ਗੁਰੂ ਨਾਨਕ ਸਾਹਿਬ ਵਲੋਂ ਜਿਸ ਕੰਧ ਨੂੰ ਕਦੀ ਨਾ ਢਹਿਣ ਦਾ ਵਰ ਦਿੱਤਾ ਗਿਆ ਸੀ ਉਹ ਕੰਧ ਸਦੀਆਂ ਤੋਂ ਬਟਾਲਾ ਵਿਖੇ ਅੱਜ ਤੱਕ ਅਡੋਲ ਖੜ੍ਹੀ ਹੈ।

ਗੁਰੂ ਨਾਨਕ ਸਾਹਿਬ ਵਲੋਂ ਜਿਸ ਕੰਧ ਨੂੰ ਕਦੀ ਨਾ ਢਹਿਣ ਦਾ ਵਰ ਦਿੱਤਾ ਗਿਆ ਸੀ ਉਹ ਕੰਧ ਸਦੀਆਂ ਤੋਂ ਬਟਾਲਾ ਵਿਖੇ ਅੱਜ ਤੱਕ ਅਡੋਲ ਖੜ੍ਹੀ ਹੈ।

ਕੱਚੀ ਕੰਧ ਤੇ ਪੱਕੀ ਸ਼ਰਧਾ………

ਬਟਾਲਾ ਸਥਿਤ ਗੁਰਦੁਆਰਾ ਸ੍ਰੀ ਕੰਧ ਸਾਹਿਬ ਪੂਰੇ ਜਗਤ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਆਹ ਦੀ ਨਿਸ਼ਾਨੀ ਵਜੋਂ ਪ੍ਰਸਿੱਧ ਹੈ। ਗੁਰਦੁਆਰਾ ਸਾਹਿਬ ਦੀ ਕੱਚੀ ਕੰਧ ਬੇਸ਼ੱਕ ਗੁਰੂ ਨਾਨਕ ਸਾਹਿਬ ਦੇ ਸਮੇਂ ਦੀ ਹੈ ਪਰ ਗੁਰਦੁਆਰਾ ਸ੍ਰੀ ਕੰਧ ਸਾਹਿਬ ਦੀ ਉਸਾਰੀ ਸੰਨ 1948 ਤੋਂ ਬਾਅਦ ਹੋਈ ਹੈ।

ਗੁਰੂ ਸਾਹਿਬ ਵਲੋਂ ਜਿਸ ਕੰਧ ਨੂੰ ਕਦੀ ਨਾ ਢਹਿਣ ਦਾ ਵਰ ਦਿੱਤਾ ਗਿਆ ਸੀ ਉਹ ਕੰਧ ਸਦੀਆਂ ਤੋਂ ਅੱਜ ਤੱਕ ਅਡੋਲ ਖੜ੍ਹੀ ਹੈ। ਮੌਜੂਦਾ ਸਮੇਂ ਇਹ ਕੰਧ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਸ਼ੀਸ਼ੇ ਦੇ ਫਰੇਮ ਵਿੱਚ ਸੁਰੱਖਿਅਤ ਕੀਤੀ ਗਈ ਹੈ, ਜਿਸਦੀ ਉਚਾਈ ਚਾਰ ਫੁੱਟ, ਮੋਟਾਈ ਢਾਈ ਫੁੱਟ ਅਤੇ ਲੰਬਾਈ ਸਾਢੇ ਛੇ ਫੁੱਟ ਹੈ। 1948 ਤੱਕ ਇਹ ਕੰਧ ਮੌਜੂਦਾ ਕੰਧ ਨਾਲੋਂ ਉੱਚੀ ਤੇ ਲੰਬੀ ਸੀ। ਉਸ ਸਮੇਂ ਇਹ ਕੰਧ ਕਰੀਬ 10 ਕੁ ਫੁੱਟ ਉੱਚੀ, 12-13 ਫੁੱਟ ਲੰਬੀ ਸੀ ਅਤੇ ਇਸਦੀ ਮੋਟਾਈ ਢਾਈ ਫੁੱਟ ਸੀ।

ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਬਟਾਲਾ ਸ਼ਹਿਰ ਵਿਖੇ ਮਾਤਾ ਸੁਲੱਖਣੀ ਜੀ ਨੂੰ ਵਿਆਹੁਣ ਆਏ ਸਨ ਤਾਂ ਉਸ ਸਮੇਂ ਇਹ ਕੰਧ ਇੱਕ ਖੋਲੇ ਵਿੱਚ ਇਕੱਲੀ ਹੀ ਖੜ੍ਹੀ ਸੀ ਅਤੇ ਉਸ ਤੋਂ ਬਾਅਦ ਵੀ ਸੈਂਕੜੇ ਸਾਲ ਤੱਕ ਓਵੇਂ ਹੀ ਖੜ੍ਹੀ ਰਹੀ। ਸਦੀਆਂ ਤੱਕ ਇਸ ਕੰਧ ਉੱਪਰ ਕਈ ਮੀਂਹ ਵਰਸੇ, ਕਈ ਝੱਖੜ ਝੁੱਲੇ, ਕਈ ਭੁਚਾਲ ਆਏ ਪਰ ਇਹ ਕੱਚੀ ਕੰਧ ਢਹਿ-ਢੇਰੀ ਨਾ ਹੋਈ। ਇਹ ਕੰਧ ਢਹਿ-ਢੇਰੀ ਹੁੰਦੀ ਵੀ ਕਿਵੇਂ, ਆਖਰ ਇਸ ਨੂੰ ਗੁਰੂ ਸਾਹਿਬ ਦਾ ਵਰ ਜੋ ਮਿਲਿਆ ਹੋਇਆ ਸੀ।

ਇਸ ਕੰਧ ਦੀ ਸੇਵਾ-ਸੰਭਾਲ ’ਚ ਪਾਏ ਯੋਗਦਾਨ ਲਈ ਮਾਤਾ ਜਮਨਾ ਦੇਵੀ ਨੂੰ ਭੁਲਾਇਆ ਨਹੀਂ ਜਾ ਸਕਦਾ। ਮਾਤਾ ਜਮਨਾ ਦੇਵੀ ਦੇ ਪਤੀ ਦਾ ਨਾਮ ਰੁਲੀਆ ਰਾਮ ਸੀ ਅਤੇ ਉਨ੍ਹਾਂ ਦੇ ਘਰ ਵਿੱਚ ਇਹ ਪਾਵਨ ਕੰਧ ਸਥਿਤ ਸੀ। ਰੁਲੀਆ ਰਾਮ ਨੇ ਇਸ ਕੱਚੀ ਕੰਧ ਦੇ ਨਾਲ ਇੱਕ ਪੱਕੀ ਕੰਧ ਬਣਾ ਕੇ ਅਤੇ ਉੱਪਰ ਬੀਮ ਪਾ ਕੇ ਦੋ ਮੰਜ਼ਿਲਾ ਮਕਾਨ ਬਣਾ ਲਿਆ ਸੀ। ਗੁਰਦੁਆਰਾ ਸਾਹਿਬ ਦੀ ਕੰਧ ਜੋ 10 ਕੁ ਫੁੱਟ ਉੱਚੀ ਤੇ 12-13 ਫੁੱਟ ਲੰਬੀ ਸੀ। ਉਸਦੇ ਨਾਲ ਇੱਕ ਥੜਾ ਬਣਿਆ ਹੋਇਆ ਸੀ ਅਤੇ ਓਥੇ ਗੁਰੂ ਨਾਨਕ ਸਾਹਿਬ ਦੀ ਇੱਕ ਤਸਵੀਰ ਰੱਖੀ ਹੁੰਦੀ ਸੀ। ਜਮਨਾ ਦੇਵੀ ਇਸ ਅਸਥਾਨ ਨੂੰ ਸਾਫ਼ ਕਰਦੇ ਅਤੇ ਦੀਵਾ ਜਗਾਉਂਦੇ ਸਨ। ਇਸ ਕੰਧ ਦੇ ਦਰਸ਼ਨ ਕਰਨ ਲਈ ਉਨ੍ਹਾਂ ਦੇ ਘਰ ਦੇ ਅੰਦਰ ਜਾਣਾ ਪੈਂਦਾ ਸੀ ਅਤੇ ਪੂਰੇ ਦਿਨ ਵਿੱਚ ਕੋਈ ਇੱਕ-ਦੋ ਸ਼ਰਧਾਲੂ ਹੀ ਇਸ ਕੰਧ ਦੇ ਦਰਸ਼ਨਾਂ ਨੂੰ ਆਉਂਦੇ ਸਨ।

ਸੰਨ 1948 ਤੋਂ ਬਾਅਦ ਜਦੋਂ ਸੂਰਤਾ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਇਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਸ਼ੁਰੂ ਹੋਈ ਤਾਂ ਉਗਰਾਹੀ ਕਰਕੇ ਜਮਨਾ ਦੇਵੀ ਅਤੇ ਉਸਦੇ ਪਰਿਵਾਰ ਨੂੰ ਕੁਝ ਕੀਮਤ ਦੇ ਕੇ ਥਾਂ ਖਰੀਦ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਮਨਾ ਦੇਵੀ ਦੇ ਪੋਤਰੇ ਹਰੀ ਸਿੰਘ (ਜੋ ਕਿ ਇੰਡਸਟਰੀ ਅਫ਼ਸਰ ਦੇ ਅਹੁਦੇ ਤੋਂ ਸੇਵਾ-ਮੁਕਤ ਹਨ ਤੇ ਇਸ ਸਮੇਂ ਲੁਧਿਆਣੇ ਰਹਿ ਰਹੇ ਹਨ) ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਆਪਣਾ ਨਵਾਂ ਮਕਾਨ ਗੁਰਦੁਆਰਾ ਡੇਹਰਾ ਸਾਹਿਬ ਲਾਗੇ ਬਣਾ ਲਿਆ।

ਜਦੋਂ ਸੰਗਤ ਨੇ ਗੁਰਦੁਆਰਾ ਕੰਧ ਸਾਹਿਬ ਦੀ ਉਸਾਰੀ ਸ਼ੁਰੂ ਕਰਨੀ ਸੀ ਤਾਂ ਜਮਨਾ ਦੇਵੀ ਦੇ ਦੋ ਮੰਜ਼ਿਲਾ ਮਕਾਨ ਨੂੰ ਢਾਹੁਣਾ ਵੱਡੀ ਚਣੌਤੀ ਸੀ, ਕਿਉਂਕਿ ਇਹ ਮਕਾਨ ਉਸ ਪਾਵਨ ਕੰਧ ਦੇ ਉੱਪਰ ਸੀ ਅਤੇ ਇਸ ਗੱਲ ਦਾ ਪੂਰਾ ਖਿਆਲ ਰੱਖਿਆ ਗਿਆ ਕਿ ਮਕਾਨ ਢਾਉਂਦੇ ਸਮੇਂ ਕੱਚੀ ਕੰਧ ਨੂੰ ਕੋਈ ਨੁਕਸਾਨ ਨਾ ਪਹੁੰਚੇ।

Adv.

ਜਦੋਂ ਮਕਾਨ ਢਾਹ ਕੇ ਗੁਰਦੁਆਰਾ ਸਾਹਿਬ ਦੀ ਉਸਾਰੀ ਅਰੰਭੀ ਤਾਂ ਵੱਡੀ ਗਿਣਤੀ ਵਿੱਚ ਸੰਗਤਾਂ ਸੇਵਾ ਕਰਨ ਆਉਣ ਲੱਗੀਆਂ। ਦੱਸਦੇ ਹਨ ਕਿ ਸੰਗਤਾਂ ਵਿੱਚ ਇਸ ਪਾਵਨ ਕੰਧ ਪ੍ਰਤੀ ਏਨੀ ਸ਼ਰਧਾ ਜਾਗੀ ਕਿ ਸ਼ਰਧਾ ਵੱਸ ਸੰਗਤਾਂ ਚੁਟਕੀ-ਚੁਟਕੀ ਭਰਕੇ ਇਸ ਕੰਧ ਦੀ ਮਿੱਟੀ ਆਪਣੇ ਘਰਾਂ ਨੂੰ ਲਿਜਾਣ ਲੱਗੀਆਂ। ਇਸ ਕਾਰਨ ਕੰਧ ਦਾ ਇੱਕ ਪਾਸੇ ਤੋਂ ਕਾਫੀ ਹਿੱਸਾ ਨੁਕਸਾਨਿਆ ਗਿਆ। ਇਸ ਤੋਂ ਬਾਅਦ ਸੇਵਾਦਾਰਾਂ ਨੇ ਵਿਚਾਰ ਕੀਤੀ ਕਿ ਕੰਧ ਨੂੰ ਸ਼ੀਸ਼ੇ ਵਿੱਚ ਮੜਾਅ ਕੇ ਸੁਰੱਖਿਅਤ ਕਰ ਦੇਣਾ ਚਾਹੀਦਾ ਹੈ।

Adv.

ਬਟਾਲਾ ਸ਼ਹਿਰ ਦੇ ਇੱਕ ਬਜ਼ੁਰਗ ਦੱਸਦੇ ਹਨ ਕਿ ਜਦੋਂ ਕੱਚੀ ਕੰਧ ਨੂੰ ਸ਼ੀਸ਼ੇ ਵਿੱਚ ਸੁਰੱਖਿਅਤ ਕਰਨ ਦਾ ਵਿਚਾਰ ਆਇਆ ਤਾਂ ਏਨਾ ਵੱਡਾ ਸ਼ੀਸ਼ਾ ਕਿਤੋਂ ਨਾ ਮਿਲੇ। ਪੰਜਾਬ ਦੇ ਸਾਰੇ ਵੱਡੇ ਸ਼ਹਿਰਾਂ ਵਿਚ ਏਥੋਂ ਤੱਕ ਕਿ ਦਿੱਲੀ ਤੱਕ ਵੀ ਪਹੁੰਚ ਕੀਤੀ ਗਈ ਪਰ ਕੰਧ ਦੇ ਸਾਈਜ ਦਾ ਸ਼ੀਸ਼ਾ ਕਿਤੋਂ ਨਾ ਲੱਭਾ। ਫਿਰ ਆਖਰ ਜਿਨ੍ਹਾਂ ਵੀ ਵੱਡੇ ਤੋਂ ਵੱਡਾ ਸ਼ੀਸ਼ਾ ਮਿਲ ਸਕਦਾ ਸੀ ਉਨ੍ਹਾਂ ਹੀ ਲੈ ਆਂਦਾ। ਫਿਰ ਸੰਗਤ ਨੇ ਅਰਦਾਸ ਕਰਕੇ ਉਸ ਕੱਚੀ ਕੰਧ ਨੂੰ ਸ਼ੀਸ਼ੇ ਦੇ ਅਕਾਰ ਦਾ ਕਰਕੇ ਸ਼ੀਸ਼ੇ ਵਿੱਚ ਮੜ੍ਹ ਦਿੱਤਾ। ਅੱਜ ਸੰਗਤਾਂ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਓਸੇ ਹੀ ਕੰਧ ਦੇ ਦਰਸ਼ਨ ਕਰਦੀਆਂ ਹਨ।

-ਧੰਨਵਾਦ ਸਾਹਿਤ ਇੰਦਰਜੀਤ ਸਿੰਘ ਹਰਪੁਰਾ,
ਬਟਾਲਾ,
ਪੰਜਾਬ।
98155-77574

Leave a Reply

Your email address will not be published. Required fields are marked *