ਆਉਣ ਵਾਲੀਆਂ ਨਸਲਾਂ ਲਈ ਇੱਕ ਦੇਸ਼ ਬਣਾਉਣਾ ਹੈ ਜਾਂ ਫਿਰ ਨਾਜੀਵਾਦ ਦੇ ਮਗਰ ਲੱਗ ਖੁੱਦ ਸ਼ਿਕਾਰ ਹੋਣਾ ਹੈ !! ਜਸਵੰਤ ਸਿੰਘ ਜੱਸ

ਪਹਿਲਾਂ ਉਹ ਕਮਿਉਨਿਸਟਾਂ ਵੱਲ ਆਏ ਤੇ ਮੈਂ ਖਾਮੋਸ਼ ਰਿਹਾ, ਫਿਰ ਉਹ ਯੁਹਦੀਆਂ ਵਾਸਤੇ ਆਏ ਤਾਂ ਵੀ ਮੈਂ ਚੁੱਪ ਰਿਹਾ, ਆਖਿਰ ਵਿੱਚ ਉਹ ਮੇਰੇ ਵੱਲ ਆਏ ਤਾਂ ਫਿਰ ਮੇਰੇ ਲਈ ਖੜਨ ਵਾਲਾ ਕੋਈ ਨਹੀਂ ਸੀ। ਕੁੱਝ ਇਸ ਤਰ੍ਹਾਂ ਹੀ ਨਾਜੀਵਾਦ ਇਸ ਮੁਲੱਕ ਵਿੱਚ ਹੋਲੀ ਹੋਲੀ ਪਸਰ ਗਿਆ। ਜਿਸ ਦਿਨ ਫ਼ਿਰਕਿਆਂ ਨੂੰ ਲੜਾਇਆ ਜਾ ਰਿਹਾ ਸੀ ਜਾਂ ਫਿਰ 370 ਧਾਰਾ ਖਤੱਮ ਕਰ ਜੰਮੂ ਕਸ਼ਮੀਰ ਨੂੰ ਤੋੜਿਆ ਜਾ ਰਿਹਾ ਸੀ ਜਾਂ ਫਿਰ CAA ਤੇ NRC ਬਿੱਲ ਪਾਸ ਕੀਤੇ ਜਾ ਰਹੇ ਸੀ ਤਾਂ ਅਸੀਂ ਤਮਾਸ਼ਬੀਨ ਬਣੇ ਰਹੇ। ਅਸੀਂ ਉਸ ਵੇਲੇ ਵੀ ਮੂਕ ਦਰਸ਼ਕ ਸੀ ਜਦੋਂ ਨੋਟਬੰਦੀ ਕੀਤੀ ਜਾ ਰਹੀ ਸੀ। ਰਾਫੇਲ੍ਹ ਸੌਦੇ ਬਾਰੇ ਵੀ ਚੁੱਪ ਰਹੇ ਜਿਸ ਦੀਆਂ ਪਰਤਾਂ ਹੁਣ ਹੌਲੀ ਹੌਲੀ ਖੁੱਲ ਰਹੀਆਂ ਹਨ। ਅਸੀਂ ਲਾਕ ਡਾਉਨ ਦਾ ਵੀ ਥਾਲੀਆਂ ਵਜਾ ਕੇ ਤੇ ਦੀਵੇ ਬਾਲ ਬਾਲ ਕੇ ਸਵਾਗਤ ਕੀਤਾ। ਪਰ ਜਦੋਂ ਹੁਣ ਜਦੋਂ ਅੱਗ ਕਿਸਾਨ ਮਜਦੂਰ ਦੇ ਘਰ ਤੱਕ ਪਹੁੰਚਣ ਲੱਗੀ ਤਾਂ ਸੇਕ ਮਹਿਸੂਸ ਕਰਨ ਲੱਗ ਪਏ।

(ਅਮਰੀਕ ਮਠਾਰੂ ਰੰਜਨਦੀਪ ਸੰਧੂ)

ਸਾਡਾ ਦੁਖਾਂਤ ਇਹ ਹੈ ਕਿ ਅਸੀਂ ਸਿਰਫ ਨਿੱਝੀ ਹਿੱਤਾਂ ਤੋਂ ਉੱਪਰ ਨਹੀਂ ਉੱਠਦੇ, ਅਸੀਂ ਸਵਾਰਥ ਵੱਸ ਹੋ ਸਿਰਫ ਆਪਣੀ ਆਪਣੀ ਲੜਾਈ ਲੜਦੇ ਹਾਂ। ਉਹ ਜਾਣਦੇ ਹਨ ਕਿ ਲੋਕ ਵੰਡੇ ਹੋਏ ਨੇ, ਇਸ ਲਈ ਵੱਖ ਵੱਖ ਵਰਗ ਨੂੰ ਵੱਖਰਾ ਵੱਖਰਾ ਨਿਸ਼ਾਨਾ ਬਣਾਇਆ ਜਾਂਦਾ ਹੈ। ਜਿਸ ਦਿਨ ਅਸੀਂ ਇੱਕ ਹੋ ਕੇ ਸੋਚਣਾ ਸ਼ੁਰੂ ਕਰ ਦਿੱਤਾ, ਉਸ ਦਿਨ ਸਹੀ ਮਾਨਿਆਂ ਵਿੱਚ ਲੋਕ ਸ਼ਾਹੀ ਹੋਏਗੀ। ਯਕੀਨ ਮੰਨ ਲਓ ਕਿ ਜਿੰਨਾ ਨੂੰ ਤੁਸੀਂ ਆਪਣੇ ਹਿੱਤਾਂ ਨੂੰ ਮੁੱਖ ਰੱਖ ਚੁਣਦੇ ਹੋ, ਉਹ ਲੋਕ ਤੁਹਾਡੇ ਨੁਮਾਇੰਦੇ ਨਹੀਂ ਸਗੋਂ ਤਾਨਾਸ਼ਾਹ, ਲੁਟੇਰੇ, ਡਾਕੂ ਤੇ ਕਾਰਪੋਰੇਟਰਾਂ ਦੇ ਨੁਮਾਇੰਦੇ ਹਨ। ਕਾਰਪੋਰੇਟਰਾਂ ਦੇ ਨੁਮਾਇੰਦੇ ਨਾ ਹੁੰਦੇ ਤਾਂ ਜਹਾਜ਼ ਬਣਾਉਣ ਦਾ ਕੰਮ ਉਸ ਕੰਪਨੀ ਨੂੰ ਦਿੱਤਾ ਜਾਂਦਾ ਜਿਸ ਦੀ ਕੋਈ ਹੋਂਦ ਹੀ ਨਹੀਂ ਸੀ। ਅਡਾਨੀ ਗਰੁੱਪ ਨੇ ਮੋਗੇ ਨੇੜੇ ਵੇਅਰ ਹਾਉਸ ਬਣਾਉਣ ਲਈ 300 ਏਕੜ ਜ਼ਮੀਨ 3 ਸਾਲ ਪਹਿਲਾਂ ਹੀ ਅੱਜ ਪਾਸ ਹੋਏ ਖੇਤੀ ਬਿੱਲਾਂ ਨੂੰ ਮੁੱਖ ਰੱਖ ਖਰੀਦ ਲਈ ਸੀ। ਉਹ ਪਹਿਲਾਂ ਹੀ ਜਾਣਦਾ ਸੀ ਕਿ ਕਿਸ ਤਰ੍ਹਾਂ ਦੇ ਕਨੂੰਨ ਪਾਸ ਹੋਣ ਵਾਲੇ ਨੇ ਪਰ ਅਸੀਂ ਤਾਂ 500 ਰੁਪਏ ਖਾਤੇ ਵਿੱਚ ਪਵਾ ਕੇ ਖ਼ੁਸ਼ ਹੋ ਰਹੇ ਸੀ। ਯਾਦ ਰਖਿਓ ਤੁਹਾਡੇ ਨਾਲ ਸਮਝੌਤਾ ਕਰਨ ਵਾਲੇ ਅਦਾਰੇ ਤੁਹਾਡੀ ਫਸਲ ਗੁਣਵੱਤਾ ਦੇ ਅਧਾਰ ਤੇ ਖਰੀਦਣਗੇ, ਉਹ ਰੀਜੈਕਟ ਵੀ ਕਰ ਸੱਕਦੇ ਹਨ ਤੇ ਤੁਹਾਡੀਆਂ ਜ਼ਮੀਨਾਂ ਤੇ ਕਰਜੇ ਵੀ ਲੈ ਸੱਕਦੇ ਨੇ। ਉਨ੍ਹਾਂ ਦੇ ਭੱਜ ਜਾਣ ਦੀ ਸੂਰਤ ਵਿੱਚ ਤੁਸੀਂ ਕਰਜ਼ ਦੇ ਜਿੰਮੇਵਾਰ ਹੋ। ਝਗੜੇ ਦੀ ਸੂਰਤ ਵਿੱਚ SDM ਸੁਣਵਾਈ ਕਰੇਗਾ, ਜਿਹੜਾ ਤਰੀਕ ਤੇ ਤਰੀਕ ਦੇਵੇਗਾ। ਹੁਣ ਇਹ ਦੇਸ਼ ਵਾਸੀਆਂ ਸਮਝਣਾ ਹੈ ਕਿ ਆਉਣ ਵਾਲੀਆਂ ਨਸਲਾਂ ਲਈ ਇੱਕ ਦੇਸ਼ ਬਣਾਉਣਾ ਹੈ ਜਾਂ ਫਿਰ ਨਾਜੀਵਾਦ ਦੇ ਮਗਰ ਲੱਗ ਖੁੱਦ ਸ਼ਿਕਾਰ ਹੋਣਾ ਹੈ !!

ਜਸਵੰਤ ਜੱਸ !!

Leave a Reply

Your email address will not be published. Required fields are marked *