ਤਿ੍ਰਪਤ ਬਾਜਵਾ ਵੱਲੋਂ ਸ੍ਰੀ ਅੱਚਲ ਸਾਹਿਬ ਨੂੰ ਬਣਨ ਵਾਲੀ ਨਵੀਂ ਸੜਕ ਸਬੰਧੀ ਕਾਰਵਾਈ ਤੇਜ਼ ਕਰਨ ਦੀਆਂ ਹਦਾਇਤਾਂ
ਸ੍ਰੀ ਅੱਚਲ ਸਾਹਿਬ ਨੂੰ ਬਣਨ ਵਾਲੀ ਸੜਕ ੳੇੱਪਰ 1 ਕਰੋੜ ਰੁਪਏ ਖਰਚੇ ਜਾਣਗੇ – ਤਿ੍ਰਪਤ ਬਾਜਵਾ
ਬਟਾਲਾ, (ਅਮਰੀਕ ਮਠਾਰੂ ਰੰਜਨਦੀਪ ਸੰਧੂ ਬਲਦੇਵ ਸਿੰਘ ਖਾਲਸਾ ) – ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਸ੍ਰੀ ਅੱਚਲ ਸਾਹਿਬ ਨੂੰ ਵਾਇਆ ਚਾਹਲ ਖੁਰਦ ਬਣਨ ਵਾਲੀ ਨਵੀਂ ਸੜਕ ਸਬੰਧੀ ਦਫ਼ਤਰੀ ਕਾਰਵਾਈ ਨੂੰ ਜਲਦ ਮੁਕੰਮਲ ਕਰਨ ਤਾਂ ਜੋ ਇਸ ਸੜਕ ਨੂੰ ਸ਼ਰਧਾਲੂਆਂ ਦੀ ਸਹੂਲਤ ਲਈ ਜਲਦ ਤੋਂ ਜਲਦ ਬਣਾਇਆ ਜਾ ਸਕੇ। ਸ. ਬਾਜਵਾ ਨੇ ਕਿਹਾ ਕਿ ਇਸ ਸੜਕ ਦੇ ਨਿਰਮਾਣ ਉੱਪਰ 1 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਕੈਬਨਿਟ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਅੱਜ ਸ਼ਿਵ ਬਟਾਲਵੀ ਆਡੀਟੋਰੀਅਮ ਬਟਾਲਾ ਵਿਖੇ ਹੋਈ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ, ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ, ਤਹਿਸੀਲਦਾਰ ਬਟਾਲਾ ਸ. ਬਲਜਿੰਦਰ ਸਿੰਘ, ਐਕਸੀਅਨ ਲੋਕ ਨਿਰਮਾਣ ਵਿਭਾਗ ਸ੍ਰੀ ਰਾਜੀਵ ਸੈਣੀ, ਐੱਸ.ਡੀ.ਓ. ਸ. ਦਵਿੰਦਰਪਾਲ ਸਿੰਘ, ਸ੍ਰੀ ਸਵਰਨ ਮੁੱਢ ਸਿਟੀ ਕਾਂਗਰਸ ਪ੍ਰਧਾਨ, ਸੁਖਦੀਪ ਸਿੰਘ ਤੇਜਾ, ਗੁਲਸ਼ਨ ਮਾਰਬਲ ਵਾਲੇ, ਗੌਤਮ ਸੇਠ ਗੁੱਡੂ ਵੀ ਮੌਜੂਦ ਸਨ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸ੍ਰੀ ਅੱਚਲ ਸਾਹਿਬ ਨੂੰ ਇੱਕ ਹੋਰ ਨਵੀਂ 18 ਫੁੱਟ ਚੌੜੀ ਸੜਕ ਨਾਲ ਜੋੜਨਾ ਉਨਾਂ ਦਾ ਸੁਪਨਾ ਹੈ ਅਤੇ ਇਸ ਸੜਕ ਦੇ ਨਿਰਮਾਣ ਲਈ 1 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨਾਂ ਕਿਹਾ ਕਿ ਇਸ ਨਵੀਂ ਸੜਕ ਦੇ ਬਣਨ ਨਾਲ ਸ਼ਰਧਾਲੂਆਂ ਨੂੰ ਇੱਕ ਹੋਰ ਰਸਤਾ ਸ੍ਰੀ ਅੱਚਲ ਸਾਹਿਬ ਨੂੰ ਜਾਣ ਲਈ ਮਿਲ ਜਾਵੇਗਾ, ਜਿਸ ਨਾਲ ਸ਼ਰਧਾਲੂਆਂ ਨੂੰ ਵੱਡੀ ਸਹੂਲਤ ਮਿਲੇਗੀ। ਉਨਾਂ ਕਿਹਾ ਕਿ ਮੇਲੇ ਅਤੇ ਧਾਰਮਿਕ ਸਮਾਗਮਾਂ ਦੌਰਾਨ ਜਦੋਂ ਸੰਗਤ ਜਿਆਦਾ ਹੁੰਦੀ ਹੈ ਉਸ ਵੇਲੇ ਇਸ ਸੜਕ ਦਾ ਹੋਰ ਵੀ ਫਾਇਦਾ ਹੋਵੇਗਾ। ਸ. ਬਾਜਵਾ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਕਿਹਾ ਕਿ ਸੜਕ ਦੇ ਪ੍ਰੋਜੈਕਟ ਸਬੰਧੀ ਜੋ ਵੀ ਦਫ਼ਤਰੀ ਕਾਰਵਾਈ ਹੈ ਉਸ ਨੂੰ ਜਲਦ ਮੁਕੰਮਲ ਕੀਤਾ ਜਾਵੇ ਤਾਂ ਜੋ ਬਿਨਾਂ ਕਿਸੇ ਦੇਰੀ ਇਸ ਸੜਕ ਨੂੰ ਬਣਾਇਆ ਜਾ ਸਕੇ।
ਓਧਰ ਸ੍ਰੀ ਅਚਲੇਸ਼ਵਰ ਮੰਦਰ ਕਾਰਸੇਵਾ ਟਰੱਸਟ (ਰਜਿ: ਨੰਬਰ 837) ਦੇ ਪ੍ਰਧਾਨ ਸ੍ਰੀ ਪਵਨ ਕੁਮਾਰ ਪੰਮਾ, ਟਰੱਸਟੀ ਸੁਰਿੰਦਰ ਬਾਂਸਲ, ਗੁਲਸ਼ਨ ਕੁਮਾਰ ਸਮੇਤ ਬਟਾਲਾ ਅਤੇ ਅੱਚਲ ਸਾਹਿਬ ਦੇ ਨਿਵਾਸੀਆਂ ਨੇ ਕੈਬਨਿਟ ਮੰਤਰੀ ਸ. ਬਾਜਵਾ ਵੱਲੋਂ ਸੜਕ ਬਣਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਲਈ ਧੰਨਵਾਦ ਕੀਤਾ ਹੈ।

