸਨੂੰ ਬਣਾਉਣ ਵਾਲਿਆਂ ਨੂੰ ਦਾਦ ਜਰੂਰ ਦਿਵਾ ਰਹੀ ਹੈ। ਵੰਡ ਤੋਂ ਪਹਿਲਾਂ ਸਾਂਝੇ ਪੰਜਾਬ ਦੀ ਇਹ ਖੂਬਸੂਰਤ ਇਮਾਰਤ ਸੱਚਮੁੱਚ ਹੀ ਬਹੁਤ ਖੂਬਸੂਰਤ ਹੈ।
ਰੱਬ ਕਰੇ ਮੇਰੇ ਬਟਾਲੇ ਦੀਆਂ ਇਹ ਖੂਬਸੂਰਤ ਇਮਾਰਤਾਂ ਏਵੇਂ ਹੀ ਵੱਸਦੀਆਂ-ਰੱਸਦੀਆਂ ਰਹਿਣ।
– ਇੰਦਰਜੀਤ ਸਿੰਘ ਹਰਪੁਰਾ,
ਬਟਾਲਾ (ਗੁਰਦਾਸਪੁਰ),
ਪੰਜਾਬ।
98155-77574
ਤਸਵੀਰਾਂ – ਲਾਡੀ ਜੱਸਲ

