
ਜਿਲ੍ਹਾ ਗੁਰਦਾਸਪੁਰ ਦੇ 204700 ਪੈਨਸ਼ਨ ਲਾਭਪਾਤਰੀਆਂ ਨੂੰ 30.70 ਕਰੋੜ ਰੁਪਏ ਦੇ ਕਰੀਬ ਪੈਨਸ਼ਨ ਜਾਰੀ ਕੀਤੀ ਗਈ
ਬਟਾਲਾ, 1 ਸਤੰਬਰ (ਅਮਰੀਕ ਮਠਾਰੂ/ ਗੁਰਿੰਦਰ ਸੰਧੂ ) – ਬਟਾਲਾ ਨੇੜਲੇ ਪਿੰਡ ਭੁੱਲਰ ਦੀ ਬਜ਼ੁਰਗ ਬੀਬੀ ਜੀਤੋ ਨੂੰ ਪੰਜਾਬ ਸਰਕਾਰ ਵੱਲੋਂ ਵਧਾਈ ਬੁਢਾਪਾ ਪੈਨਸ਼ਨ ਨਾਲ ਵੱਡੀ ਰਾਹਤ ਮਿਲੀ ਹੈ। ਬੀਬੀ ਜੀਤੋ ਨੂੰ ਜੁਲਾਈ 2021 ਮਹੀਨੇ ਦੀ ਪੈਨਸ਼ਨ 1500 ਰੁਪਏ ਮਿਲੀ ਹੈ ਜਿਸ ਨੂੰ ਲੈ ਕੇ ਉਹ ਖੁਸ਼ ਹੈ। ਉਸਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਬੁਢਾਪਾ ਪੈਨਸ਼ਨ ਦੁਗਣੀ ਕਰਕੇ ਉਸ ਵਰਗੇ ਹਜ਼ਾਰਾਂ ਬਜ਼ੁਰਗਾਂ ਦੀ ਸਾਰ ਲਈ ਹੈ। ਬੀਬੀ ਜੀਤੋ ਦੇ ਪਤੀ ਮਹਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਬੁਢਾਪਾ ਪੈਨਸ਼ਨ ਉਸਦੇ ਗੁਜ਼ਰ-ਬਸਰ ਦਾ ਸਹਾਰਾ ਹੈ। ਇਸੇ ਤਰਾਂ ਹੋਰ ਬਜ਼ੁਰਗ, ਵਿਧਵਾ ਔਰਤਾਂ, ਆਸ਼ਰਿਤ ਬੱਚੇ ਤੇ ਦਿਵਿਆਂਗ ਵਿਅਕਤੀਆਂ ਨੇ ਵੀ ਪੈਨਸ਼ਨ ਦੁਗਣੀ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।
Adv.
ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਵਧੀ ਹੋਈ ਪੈਨਸ਼ਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਮੂਹ ਪੈਨਸ਼ਨਰਾਂ ਜਿਨ੍ਹਾਂ ਵਿਚ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਆਸ਼ਰਿਤ ਬੱਚਿਆਂ ਤੇ ਦਿਵਿਆਂਗ ਵਿਅਕਤੀਆਂ ਨੂੰ ਪ੍ਰਤੀ ਮਹੀਨਾ 750 ਰੁਪੈ ਤੋਂ ਵਧਾਕੇ ਪੈਨਸ਼ਨ 1500 ਰੁਪੈ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੁਲਾਈ 2021 ਮਹੀਨੇ ਦੌਰਾਨ ਜਿਲ੍ਹਾ ਗੁਰਦਾਸਪੁਰ ਦੇ 204700 ਲਾਭਪਾਤਰੀਆਂ ਨੂੰ 30.70 ਕਰੋੜ ਰੁਪਏ ਦੇ ਕਰੀਬ ਪੈਨਸ਼ਨ ਜਾਰੀ ਕੀਤੀ ਗਈ ਹੈ, ਜਦਕਿ ਜੂਨ 2021 ਮਹੀਨੇ ਦੌਰਾਨ 199195 ਲਾਭਪਾਤਰੀਆਂ ਨੂੰ 750 ਰੁਪੈ ਪ੍ਰਤੀ ਮਹੀਨੇ ਦੇ ਹਿਸਾਬ ਨਾਲ 14 ਕਰੋੜ 93 ਲੱਖ 72 ਹਜ਼ਾਰ 500 ਰੁਪੈ ਪੈਨਸ਼ਨ ਦੇ ਤੌਰ ’ਤੇ ਜਾਰੀ ਕੀਤੇ ਗਏ ਸਨ।
Adv.
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੁਲਾਈ ਮਹੀਨੇ ਦੌਰਾਨ ਨਾ ਕੇਵਲ ਲਾਭਪਾਤਰੀਆਂ ਦੀ ਗਿਣਤੀ ਵਿਚ 5548 ਲਾਭਪਾਤਰੀਆਂ ਦਾ ਵਾਧਾ ਹੋਇਆ ਬਲਕਿ ਪੈਨਸ਼ਨ ਦੁੱਗਣੀ ਹੋਣ ਨਾਲ ਪ੍ਰਤੀ ਮਹੀਨਾ 15 ਕਰੋੜ ਰੁਪੈ ਵਾਧੂ ਲਾਭਪਾਤਰੀਆਂ ਨੂੰ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੈਨਸ਼ਨ ਦੇ ਸਾਰੇ ਲਾਭਪਾਤਰੀਆਂ ਨੂੰ ਵਧੀ ਹੋਈ ਪੈਨਸ਼ਨ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜ ਦਿੱਤੀ ਗਈ ਹੈ।

