ਦੇਸ਼ ਦੇ ਅੱਲੜ੍ਹ ਉਮਰ ਦੇ ਬੱਚੇ ਦਿਨ ਬ ਦਿਨ ਨਸ਼ੇ ਵਿਚ ਧਸਦੇ ਜਾ ਰਹੇ ਹਨ ।ਨਸ਼ੇ ਦੇਸ਼ ਲਈ ਆਉਣ ਵਾਲੇ ਸਮੇਂ ਵਿਚ ਗੰਭੀਰ ਸਮੱਸਿਆ ਬਣ ਗਏ ਹਨ।ਭਾਰਤ ਸਰਕਾਰ ਦੇ ਸਰਵੇਖਣ ਤੋਂ ਪਤਾ ਲੱਗਿਆ ਹੈ ਕਿ 10 ਤੋਂ 17 ਸਾਲ ਦੀ ਉਮਰ ਸਮੂਹ ਵਿੱਚ ਤਕਰੀਬਨ 1.48 ਕਰੋੜ ਬੱਚੇ ਅਤੇ ਅੱਲੜ ਸ਼ਰਾਬ, ਅਫੀਮ, ਕੋਕੀਨ, ਭੰਗ ਸਮੇਤ ਕਈ ਕਿਸਮਾਂ ਦੇ ਨਸ਼ੇ ਕਰ ਰਹੇ ਹਨ। ਇਹ ਖੁਲਾਸਾ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਨੇ ਸਾਲ 2018 ਦੌਰਾਨ ਦੇਸ਼ ਵਿੱਚ ਨਸ਼ਿਆਂ ਦੀ ਵਰਤੋਂ ਸਬੰਧੀ ਕਰਵਾਏ ਕੌਮੀ ਸਰਵੇਖਣ ਵਿੱਚ ਹੋਇਆ ਹੈ। ਇਸ ਰਿਪੋਰਟ ਵਿਚ ਵੱਖ-ਵੱਖ ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਨਸ਼ਿਆਂ ਦੀ ਵਰਤੋਂ ਦੇ ਨਤੀਜੇ ਵਜੋਂ ਹੋਈਆਂ ਬਿਮਾਰੀਆਂ ਬਾਰੇ 10 ਤੋਂ 75 ਸਾਲ ਦੀ ਉਮਰ ਸਮੂਹ ਦੇ ਲੋਕਾਂ ’ਤੇ ਸਰਵੇਖਣ ਕੀਤਾ ਗਿਆ ਸੀ। 20 ਸਤੰਬਰ ਨੂੰ ਲੋਕ ਸਭਾ ਵਿੱਚ ਰਾਜੀਵ ਪ੍ਰਤਾਪ ਰੂਡੀ ਦੇ ਸਵਾਲ ਦੇ ਲਿਖਤੀ ਜਵਾਬ ਵਿੱਚ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਰਤਨ ਲਾਲ ਕਟਾਰੀਆ ਨੇ ਇਹ ਵੇਰਵੇ ਦਿੱਤ।ਕੌਮੀ ਸਰਵੇਖਣ ਦੇ ਅੰਕੜਿਆਂ ਅਨੁਸਾਰ 18 ਤੋਂ 75 ਸਾਲ ਦੀ ਉਮਰ ਸਮੂਹ ਵਿੱਚ ਭੰਗ ਵਰਤਣ ਵਾਲਿਆਂ ਦੀ ਅਨੁਮਾਨਤ ਗਿਣਤੀ 2.90 ਕਰੋੜ ਹੈ ਜਦੋਂਕਿ ਅਫੀਮ ਖਾਣ ਵਾਲੇ 1.90 ਕਰੋੜ ਹਨ। ਸਰਵੇਖਣ ਅਨੁਸਾਰ 18 ਤੋਂ 75 ਸਾਲ ਦੀ ਉਮਰ ਸਮੂਹ ਦੇ 10 ਲੱਖ ਲੋਕ ਕੋਕੀਨ ਖਾਂਦੇ ਹਨ ਤੇ 20 ਲੱਖ ਲੋਕ ‘ਐਂਫੈਟੈਮਿਨ’ ਉਤੇਜਕ ਦੀ ਵਰਤੋਂ ਕਰਦੇ ਹਨ।

