ਬਟਾਲਾ ਸ਼ਹਿਰ ਨਾਲ ਹੋਈ ਇਤਿਹਾਸਕ ਧੱਕੇਸ਼ਾਹੀ ਦੀ ਦਾਸਤਾਨ* *ਰਾਜਧਾਨੀ ਤੋਂ ਤਹਿਸੀਲ ਤੱਕ*

 

*ਬਟਾਲਾ ਸ਼ਹਿਰ ਨਾਲ ਹੋਈ ਇਤਿਹਾਸਕ ਧੱਕੇਸ਼ਾਹੀ ਦੀ ਦਾਸਤਾਨ*

*ਰਾਜਧਾਨੀ ਤੋਂ ਤਹਿਸੀਲ ਤੱਕ*

ਬਟਾਲਾ ਸ਼ਹਿਰ ਧਾਰਮਿਕ ਅਤੇ ਇਤਿਹਾਸਕ ਖੇਤਰ ਵਿੱਚ ਆਪਣੀ ਖਾਸ ਥਾਂ ਰੱਖਦਾ ਹੈ। ਕਿਸੇ ਸਮੇਂ ਸੂਬਾ ਪੰਜਾਬ ਦੀ ਰਾਜਧਾਨੀ ਅਤੇ ਵੱਖਰੀ ਰਿਆਸਤ ਹੋਣ ਦਾ ਮਾਣ ਰੱਖਣ ਵਾਲੇ ਬਟਾਲਾ ਸ਼ਹਿਰ ਨਾਲ ਹਮੇਸ਼ਾਂ ਹੀ ਵਿਤਕਰਾ ਕੀਤਾ ਜਾਂਦਾ ਰਿਹਾ ਹੈ ਅਤੇ ਇਸੇ ਧੱਕੇਸ਼ਾਹੀ ਦੇ ਨਤੀਜੇ ਵੱਜੋਂ ਬਟਾਲਾ ਨੂੰ ਰਾਜਧਾਨੀ ਤੋਂ ਇੱਕ ਛੋਟੀ ਤਹਿਸੀਲ ਵਿੱਚ ਬਦਲ ਦਿੱਤਾ ਗਿਆ। ਆਓ ਇਸ ਲੇਖ ਜਰੀਏ ਬਟਾਲਾ ਸ਼ਹਿਰ ਨਾਲ ਹੋਈ ਇਤਿਹਾਸਕ ਧੱਕੇਸ਼ਾਹੀ ਦੀ ਦਾਸਤਾਨ ਨੂੰ ਜਾਣਦੇ ਹਾਂ।

ਸਿੱਖ ਇਤਿਹਾਸ ਵਿੱਚ ਬਟਾਲਾ ਸ਼ਹਿਰ ਨੂੰ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਸੁਹਰਿਆਂ ਦਾ ਸ਼ਹਿਰ ਹੋਣ ਦਾ ਮਾਣ ਹਾਸਲ ਹੈ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਦੀਆਂ ਯਾਦਗਾਰਾਂ ਦੇ ਰੂਪ ਵਿੱਚ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਅੱਜ ਵੀ ਬਟਾਲਾ ਸ਼ਹਿਰ ਵਿਖੇ ਸ਼ੁਸੋਬਿਤ ਹਨ। ਬਟਾਲਾ ਸ਼ਹਿਰ ਦੇ ਕੋਲ ਅੱਚਲ ਦੇ ਸਥਾਨ ’ਤੇ ਸ੍ਰੀ ਗੁਰੂ ਨਾਨਕ ਸਾਹਿਬ ਨੇ ਸਿੱਧ ਗੋਸ਼ਿਟ ਕਰਕੇ ਸਿੱਧਾਂ ਨੂੰ ਸਿੱਧੇ ਰਾਹੇ ਪਾਇਆ ਸੀ ਅਤੇ ਇਥੇ ਗੁਰੂ ਸਾਹਿਬ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਸੁਸ਼ੋਬਿਤ ਹੈ। ਮੀਰੀ-ਪੀਰੀ ਦੇ ਮਾਲਿਕ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਬਟਾਲਾ ਸ਼ਹਿਰ ਵਿਆਹੁਣ ਆਏ ਸਨ। ਬਾਬਾ ਬੁੱਢਾ ਜੀ ਦਾ ਵਿਆਹ ਵੀ ਬਟਾਲਾ ਨੇੜਲੇ ਪਿੰਡ ਚਾਹਲ ਵਿਖੇ ਹੋਇਆ ਸੀ।

ਹਿੰਦੂ ਧਰਮ ਦੀ ਮਾਨਤਾ ਅਨੁਸਾਰ ਸਤਿਯੁਗ ਦੇ ਸਮੇਂ ਬਟਾਲਾ ਨੇੜਲੇ ਸ੍ਰੀ ਅਚਲੇਸ਼ਵਰ ਧਾਮ ਵਿਖੇ ਭਗਵਾਨ ਸ਼ਿਵ ਸ਼ੰਕਰ ਤੇ 33 ਕਰੋੜ ਦੇਵੀ-ਦੇਵਤੇ ਸਵਾਮੀ ਕਾਰਤਿਕ ਜੀ ਨੂੰ ਮਨਾਉਣ ਆਏ ਸਨ ਅਤੇ ਇਹ ਤੀਰਥ ਅਸਥਾਨ ਹਿੰਦੂ ਮਾਨਤਾ ਵਿੱਚ ਬਹੁਤ ੳੁੱਚਾ ਸਥਾਨ ਰੱਖਦਾ ਹੈ। ਇਸ ਤੋਂ ਇਲਾਵਾ ਬਟਾਲਾ ਸ਼ਹਿਰ ਵਿੱਚ ਸ੍ਰੀ ਕਾਲੀ ਦੁਆਰਾ ਮੰਦਰ ਅਤੇ ਹੋਰ ਪ੍ਰਾਚੀਨ ਮੰਦਰ ਆਸਥਾ ਦੇ ਕੇਂਦਰ ਹਨ।

ਮੁਸਲਿਮ ਧਰਮ ਵਿੱਚ ਬਟਾਲਾ ਸ਼ਹਿਰ ਨੂੰ ਸਤਿਕਾਰ ਨਾਲ ਬਟਾਲਾ ਸ਼ਰੀਫ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਬਟਾਲਾ ਦੀ ਧਰਤੀ ਨੂੰ ਫਕੀਰਾਂ ਤੇ ਵਲੀਆਂ ਦੀ ਧਰਤੀ ਕਿਹਾ ਜਾਂਦਾ ਹੈ। ਬਟਾਲਾ ਸ਼ਹਿਰ ਵਿੱਚ ਕਈ ਪਹੁੰਚੇ ਹੋਏ ਵਲੀ ਤੇ ਫ਼ਕੀਰ ਪੈਦਾ ਹੋਏ ਅਤੇ ਅੱਲਾ ਦੀ ਬੰਦਗੀ ਕਰਦੇ ਹੋਏ ਆਪਣਾ ਜੀਵਨ ਬਤੀਤ ਕਰਕੇ ਅਖੀਰ ਬਟਾਲਾ ਦੀ ਮਿੱਟੀ ਵਿੱਚ ਹੀ ਦਫ਼ਨ ਹੋ ਗਏ। ਇਨਾਂ ਵਲੀਆਂ ਵਿੱਚ ਸ਼ਾਹ ਸ਼ਾਹਿਬੂਦੀਨ ਬੁਖਾਰੀ, ਸ਼ਾਹ ਇਸਮਾਇਲੀ, ਸ਼ਾਹ ਨਿਆਮਤ ਉੱਲਾਹ, ਸ਼ਾਹ ਇਲਾਹਦਾਦ, ਸ਼ਾਹ ਬਦਰੁਦੀਨ, ਹਜ਼ਰਤ ਸ਼ੇਖ ਸੱਯਦ ਮੁਹੰਮਦ ਫ਼ਾਜ਼ਿਲਦੀਨ ਸ਼ਾਹ, ਹਜ਼ਰਤ ਜਨਾਬ ਮਸਤਾਨ ਸ਼ਾਹ ਧੌਲਪੁਰ ਖਤੀਬ, ਪੀਰ ਯੂਸਫ਼ ਸ਼ਾਹ ਵਲੀ, ਹਜ਼ਰਤ ਪੀਰ ਬੁੱਧੂ ਸ਼ਾਹ ਕਾਦਰੀ ਆਦਿ ਪ੍ਰਮੁੱਖ ਸਨ।

ਬਟਾਲਾ ਸ਼ਹਿਰ ਅੰਮ੍ਰਿਤਸਰ ਸ਼ਹਿਰ ਨਾਲੋਂ 109 ਸਾਲ ਪੁਰਾਣਾ ਸ਼ਹਿਰ ਹੈ। ਜੇ ਇਤਿਹਾਸ ਦੇ ਵਰਕੇ ਫਰੋਲੀਏ ਤਾਂ ਪਤਾ ਚੱਲਦਾ ਹੈ ਕਿ ਬਟਾਲਾ ਸ਼ਹਿਰ ਦੀ ਨੀਂਹ ਬਹਿਲੋਲ ਲੋਧੀ ਦੀ ਹਕੂਮਤ ਸਮੇਂ 1465 ਈਸਵੀ ਨੂੰ ਭੱਟੀ ਰਾਜਪੂਤ ਰਾਜਾ ਰਾਮ ਦੇਓ ਨੇ ਰੱਖੀ ਸੀ। ਲੋਧੀ ਵੰਸ ਦੀ ਹਕੂਮਤ ਸਮੇਂ ਲਾਹੌਰ ਦੇ ਸੂਬੇਦਾਰ ਤਤਾਰ ਖਾਨ ਨੇ ਭੱਟੀ ਰਾਜਪੂਤ ਰਾਜਾ ਰਾਮ ਦੇਓ ਨੂੰ ਜਗੀਰ ਦਿੱਤੀ ਸੀ, ਜਿਥੇ ਉਨਾਂ ਫਿਰ ਵਟਾਲਾ ਨਗਰ ਵਸਾਇਆ।

ਜੇਕਰ ਸਿੱਖ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਸਭ ਤੋਂ ਪਹਿਲਾਂ ਸੰਨ 1711 ਅਤੇ 1715 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਬਟਾਲਾ ਸ਼ਹਿਰ ਨੂੰ ਦੋ ਵਾਰ ਫ਼ਤਹਿ ਕਰਕੇ ਇਸ ਉੱਪਰ ਖਾਲਸਾਈ ਨਿਸ਼ਾਨ ਝੁਲਾਏ। ਇਸ ਤੋਂ ਬਾਅਦ ਰਾਮਗੜ੍ਹੀਆ ਮਿਸਲ ਅਤੇ ਕਨ੍ਹਈਆ ਮਿਸਲ ਦਾ ਕਬਜ਼ਾ ਵੀ ਇਸ ਸ਼ਹਿਰ ਉੱਪਰ ਰਿਹਾ। ਸਿੱਖ ਰਾਜ ਸਮੇਂ ਰਾਣੀ ਸਦਾ ਕੌਰ ਦੀ ਬੀਰਤਾ ਅਤੇ ਚੜ੍ਹਤ ਨੇ ਬਟਾਲਾ ਨੂੰ ਇਤਿਹਾਸ ਵਿੱਚ ਉੱਚਾ ਸਥਾਨ ਦਿਵਾਇਆ। ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ ਵੀ ਬਟਾਲਾ ਵਿਖੇ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਮਾਈ ਸਦਾ ਕੌਰ ਦੀ ਧੀ ਮਹਿਤਾਬ ਕੌਰ ਨਾਲ ਵਿਆਹੇ ਸਨ। ਮਹਾਰਾਜਾ ਸ਼ੇਰ ਸਿੰਘ ਦਾ ਜਨਮ ਵੀ ਬਟਾਲਾ ਵਿਖੇ ਹੋਇਆ ਅਤੇ ਉਨ੍ਹਾਂ ਨੇ ਆਪਣੇ ਜੀਵਨ ਦਾ ਬਹੁਤਾ ਹਿੱਸਾ ਬਟਾਲਾ ਵਿਖੇ ਹੀ ਬਤੀਤ ਕੀਤਾ।

ਇਸ ਤੋਂ ਇਲਾਵਾ ਸਾਹਿਤ ਦੇ ਖੇਤਰ ਵਿੱਚ ਸ਼ਿਵ ਕੁਮਾਰ ਬਟਾਲਵੀ ਨੇ ਬਟਾਲਾ ਸ਼ਹਿਰ ਨੂੰ ਬਹੁਤ ਮਾਣ ਦਿਵਾਇਆ ਹੈ।

ਜਦੋਂ ਸੰਨ 1465 ਵਿੱਚ ਰਾਜਾ ਰਾਮਦੇਓ ਭੱਟੀ ਨੇ ਬਟਾਲਾ ਸ਼ਹਿਰ ਵਸਾਇਆ ਸੀ ਤਾਂ ਲਾਹੌਰ ਤੋਂ ਬਾਅਦ ਬਾਰੀ ਦੁਆਬ ਦਾ ਇਹ ਸਭ ਤੋਂ ਪ੍ਰਮੁੱਖ ਸ਼ਹਿਰ ਸੀ। ਬਟਾਲਾ ਨੂੰ ਸ਼ੁਰੂਆਤ ਸਮੇਂ ਤੋਂ ਹੀ ਲੋਧੀ ਹਕੂਮਤ ਵੱਲੋਂ ਪਰਗਨੇ ਦਾ ਦਰਜਾ ਦੇ ਦਿੱਤਾ ਗਿਆ ਅਤੇ ਬਹੁਤ ਵੱਡਾ ਇਲਾਕਾ ਬਟਾਲਾ ਸ਼ਹਿਰ ਦੇ ਅਧੀਨ ਆ ਗਿਆ। ਸੰਨ 1487 ਵਿੱਚ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਮਾਤਾ ਸੁਲੱਖਣੀ ਜੀ ਨੂੰ ਬਟਾਲਾ ਸ਼ਹਿਰ ਵਿਆਉਣ ਆਏ ਤਾਂ ਇਸ ਸ਼ਹਿਰ ਦੀ ਪ੍ਰਸਿੱਧੀ ਦੂਰ-ਦੂਰ ਤੱਕ ਫੈਲ ਗਈ।

ਲੋਧੀ ਵੰਸ ਤੋਂ ਬਾਅਦ ਜਦੋਂ ਮੁਗਲਾਂ ਨੇ ਦੇਸ਼ ਨੂੰ ਆਪਣੇ ਕਬਜ਼ੇ ਵਿੱਚ ਲਿਆ ਤਾਂ ਬਟਾਲਾ ਸ਼ਹਿਰ ਨੇ ਹੋਰ ਤਰੱਕੀ ਕਰਨੀ ਸ਼ੁਰੂ ਕਰ ਦਿੱਤੀ। ਮੁਗਲ ਰਾਜ ਦੌਰਾਨ ਬਾਦਸ਼ਾਹ ਅਕਬਰ ਨੇ ਆਪਣੇ ਮਤਰਏ ਭਰਾ ਸ਼ਮਸ਼ੇਰ ਖਾਨ ਨੂੰ ਬਟਾਲਾ ਜਗੀਰ ਵਜੋਂ ਦੇ ਦਿੱਤਾ। ਸ਼ਮਸ਼ੇਰ ਖਾਨ ਨੇ ਬਟਾਲਾ ਸ਼ਹਿਰ ਨੂੰ ਆਪਣਾ ਹੈੱਡ ਕੁਆਟਰ ਬਣਾ ਕੇ ਇਥੋਂ ਹੀ ਲਾਹੌਰ ਤੇ ਪੱਟੀ ਨੂੰ ਛੱਡ ਕੇ ਬਾਰੀ ਦੁਆਬ ਦਾ ਬਾਕੀ ਵੱਡਾ ਇਲਾਕਾ ਅਤੇ ਸਤਲੁਜ ਦਰਿਆ ਤੱਕ ਸਾਰਾ ਜਲੰਧਰ ਦੁਆਬ ਦਾ ਇਲਾਕਾ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ। ਸ਼ਮਸ਼ੇਰ ਖਾਨ ਦੇ ਸਮੇਂ ਬਟਾਲਾ ਸ਼ਹਿਰ ਨੇ ਬਹੁਤ ਤਰੱਕੀ ਕੀਤੀ ਅਤੇ ਉਸਨੇ ਸ਼ਹਿਰ ਵਿੱਚ ਖੂਬਸੂਰਤ ਇਮਾਰਤਾਂ ਬਣਾਉਣ ਦੇ ਨਾਲ ਸ਼ਹਿਰ ਦੇ ਪੂਰਬ ਵਾਲੇ ਪਾਸੇ ਇੱਕ ਬਹੁਤ ਵੱਡਾ ਤੇ ਸੁੰਦਰ ਤਲਾਬ ਬਣਾਇਆ। ਇਹ ਤਲਾਬ ਅੱਜ ਵੀ ਮੌਜੂਦ ਹੈ ਅਤੇ ਇਸਨੂੰ ਵੱਡਾ ਤਲਾਬ ਕਹਿੰਦੇ ਹਨ। ਇਸ ਤਲਾਬ ਦੇ ਨਾਲ ਹੀ ਸ਼ਮਸ਼ੇਰ ਖਾਨ ਦਾ ਮਕਬਰਾ ਵੀ ਹੈ।

ਅਕਬਰ ਤੋਂ ਬਾਅਦ ਬਾਕੀ ਮੁਗਲ ਬਾਦਸ਼ਾਹਾਂ ਦੇ ਦੌਰ ਵਿੱਚ ਵੀ ਬਟਾਲਾ ਸ਼ਹਿਰ ਲਗਾਤਾਰ ਤਰੱਕੀ ਕਰਦਾ ਰਿਹਾ ਅਤੇ ਮੁਗਲ ਹਕੂਮਤ ਵਿੱਚ ਇਸ ਸ਼ਹਿਰ ਨੂੰ ਖਾਸ ਥਾਂ ਹਾਸਲ ਸੀ। ਮੁਗਲ ਬਾਦਸ਼ਾਹ ਫ਼ਰੁਖਸ਼ੀਅਰ ਵੇਲੇ ਬਟਾਲਾ ਸ਼ਹਿਰ ਵਿੱਚ ਵੱਡਾ ਇਸਲਾਮਿਕ ਕਾਲਜ ਸਥਾਪਤ ਕੀਤਾ ਗਿਆ ਜਿਥੇ ਦੇਸ਼-ਵਿਦੇਸ਼ ਤੋਂ ਵਿਦਿਆਰਥੀ ਪੜ੍ਹਨ ਆਉਂਦੇ ਸਨ।

ਸੰਨ 1711 ਅਤੇ 1715 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਬਟਾਲਾ ਸ਼ਹਿਰ ਨੂੰ ਦੋ ਵਾਰ ਫ਼ਤਹਿ ਕਰਕੇ ਪਹਿਲੀ ਵਾਰ ਇਥੇ ਖਾਲਸਾਈ ਨਿਸ਼ਾਨ ਝੁਲਾਏ। ਇਸ ਤੋਂ ਬਾਅਦ ਸੰਨ 1758 ਵਿੱਚ ਜਦੋਂ ਅਦੀਨਾ ਬੇਗ ਪੰਜਾਬ ਦਾ ਸੂਬੇਦਾਰ ਬਣਿਆ ਤਾਂ ਉਸਨੇ ਲਾਹੌਰ ਦੀ ਬਜਾਏ ਬਟਾਲਾ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਇਥੋਂ ਹੀ ਉਸਨੇ ਸਾਰੇ ਪੰਜਾਬ ਦੀ ਹਕੂਮਤ ਨੂੰ ਚਲਾਇਆ। ਸੰਨ 1758 ਦੇ ਮਈ ਮਹੀਨੇ ਤੋਂ ਸਤੰਬਰ ਮਹੀਨੇ ਤੱਕ ਬਟਾਲਾ ਸੂਬਾ ਪੰਜਾਬ ਦੀ ਰਾਜਧਾਨੀ ਰਿਹਾ।

15 ਸਤੰਬਰ 1758 ਨੂੰ ਅਦੀਨਾ ਬੇਗ ਦੀ ਬਟਾਲਾ ਵਿਖੇ ਮੌਤ ਤੋਂ ਬਾਅਦ ਜਲਦੀ ਹੀ ਸਿੱਖ ਮਿਸਲਾਂ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਉੱਪਰ ਆਪਣਾ ਅਧਿਕਾਰ ਜਮਾ ਲਿਆ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਬਟਾਲਾ ਸ਼ਹਿਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਜੱਸਾ ਸਿੰਘ ਰਾਮਗੜ੍ਹੀਆ ਤੋਂ ਬਾਅਦ ਕਨ੍ਹਈਆ ਮਿਸਲ ਦੇ ਮੁੱਖੀ ਜੈ ਸਿੰਘ ਨੇ ਬਟਾਲਾ ਉੱਪਰ ਕਬਜ਼ਾ ਕਰ ਲਿਆ ਅਤੇ ਅਤੇ ਇਸਨੂੰ ਆਪਣੀ ਰਾਜਧਾਨੀ ਘੋਸ਼ਿਤ ਕਰ ਦਿੱਤਾ। ਸੰਨ 1784 ਵਿੱਚ ਜਦੋਂ ਜੈ ਸਿੰਘ ਦੇ ਪੁੱਤਰ ਗੁਰਬਖਸ਼ ਸਿੰਘ ਦੀ ਲੜ੍ਹਾਈ ਵਿੱਚ ਮੌਤ ਹੋ ਗਈ ਤਾਂ ਉਸਦੀ ਵਿਧਵਾ ਰਾਣੀ ਸਦਾ ਕੌਰ ਨੇ ਅੱਗੇ ਹੋ ਕੇ ਆਪਣੀ ਮਿਸਲ ਦੀ ਵਾਗਡੋਰ ਸੰਭਾਲੀ। ਸਦਾ ਕੌਰ ਨੇ ਵੀ ਬਟਾਲਾ ਨੂੰ ਰਾਜਧਾਨੀ ਬਣਾਇਆ ਅਤੇ ਜ਼ਿਲ੍ਹਾ ਅੰਮ੍ਰਿਤਸਰ ਦਾ ਵੱਡਾ ਇਲਾਕਾ, ਹੁਸ਼ਿਆਰਪੁਰ ਦਾ ਦਸੂਹਾ ਮੁਕੇਰੀਆਂ, ਸਾਰਾ ਗੁਰਦਾਸਪੁਰ, ਪਠਾਨਕੋਟ ਜ਼ਿਲ੍ਹਾ, ਜੰਮੂ ਅਤੇ ਹਿਮਾਚਲ ਦੇ ਪਹਾੜੀ ਇਲਾਕੇ ਇਸਦੇ ਅਧੀਨ ਰਹੇ। ਜਿਨ੍ਹਾਂ ਸਮਾਂ ਰਾਣੀ ਸਦਾ ਕੌਰ ਕੋਲ ਕਨ੍ਹਈਆ ਮਿਲਸ ਦੀ ਵਾਗਡੋਰ ਰਹੀ ਉਸ ਸਮੇਂ ਤੱਕ ਬਟਾਲਾ ਇੱਕ ਵੱਖਰਾ ਰਾਜ ਰਿਹਾ। ਭਾਂਵੇ ਰਾਣੀ ਸਦਾ ਕੌਰ ਨੇ ਹੀ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਬਣਾਇਆ ਸੀ ਪਰ ਉਸਦਾ ਆਪਣਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅਧੀਨ ਨਹੀਂ ਸੀ ਆਉਂਦਾ। ਜਾਨੀ ਕਿ ਬਟਾਲਾ ਇੱਕ ਵੱਖਰਾ ਰਾਜ ਸੀ ਤੇ ਉਹ ਲਾਹੌਰ ਦਰਬਾਰ ਦੇ ਅਧੀਨ ਨਹੀਂ ਸੀ ਆਉਂਦਾ। ਰਾਣੀ ਸਦਾ ਕੌਰ ਦੇ ਸਮੇਂ ਬਟਾਲਾ ਸਟੇਟ ਦੀ ਸ਼ਾਨ ਤੇ ਚੜ੍ਹਤ ਪੂਰੇ ਜ਼ੋਬਨ ’ਤੇ ਸੀ।
ਜਦੋਂ ਸੰਨ 1820 ਵਿੱਚ ਰਾਣੀ ਸਦਾ ਕੌਰ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਨਜ਼ਰਬੰਦ ਕਰ ਲਿਆ ਤਾਂ ਬਟਾਲਾ ਦੀ ਜਗੀਰ ਕੰਵਰ ਸ਼ੇਰ ਸਿੰਘ ਨੂੰ ਦੇ ਦਿੱਤੀ। ਉਸ ਸਮੇਂ ਵੀ ਬਟਾਲਾ ਜਗੀਰ ਦੇ ਅਧੀਨ ਮਾਝੇ ਅਤੇ ਦੁਆਬੇ ਦਾ ਬਹੁਤ ਵੱਡਾ ਇਲਾਕਾ ਆਉਂਦਾ ਸੀ।

ਅਖੀਰ ਜਦੋਂ ਸੰਨ 1849 ਵਿੱਚ ਅੰਗਰੇਜ਼ਾਂ ਨੇ ਪੰਜਾਬ ਨੂੰ ਪੂਰੀ ਤਰਾਂ ਆਪਣੇ ਕਬਜ਼ੇ ਵਿੱਚ ਲੈ ਲਿਆ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਅਦੀਨਾ ਨਗਰ ਨੂੰ ਜ਼ਿਲ੍ਹਾ ਬਣਾਇਆ। ਕੁਝ ਮਹੀਨਿਆਂ ਤੋਂ ਬਾਅਦ ਅੰਗਰੇਜ਼ਾਂ ਨੇ ਸੰਨ 1849 ਵਿੱਚ ਹੀ ਬਟਾਲਾ ਨੂੰ ਜ਼ਿਲ੍ਹਾ ਘੋਸ਼ਿਤ ਕਰ ਦਿੱਤਾ ਅਤੇ ਬਟਾਲਾ ਸਥਿਤ ਮਹਾਰਾਜਾ ਸ਼ੇਰ ਸਿੰਘ ਮਹੱਲ ਵਿੱਚ ਡਿਪਟੀ ਕਮਿਸ਼ਨਰ ਬਟਾਲਾ ਦਾ ਦਫ਼ਤਰ ਖੋਲ੍ਹਿਆ ਗਿਆ। ਬਟਾਲਾ ਦੇ ਪਹਿਲੇ ਡਿਪਟੀ ਕਮਿਸ਼ਨਰ ਅੰਗਰੇਜ਼ ਅਧਿਕਾਰੀ ਐੱਚ.ਪੀ. ਫੇਨ ਏਸਕੁਆਇਰ ਸਨ। ਬਟਾਲਾ ਜ਼ਿਲ੍ਹੇ ਦੇ ਅਧੀਨ ਅੱਜ ਦਾ ਸਾਰਾ ਗੁਰਦਾਸਪੁਰ ਜ਼ਿਲ੍ਹਾ, ਪਠਾਨਕੋਟ ਜ਼ਿਲ੍ਹਾ, ਪਾਕਿਸਤਾਨ ਦੀ ਸ਼ਕਰਗੜ੍ਹ ਤਹਿਸੀਲ ਆਉਂਦੇ ਸਨ। ਆਖਰ ਅੰਗਰੇਜ਼ਾਂ ਨੇ ਬਟਾਲਾ ਸ਼ਹਿਰ ਨਾਲ ਧੱਕਾ ਕਰਦਿਆਂ 1 ਮਈ 1852 ਨੂੰ ਬਟਾਲਾ ਜ਼ਿਲ੍ਹਾ ਤੋੜ ਕੇ ਗੁਰਦਾਸਪੁਰ ਨੂੰ ਜ਼ਿਲ੍ਹਾ ਬਣਾ ਦਿੱਤਾ ਅਤੇ ਬਟਾਲਾ ਮਜਿਹ ਇੱਕ ਤਹਿਸੀਲ ਰਹਿ ਗਈ।

ਬਟਾਲਾ ਸ਼ਹਿਰ 2 ਸਾਲ ਲਈ ਜ਼ਿਲਾ ਅੰਮਿ੍ਰਤਸਰ ਦਾ ਹਿੱਸਾ ਵੀ ਰਿਹਾ ਹੈ। ਅਪ੍ਰੈਲ 1867 ਨੂੰ ਜ਼ਿਲਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਨੂੰ ਜ਼ਿਲਾ ਅੰਮਿ੍ਰਤਸਰ ਨਾਲ ਜੋੜ ਦਿੱਤਾ ਗਿਆ। ਅੰਗਰੇਜ਼ ਹਕੂਮਤ ਨੂੰ ਜਦੋਂ ਬਟਾਲਾ ਨੂੰ ਅੰਮਿ੍ਰਤਸਰ ਜ਼ਿਲੇ ਨਾਲ ਜੋੜਨ ਦੇ ਮਨ-ਚਾਹੇ ਨਤੀਜੇ ਨਾ ਮਿਲ ਸਕੇ ਤਾਂ ਹਕੂਮਤ ਨੇ 1 ਅਪ੍ਰੈਲ 1869 ਨੂੰ ਦੁਬਾਰਾ ਬਟਾਲਾ ਤਹਿਸੀਲ ਜ਼ਿਲਾ ਗੁਰਦਾਸਪੁਰ ਨਾਲ ਜੋੜ ਦਿੱਤੀ।

ਸੰਨ 1947 ਵਿੱਚ ਜਦੋਂ ਦੇਸ ਅਜਾਦ ਹੋਇਆ ਤਾਂ ਬਟਾਲਾ ਸ਼ਹਿਰ ਸਮੇਤ ਸਮੁੱਚਾ ਜ਼ਿਲਾ ਗੁਰਦਾਸਪੁਰ 3 ਦਿਨਾਂ ਲਈ ਪਾਕਿਸਤਾਨ ਦਾ ਹਿੱਸਾ ਬਣ ਗਿਆ ਸੀ। ਉਸ ਸਮੇਂ ਜ਼ਿਲਾ ਗੁਰਦਾਸਪੁਰ ਥੋੜੇ ਜਿਹੇ ਫਰਕ ਨਾਲ ਮੁਸਲਿਮ ਬਹੁਗਿਣਤੀ ਜ਼ਿਲ੍ਹਾ ਸੀ। 14 ਅਗਸਤ 1947 ਨੂੰ ਪਾਕਿਸਤਾਨ ਸਰਕਾਰ ਨੇ ਮੁਸਲਿਮ ਪੀ.ਸੀ.ਐੱਸ. ਅਧਿਕਾਰੀ ਮੁਸ਼ਤਾਕ ਅਹਿਮਦ ਚੀਮਾ ਨੂੰ ਜ਼ਿਲਾ ਗੁਰਦਾਸਪੁਰ ਦਾ ਡਿਪਟੀ ਕਮਿਸ਼ਨਰ ਨਿਯੁਕਤ ਕਰ ਦਿੱਤਾ। ਇਸੇ ਤਰਾਂ ਪਾਕਿਸਤਾਨ ਸਰਕਾਰ ਨੇ ਗੁਰਦਾਸਪੁਰ ਜ਼ਿਲੇ ਵਿੱਚ ਆਪਣਾ ਐੱਸ.ਐੱਸ.ਪੀ. ਵੀ ਨਿਯੁਕਤ ਕਰ ਦਿੱਤਾ ਸੀ। ਆਖਰ ਦੋਵਾਂ ਹਕੂਮਤਾਂ ਦੀ ਵਿਚਾਰ ਚਰਚਾ ਤੋਂ ਬਾਅਦ ਜ਼ਿਲਾ ਗੁਰਦਾਸਪੁਰ ਦੀ ਤਹਿਸੀਲ ਸ਼ਕਰਗੜ ਪਾਕਿਸਤਾਨ ਨੂੰ ਦੇ ਦਿੱਤੀ ਗਈ ਅਤੇ ਜ਼ਿਲਾ ਗੁਰਦਾਸਪੁਰ ਦੀਆਂ ਤਿੰਨ ਤਹਿਸੀਲਾਂ ਬਟਾਲਾ, ਗੁਰਦਾਸਪੁਰ ਅਤੇ ਪਠਾਨਕੋਟ ਭਾਰਤ ਦੇ ਹਿੱਸੇ ਆ ਗਈਆਂ। ਇਸ ਤਰਾਂ ਤਿੰਨ ਦਿਨ ਪਾਕਿਸਤਾਨ ਦਾ ਹਿੱਸਾ ਰਹਿਣ ਤੋਂ ਬਾਅਦ 17 ਅਗਸਤ 1947 ਨੂੰ ਬਟਾਲਾ ਸ਼ਹਿਰ ਭਾਰਤ ਵਿੱਚ ਰਲ ਗਿਆ।

ਅਜ਼ਾਦੀ ਤੋਂ ਬਾਅਦ ਵੀ ਬਟਾਲੇ ਸ਼ਹਿਰ ਨਾਲ ਨਾਇਨਸਾਫ਼ੀ ਬੰਦ ਨਾ ਹੋਈ। ਪੰਜਾਬ ਦਾ ਉੱਘਾ ਸਨਅਤੀ ਸ਼ਹਿਰ ਹੋਣ ਦੇ ਬਾਵਜੂਦ ਵੀ ਇਸ ਸ਼ਹਿਰ ਦੀ ਤਰੱਕੀ ਵੱਲ ਕੋਈ ਵਿਸ਼ੇਸ਼ ਤਵੱਜੋ ਨਾ ਦਿੱਤੀ ਗਈ। ਬਟਾਲਾ ਤਹਿਸੀਲ ਸੂਬੇ ਦੀ ਸਭ ਤੋਂ ਵੱਧ ਮਾਲੀਆ ਇਕੱਠਾ ਕਰਨ ਵਾਲੀ ਤਹਿਸੀਲ ਹੈ ਅਤੇ ਬੜੇ ਲੰਮੇ ਸਮੇਂ ਤੋਂ ਬਟਾਲਾ ਨੂੰ ਪੂਰਨ ਰੈਵੀਨਿਊ ਜ਼ਿਲ੍ਹਾ ਬਣਾਉਣ ਦੀ ਮੰਗ ਚੱਲਦੀ ਰਹੀ ਹੈ ਪਰ ਹਰ ਸਰਕਾਰ ਨੇ ਇਸ ਮੰਗ ਨੂੰ ਅੱਖੋਂ ਪਰੋਖੇ ਕੀਤਾ ਹੈ। ਹਾਂ ਏਨਾਂ ਜਰੂਰ ਹੈ ਕਿ 19 ਅਪ੍ਰੈਲ 1988 ਨੂੰ ਪੰਜਾਬ ਸਰਕਾਰ ਵੱਲੋਂ ਪੁਲਿਸ ਜ਼ਿਲ੍ਹਾ ਬਟਾਲਾ ਦਾ ਗਠਨ ਜਰੂਰ ਕਰ ਦਿੱਤਾ ਗਿਆ ਸੀ।

90 ਦੇ ਦਹਾਕੇ ਵਿੱਚ ਬਟਾਲਾ ਨਾਲ ਇੱਕ ਹੋਰ ਬੇਇਨਸਾਫੀ ਕਰਦਿਆਂ ਇਸਦੀਆਂ ਹੱਦਾਂ ਦੀ ਭੰਨਤੋੜ ਕੀਤੀ ਗਈ ਅਤੇ ਬਟਾਲਾ ਤਹਿਸੀਲ ਵਿਚੋਂ ਡੇਰਾ ਬਾਬਾ ਨਾਨਕ ਨਾਮ ਦੀ ਨਵੀਂ ਤਹਿਸੀਲ ਦਾ ਗਠਨ ਕਰ ਦਿੱਤਾ ਗਿਆ। ਇੱਕ ਸੁਤੰਤਰ ਰਾਜ, ਰਾਜਧਾਨੀ ਅਤੇ ਰਿਆਸਤ ਅਤੇ ਜ਼ਿਲ੍ਹੇ ਦਾ ਰੁਤਬਾ ਰੱਖਣ ਵਾਲਾ ਬਟਾਲਾ ਸ਼ਹਿਰ ਦੀ ਮਹੱਤਤਾ ਦਿਨੋਂ ਦਿਨ ਜਾਣਬੁੱਝ ਕੇ ਘਟਾਈ ਗਈ ਹੈ। ਬਟਾਲਾ ਇਸ ਸਮੇਂ ਵੀ ਅਬਾਦੀ ਦੇ ਲਿਹਾਜ ਨਾਲ ਸੂਬੇ ਦੇ 10 ਵੱਡੇ ਸ਼ਹਿਰਾਂ ਵਿੱਚ ਸ਼ੁਮਾਰ ਹੁੰਦਾ ਹੈ। ਇਸਤੋਂ ਕਿਤੇ ਛੋਟੇ ਅਤੇ ਘੱਟ ਯੋਗਤਾਵਾਂ ਵਾਲੇ ਸ਼ਹਿਰਾਂ ਨੂੰ ਜ਼ਿਲ੍ਹਾ ਸਦਰ ਮੁਕਾਮ ਦਾ ਦਰਜਾ ਦੇ ਦਿੱਤਾ ਗਿਆ, ਪਰ ਬਟਾਲਾ ਚੁੱਪ-ਚਾਪ ਇਸ ਨਾਇਨਸਾਫ਼ੀ ਨੂੰ ਜ਼ਰਦਾ ਰਿਹਾ।

ਬਟਾਲਾ ਸ਼ਹਿਰ ਆਪਣੀ ਹੋਂਦ ਤੋਂ ਹੀ ਖਾਸ ਰਿਹਾ ਹੈ ਅਤੇ ਅੱਜ ਵੀ ਬੇਹੱਦ ਖਾਸ ਹੈ। ਇਤਿਹਾਸ ਵਿੱਚ ਬਟਾਲਾ ਸ਼ਹਿਰ ਦੇ ਕੱਦ ਨੂੰ ਘੱਟ ਨਹੀਂ ਕੀਤਾ ਜਾ ਸਕਦਾ। ਹੁਣ ਦੇਖਣਾ ਇਹ ਹੈ ਕਿ ਆਖਰ ਕਦ ਇਸ ਸ਼ਹਿਰ ਨੂੰ ਵਿਰਾਸਤੀ ਸ਼ਹਿਰ ਅਤੇ ਜ਼ਿਲ੍ਹਾ ਸਦਰ ਮੁਕਾਮ ਦਾ ਰੁਤਬਾ ਮਿਲਦਾ ਹੈ।

*-ਇੰਦਰਜੀਤ ਸਿੰਘ ਹਰਪੁਰਾ,*
*ਬਟਾਲਾ।*
*98155-77574*

Adv.

Advertisement
Simar Indusdries Batala

Leave a Reply

Your email address will not be published. Required fields are marked *