ਬਹਿਬਲ ਕਲਾਂ ਦੇ ਮਿ੍ਰਤਕਾ ਦੇ ਪਰਵਾਰਾਂ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਉਮਰਾਨੰਗਲ ਨੂੰ ਅਗਾਊਂ ਜ਼ਮਾਨਤ ਨਾ ਦਿੱਤੀ ਜਾਵੇ।
(ਅਮਰੀਕ ਮਠਾਰੂ, ਰੰਜਨਦੀਪ ਸੰਧੂ)
ਬਹਿਬਲ ਕਲਾਂ ਗੋਲੀਬਾਰੀ ਮਾਮਲੇ ਵਿਚ ਨਾਮਜ਼ਦ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਬਾਰੇ ਸੈਸ਼ਨ ਅਦਾਲਤ ਵਿਚ ਮੰਗਲਵਾਰ ਨੂੰ ਬਹਿਸ ਕੀਤੀ ਜਾਣੀ ਹੈ। ਬਹਿਸ ਮੌਕੇ ਬਹਿਬਲ ਕਲਾਂ ਗੋਲੀਕਾਂਡ ਵਿਚ ਮਾਰੇ ਗਏ 2 ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਗਾਊਂ ਜ਼ਮਾਨਤ ਨਾ ਦੇਣ ਦੀ ਮੰਗ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕਰੀਬ 5 ਸਾਲ ਪਹਿਲਾਂ ਪੁਰਅਮਨ ਧਰਨੇ ‘ਤੇ ਬੈਠੀ ਸੰਗਤ ‘ਤੇ ਪੁਲਿਸ ਅਧਿਕਾਰੀਆਂ ਨੇ ਗੋਲੀ ਚਲਾਈ ਸੀ।
ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਲ ਇੰਵੈਸਟੀਗੇਸ਼ਨ ਟੀਮ (ਐੱਸਆਈਟੀ) ਦੀ ਸਿਫਾਰਸ਼ ‘ਤੇ ਬਾਜਾਖ਼ਾਨਾ ਥਾਣੇ ਵਿਚ ਪਹਿਲਾਂ ਤੋਂ ਦਰਜ ਮਾਮਲੇ ਵਿਚ ਲੰਘੀ 28 ਸਤੰਬਰ ਨੂੰ ਉਦੋਂ ਦੇ ਡੀਜੀਪੀ ਸੁਮੇਧ ਸੈਣੀ ਅਤੇ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਮੁਕੱਦਮੇ ਵਿਚ ਨਾਂ ਦਰਜ ਹੋਣ ਤੋਂ ਅਗਲੇ ਦਿਨ ਉਮਰਾਨੰਗਲ ਨੇ ਜ਼ਿਲ੍ਹਾ ਅਦਾਲਤ ਵਿਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ। ਇਸ ਦੀ ਸੁਣਵਾਈ ਪਹਿਲੀ ਅਕਤੂਬਰ ਨੂੰ ਹੋਣ ‘ਤੇ ਉਸ ਦੇ ਵਕੀਲ ਗੁਰਜੀਤ ਸਿੰਘ ਖਡਿਆਲ ਨੇ ਸੁਣਵਾਈ ਲਈ ਅਗਲੀ ਤਰੀਕ ਦੀ ਮੰਗ ਕੀਤੀ ਤਾਂ ਅਦਾਲਤ ਨੇ 6 ਅਕਤੂਬਰ ਦੀ ਤਰੀਕ ਦਿੱਤੀ ਸੀ।
ਦੂਜੇ ਪਾਸੇ, ਵਕੀਲ ਖਡਿਆਲ ਨੇ ਦੱਸਿਆ ਕਿ ਡੀਜੀਪੀ ਸੁਮੇਧ ਸੈਣੀ ਦਾ ਕੇਸ ਵੀ ਉਨ੍ਹਾਂ ਕੋਲ ਹੈ। ਸੈਣੀ ਨੇ ਅਦਾਲਤ ਵਿਚ ਹਾਲੇ ਅਗਾਊਂ ਜ਼ਮਾਨਤ ਸਬੰਧੀ ਕੋਈ ਅਰਜ਼ੀ ਦਾਇਰ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ 6 ਅਕਤੂਬਰ ਦੇ ਘਟਨਾਕ੍ਮ ਨੂੰ ਦੇਖਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਮੰਗਲਵਾਰ ਨੂੰ ਅਦਾਲਤ ਵਿਚ ਅਗਾਊਂ ਜ਼ਮਾਨਤ ਸਬੰਧੀ ਹੋਣ ਜਾ ਰਹੀ ਸੁਣਵਾਈ ਨੂੰ ਦੇਖਦਿਆਂ ਮਿ੍ਤਕ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਸਰਾਵਾਂ ਤੇ ਮਿ੍ਤਕ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਪੁੱਤਰ ਸੁਖਰਾਜ ਸਿੰਘ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਉਮਰਾਨੰਗਲ ਨੂੰ ਅਗਾਊਂ ਜ਼ਮਾਨਤ ਨਾ ਦਿੱਤੀ ਜਾਵੇ। ਵਕੀਲ ਗੁਰਜੀਤ ਸਿੰਘ ਖਡਿਆਲ ਨੇ ਕਿਹਾ ਹੈ ਕਿ ਪਰਮਰਾਜ ਸਿੰਘ ਉਮਰਾਨੰਗਲ ਬੇਕਸੂਰ ਹੈ ਤੇ ਕਿਸੇ ਸਾਜ਼ਿਸ਼ ਤਹਿਤ ਉਨ੍ਹਾਂ ਦਾ ਅਕਸ ਖਰਾਬ ਕੀਤਾ ਜਾ ਰਿਹਾ ਹੈ।

