ਗੁਰਦਾਸਪੁਰ, (ਰੰਜਨਦੀਪ ਸੰਧੂ, ਅਮਰੀਕ ਮਠਾਰੁ)– ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵਲੋਂ ਕਿਸਾਨਾਂ ਦੀ ਫ਼ਸਲ ਝੋਨਾ ਖ਼ਰੀਦਣ ਤੇ ਚੁੱਕਣ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤੇ ਕਿਸਾਨਾਂ ਨੂੰ ਮੰਡੀਆਂ ਵਿਚ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ | ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਨੇ ਦੱਸਿਆ ਕਿ ਝੋਨੇ ਦੀ ਖ਼ਰੀਦ ਦੇ ਸਾਰੇ ਪ੍ਰਬੰਧ ਪੂਰਨ ਤੋਰ ਤੇ ਕਰ ਲਏ ਗਏ ਹਨ | ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਫ਼ਸਲ ਚੰਗੀ ਤਰ੍ਹਾਂ ਸੁਕਾ ਕੇ ਮੰਡੀਆਂ ਵਿਚ ਲਿਆਉਣ ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ 17 ਪ੍ਰਤੀਸ਼ਤ ਨਮੀ ਤੱਕ ਦਾ ਝੋਨੇ ਮੰਡੀਆਂ ਵਿਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਦੀ ਫ਼ਸਲ ਤੁਰੰਤ ਮੰਡੀਆਂ ਵਿਚੋਂ ਖ਼ਰੀਦੀ ਜਾ ਸਕੇ | ਉਨ੍ਹਾਂ ਕਿਹਾ ਕਿ ਮੰਡੀਆਂ ਅੰਦਰ ਕਿਸਾਨਾਂ ਲਈ ਬੈਠਣ , ਪੀਣ ਲਈ ਸਾਫ਼ ਪਾਣੀ, ਮੰਡੀਆਂ ਦੀ ਸਫ਼ਾਈ, ਲਾਈਟਾਂ ਤੇ ਤਰਪਾਲਾਂ ਦਾ ਸੁਚਾਰੂ ਢੰਗ ਨਾਲ ਪ੍ਰਬੰਧ ਕੀਤਾ ਗਿਆ ਹੈ। ਤੇ ਬਾਰਦਾਨੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਸਮੂਹ ਐੱਸ.ਡੀ.ਐਮਜ਼ , ਮੰਡੀ ਬੋਰਡ ਸਮੇਤ ਸਬੰਧਿਤ ਅਧਿਕਾਰੀਆਂ ਨੂੰ ਲਗਾਤਾਰ ਮੰਡੀਆਂ ਦਾ ਦੌਰਾ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਇਸ ਮੌਕੇ ਡੀ.ਐਫ.ਐੱਸ.ਸੀ. ਕੱਕੜ ਨੇ ਦੱਸਿਆ ਕਿ ਜਿਲਾ ਗੁਰਦਾਸਪੁਰ ਅੰਦਰ ਕੁੱਲ 95 ਮੰਡੀਆਂ ਹਨ ਅਤੇ 25 ਮੰਡੀਆਂ ਆਰਜ਼ੀ ਤੌਰ ਤੇ ਸਥਾਪਿਤ ਕੀਤੀਆਂ ਗਈਆਂ ਹਨ, ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਇਸ ਸਾਲ ਮੰਡੀਆਂ ਵਿਚ ਕਰੀਬ 7 ਤੋਂ 8 ਲੱਖ ਮੀਟਰਿਕ ਟਨ ਝੋਨਾ ਆਉਣ ਦੀ ਸੰਭਾਵਨਾ ਹੈ |

