- ਘੁੰਡ ਚੁੱਕ ਦੇ
ਹੱਕ ਤੇਰੇ ਤੇ ਜਦੋਂ ਕਬਜ਼ੇ ਨੇ ਹੋਣ ,
ਮੂੰਹ ਤੇਰੇ ਤੇ ਜਦੋਂ ਤਾਲੇ ਨੇ ਲਾਉਣ ,
ਮੁਟਿਆਰੇ ! ਹੁਣ ਤੂੰ ਘੁੰਡ ਚੁੱਕ ਦੇ ।
ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ ,
ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ .
ਮੁਟਿਆਰੇ ! ਹੁਣ ਤੂੰ ਘੁੰਡ ਚੁੱਕ ਦੇ ।
ਵਿਆਹ ਤੇਰੇ ਦੇ ਪਏ ਸੌਦੇ ਨੇ ਹੋਣ ,
ਡਿਗਰੀਆਂ ਮੈਡਲ ਸਭ ਤੇਰੇ ਰੋਣ ,
ਮੁਟਿਆਰੇ ! ਹੁਣ ਤੂੰ ਘੁੰਡ ਚੁੱਕ ਦੇ
ਆਪਣੇ ਆਪ ਨੂੰ ਸਮਝ ਨਾ ਛੋਟੀ,
ਤੂੰ ਹੀ ਪਕਾਵੇ “ਇਹਦੀ “ਰੋਟੀ ,
ਮੁਟਿਆਰੇ ! ਹੁਣ ਤੂੰ ਘੁੰਡ ਚੁੱਕ ਦੇ।
ਕਾਹਤੋਂ ਬਣੀ ਤੂੰ ਇਹਦੀ “ਚੀਜ਼ “,
ਸਵਾਲ ਬਣ ਗਈ ਤੇਰੀ ਤਮੀਜ਼ ।
ਮੁਟਿਆਰੇ ! ਹੁਣ ਤੂੰ ਘੁੰਡ ਚੁੱਕ ਦੇ।
ਬਲਾਤਕਾਰ ਤੇਰੇ ਅੱਜ ਵੀ ਹੋਣ ,
ਸੁਣਦਾ ਨਾ ਕੋਈ ਤੇਰਾ ਰੋਣ ,
ਮੁਟਿਆਰੇ ! ਹੁਣ ਤੂੰ ਘੁੰਡ ਚੁੱਕ ਦੇ ।
ਮੂੰਹ ਤੇਰੇ ਤੇ ,ਤੇਜ਼ਾਬ “ਇਹ “ਪਾਉਣ ,
ਸੱਧਰਾਂ ਨੂੰ ਤੇਰੀਆਂ,ਲਾਂਬੂ ਇਹ ਲਾਉਣ ।
ਮੁਟਿਆਰੇ ! ਹੁਣ ਤੂੰ ਘੁੰਡ ਚੁੱਕ ਦੇ ।
ਪੜ੍ਹ ਕੇ ਤੂੰ ਬਣ ਗਈ ਏ ਜੱਜ ,
ਤੈਨੂੰ ਆ ਗਏ ਹੁਣ ਸਾਰੇ ਚੱਜ।
ਮੁਟਿਆਰੇ ! ਹੁਣ ਤੂੰ ਘੁੰਡ ਚੁੱਕ ਦੇ ।
ਦਾਜ ਦੇ ਲਈ ਤੂੰ ਜਾਵੇ ਫ਼ੂਕੀ ,
ਪੈਰ ਦੀ ਜੁੱਤੀ ਫਿਰ ਨਾ ਕੂਕੀ,
ਮੁਟਿਆਰੇ ! ਹੁਣ ਤੂੰ ਘੁੰਡ ਚੁੱਕ ਦੇ ।
ਪੱਛਮ ਦੀ ਤੂੰ ਕਰ ਨਾ ਨਕਲ ,
ਜੱਗ ਤੇ ਹੈ ਤੇਰੀ ਵੱਖਰੀ ਸ਼ਕਲ,
ਮੁਟਿਆਰੇ ! ਹੁਣ ਤੂੰ ਘੁੰਡ ਚੁੱਕ ਦੇ ।
ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ ,
ਤੁਰ ਲਵੀਂ ਭਾਂਵੇ ਦੋ ਪੈਰ ਘੱਟ ,
ਮੁਟਿਆਰੇ ! ਹੁਣ ਤੂੰ ਘੁੰਡ ਚੁੱਕ ਦੇ ।
ਕਲਚਰ ਦਾ ਤੂੰ ਵਧਾ ਦੇ ਮਾਣ ,
ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ ,
ਮੁਟਿਆਰੇ ! ਹੁਣ ਤੂੰ ਘੁੰਡ ਚੁੱਕ ਦੇ ।
ਝਾਂਸੀ ਦਾ ਤੂੰ ਪੜ੍ਹ ਇਤਿਹਾਸ ,
ਸਮਝੇਗੀ ਤੂੰ ਆਪ ਨੂੰ ਖ਼ਾਸ ।
ਮੁਟਿਆਰੇ ! ਹੁਣ ਤੂੰ ਘੁੰਡ ਚੁੱਕ ਦੇ ।
ਬਾਬੇ ਨਾਨਕ ਨੇ ਲਿਖਤੀ ਬਾਣੀ ,
ਤੈਨੂੰ ਬਣਾਇਆ ਜੱਗ ਦੀ ਰਾਣੀ ,
ਮੁਟਿਆਰੇ ! ਹੁਣ ਤੂੰ ਘੁੰਡ ਚੁੱਕ ਦੇ ।
ਦੀਪ ਦੀ ਯੋਗਤਾ ਤੇ ਹੋਏ ਸਵਾਲ ,
ਤਾਹੀਓਂ ਖੜਦੀ ਹੈ ਤੇਰੇ ਨਾਲ,
ਮੁਟਿਆਰੇ ! ਹੁਣ ਤੂੰ ਘੁੰਡ ਚੁੱਕ ਦੇ ।
~ ਮਨਦੀਪ ਕੌਰ ਭੰਡਾਲ ~

