ਇਹੁ ਹੋਆ ਹਲੇਮੀ ਰਾਜੁ ਜੀਉ… ਖਾਲਸਾ ਰਾਜ ਦੌਰਾਨ ਮੰਦਰਾਂ ਦਾ ਨਿਰਮਾਣ ایہہ ہوآ ہلیمی راجُ جیؤ… خالصہ راج دوران مندراں دا نرمان

ਇਹੁ ਹੋਆ ਹਲੇਮੀ ਰਾਜੁ ਜੀਉ…

ਖਾਲਸਾ ਰਾਜ ਦੌਰਾਨ ਮੰਦਰਾਂ ਦਾ ਨਿਰਮਾਣ

ਦੁਨੀਆਂ ਵਿੱਚ ਜੇ ਕਿਤੇ ਹਲੇਮੀ ਰਾਜ ਦੀ ਉਦਾਹਰਨ ਦੇਖਣੀ ਹੋਵੇ ਤਾਂ ਸਰਕਾਰ ਖਾਲਸਾ ਦੇ ਰਾਜ ਤੋਂ ਵਧੀਆ ਹੋਰ ਕੋਈ ਉਦਾਹਰਨ ਨਹੀਂ ਹੈ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਅੱਜ ਵੀ ਹਰ ਪੱਖ ਤੋਂ ਦੁਨੀਆਂ ਦਾ ਸਭ ਤੋਂ ਵਧੀਆ ਰਾਜ ਮੰਨਿਆ ਜਾਂਦਾ ਹੈ। ਇਹ ਸਿੱਖ ਰਾਜ ਦੀ ਹੀ ਖਾਸੀਅਤ ਸੀ ਕਿ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਦਾ ਜਦੋਂ ਰਾਜ ਆਇਆ ਤਾਂ ਇਸ ਰਾਜ ਵਿੱਚ ਕੋਈ ਗੁਮਾਨ ਨਹੀਂ ਸੀ ਅਤੇ ਨਾ ਹੀ ਕਿਸੇ ਪ੍ਰਕਾਰ ਦੀ ਫਿਰਕਾਪ੍ਰਸਤੀ। ਖਾਲਸਾ ਰਾਜ ਦੌਰਾਨ ਹਿੰਦੂ ਤੇ ਮੁਸਲਿਮ ਧਰਮ ਦੇ ਪੈਰੋਕਾਰਾਂ ਨੂੰ ਆਪਣਾ ਧਾਰਮਿਕ ਅਕੀਦਾ ਮੰਨਣ ਦੀ ਪੂਰੀ ਖੁਲ ਸੀ। ਏਹੀ ਕਾਰਨ ਸੀ ਕਿ ਸਿੱਖ ਰਾਜ ਨੂੰ ਧਰਮ ਨਿਰਪੱਖ ਰਾਜ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਅਸਲ ਵਿੱਚ ਖਾਲਸਾ ਹੈ ਹੀ ਧਰਮ ਨਿਰਪੱਖ ਅਤੇ ਉਹ ਹਰ ਵੇਲੇ ਸਰਬੱਤ ਦਾ ਭਲਾ ਮੰਗਦਾ ਹੈ।

ਸਾਡੇ ਬਟਾਲਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਖਾਲਸਾ ਰਾਜ ਦੇ ਹਲੇਮੀ ਰਾਜ ਅਤੇ ਦੂਸਰੇ ਧਰਮਾਂ ਦੇ ਸਤਿਕਾਰ ਦੀਆਂ ਪ੍ਰਤੱਖ ਉਦਾਹਰਨਾ ਅੱਜ ਵੀ ਦੇਖੀਆਂ ਜਾ ਸਕਦੀਆਂ ਹਨ। ਖਾਲਸਾ ਰਾਜ ਦੌਰਾਨ ਕਿਸੇ ਦਾ ਜ਼ਬਰੀ ਧਰਮ ਪਰਵਰਤਨ ਨਹੀਂ ਸੀ ਕਰਵਾਇਆ ਜਾਂਦਾ ਅਤੇ ਨਾ ਹੀ ਕਦੀ ਕਿਸੇ ਦੇ ਧਰਮ ਅਸਥਾਨ ਨੂੰ ਕੋਈ ਨੁਕਾਸਨ ਪਹੁੰਚਾਇਆ ਗਿਆ ਸੀ। ਸਰਕਾਰ ਖਾਲਸਾ ਨੇ ਦੂਸਰੇ ਧਰਮਾਂ ਦੀ ਕੋਈ ਹਾਨੀ ਤਾਂ ਕੀ ਕਰਨੀ ਸੀ ਸਗੋਂ ਖਾਲਸਿਆਂ ਵੱਲੋਂ ਹਿੰਦੂ ਧਰਮ ਦੇ ਪੈਰੋਕਾਰਾਂ ਨੂੰ ਸ਼ਾਹੀ ਖਜ਼ਾਨੇ ਵਿਚੋਂ ਖੂਬਸੂਰਤ ਮੰਦਰ ਉਸਾਰ ਕੇ ਦਿੱਤੇ ਗਏ।

ਬਟਾਲਾ ਸ਼ਹਿਰ ਵਿੱਚ ਸਥਿਤ ਪ੍ਰਸਿੱਧ ਕਾਲੀ ਦੁਆਰਾ ਮੰਦਰ ਵੀ ਇਸ ਗੱਲ ਦਾ ਗਵਾਹ ਹੈ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਤੇ ਪੰਜਾਬ ਦੇ ਮਹਾਰਾਜੇ ਸ਼ੇਰ ਸਿੰਘ ਨੇ ਆਪਣੇ ਹੱਥੀਂ ਇਸ ਮੰਦਰ ਦੀ ਸੇਵਾ ਕਰਵਾਈ ਸੀ। ਮਹਾਰਾਜਾ ਸ਼ੇਰ ਸਿੰਘ ਸਿੱਖ ਰਿਵਾਇਤ ਅਨੁਸਾਰ ਹਰ ਧਰਮ ਦਾ ਸਤਿਕਾਰ ਕਰਦੇ ਸਨ ਅਤੇ ਉਨ੍ਹਾਂ ਨੇ ਸ੍ਰੀ ਕਾਲੀ ਦੁਆਰਾ ਮੰਦਰ, ਬਟਾਲਾ ਦੀ ਜਿਥੇ ਖੂਬਸੂਰਤ ਇਮਾਰਤ ਤਾਮੀਰ ਕਰਵਾਈ ਓਥੇ ਉਹ ਅਕਸਰ ਇਸਦੇ ਦਰਸ਼ਨ ਕਰਨ ਵੀ ਜਾਂਦੇੇ ਸਨ। ਮਹਾਰਾਜਾ ਸ਼ੇਰ ਸਿੰਘ ਵੱਲੋਂ ਕਰਵਾਈ ਸੇਵਾ ਦੀ ਸਿੱਲ ਕੁਝ ਦਾਹਕੇ ਪਹਿਲਾਂ ਤੱਕ ਵੀ ਇਸ ਮੰਦਰ ਵਿੱਚ ਲੱਗੀ ਹੁੰਦੀ ਸੀ, ਜੋ ਹੁਣ ਦਿਖਾਈ ਨਹੀਂ ਦਿੰਦੀ।

ਇਸੇ ਤਰਾਂ ਬਟਾਲਾ ਸ਼ਹਿਰ ਦੇ ਨੇੜਲੇ ਪਿੰਡ ਚਾਚੋਵਾਲੀ ਵਿਖੇ ਵੀ ਮਹਾਰਾਜਾ ਸ਼ੇਰ ਸਿੰਘ ਵੱਲੋਂ ਹਿੰਦੂ ਧਰਮ ਦੇ ਪੈਰੋਕਾਰਾਂ ਨੂੰ ਕ੍ਰਿਸ਼ਨ ਮੰਦਰ ਬਣਾ ਕੇ ਦਿੱਤਾ ਸੀ। ਇਸ ਮੰਦਰ ਦੀਆਂ ਕੰਧਾਂ ’ਤੇ ਉਸ ਸਮੇਂ ਦੇ ਕੰਧ ਚਿੱਤਰ ਅਜੇ ਵੀ ਦੇਖੇ ਜਾ ਸਕਦੇ ਹਨ। ਇਨ੍ਹਾਂ ਕੰਧ ਚਿੱਤਰਾਂ ਵਿੱਚ ਇੱਕ ਚਿੱਤਰ ਮਹਾਰਾਜਾ ਰਣਜੀਤ ਸਿੰਘ ਦਾ ਹੈ। ਇੱਕ ਹਿੰਦੂ ਮੰਦਰ ਵਿੱਚ ਪੰਜਾਬ ਦੇ ਮਹਾਰਾਜੇ ਦਾ ਚਿੱਤਰ ਹੋਣ ਇਹ ਸਾਬਤ ਕਰਦਾ ਹੈ ਕਿ ਸਰਕਾਰ ਖਾਲਸਾ ਵੱਲੋਂ ਇਸ ਮੰਦਰ ਦੀ ਸਰਪਰਸਤੀ ਕੀਤੀ ਗਈ ਸੀ।

ਬਟਾਲਾ ਤੋਂ ਕਰੀਬ 25 ਕਿਲੋਮੀਟਰ ਦੂਰ ਪਿੰਡ ਲੱਧਾ ਮੁੰਡਾ ਦਾ ਮੰਦਰ ਵੀ ਸਰਕਾਰ ਖਾਲਸਾ ਵੱਲੋਂ ਬਣਾਇਆ ਗਿਆ ਸੀ। ਇਸ ਮੰਦਰ ਦੀ ਕੰਧ ਉੱਪਰ ਬਣੇ ਪੁਰਾਤਨ ਕੰਧ ਚਿੱਤਰਾਂ ਵਿੱਚ ਇੱਕ ਚਿੱਤਰ ਮਹਾਰਾਜਾ ਰਣਜੀਤ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਮਹਾਰਾਜਾ ਸ਼ੇਰ ਸਿੰਘ ਦਾ ਹੈ। ਇਸ ਮੰਦਰ ਦੀ ਉਸਾਰੀ ਵੀ ਸਿੱਖ ਹਕੂਮਤ ਵੱਲੋਂ ਕੀਤੀ ਗਈ ਸੀ।

ਘੁਮਾਣ ਲਾਗਲੇ ਪਿੰਡ ਕਿਸ਼ਨ ਕੋਟ ਵਿਖੇ ਪੁਰਤਾਨ ਰਾਧਾ ਕ੍ਰਿਸ਼ਨ ਮੰਦਰ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖ ਗੁਰੂ ਸਾਹਿਬਾਨ ਦੇ ਕੰਧ ਚਿੱਤਰ ਖਾਲਸਾ ਰਾਜ ਦੀ ਸਭ ਨੂੰ ਪਿਆਰ ਤੇ ਸਤਿਕਾਰ ਕਰਨ ਦੀ ਨੀਤੀ ਦੀ ਹਾਮੀ ਭਰਦੇ ਹਨ।

ਫਤਹਿਗੜ੍ਹ ਚੂੜੀਆਂ ਵਿਖੇ ਵੀ ਮਹਾਰਾਣੀ ਚੰਦ ਕੌਰ ਵੱਲੋਂ ਇੱਕ ਬਹੁਤ ਹੀ ਖੂਬਸੂਰਤ ਮੰਦਰ ਬਣਵਾਇਆ ਗਿਆ ਸੀ ਜਿਸਨੂੰ ਪੰਜ ਮੰਦਰੀ ਕਹਿੰਦੇ ਹਨ। ਇਸ ਮੰਦਰ ਦੀ ਇਮਾਰਤ ਏਨੀ ਖੂਬਸੂਰਤ ਹੈ ਕਿ ਇਹ ਕਿਸੇ ਅਜੂਬੇ ਤੋਂ ਘੱਟ ਨਹੀਂ ਹੈ। ਸਰਕਾਰ ਖਾਲਸਾ ਨੇ ਕੇਵਲ ਇਹ ਮੰਦਰ ਹੀ ਨਹੀਂ ਬਣਾ ਕੇ ਦਿੱਤੇ ਸਗੋਂ ਉਨ੍ਹਾਂ ਦੀ ਸੇਵਾ ਸੰਭਾਲ ਲਈ ਪੁਖਤਾ ਪ੍ਰਬੰਧ ਕੀਤੇ ਸਨ।

ਕਲਾਨੌਰ ਵਿਖੇ ਹਿੰਦੂ ਧਰਮ ਦੇ ਪ੍ਰਸਿੱਧ ਸ਼ਿਵ ਮੰਦਰ ਦੀ ਉਸਾਰੀ ਵੀ ਸ਼ੇਰ-ਏ-ਪੰਜਾਬ ਦੇ ਵੱਡੇ ਸਪੁੱਤਰ ਤੇ ਪੰਜਾਬ ਦੇ ਮਹਾਰਾਜਾ ਖੜਕ ਸਿੰਘ ਵੱਲੋਂ ਕੀਤੀ ਗਈ ਸੀ, ਜਿਸਦਾ ਇਤਿਹਾਸ ਵਿੱਚ ਬਹੁਤ ਵਾਰ ਜਿਕਰ ਮਿਲਦਾ ਹੈ। ਮਹਾਰਾਜਾ ਸ਼ੇਰ ਸਿੰਘ ਵੱਲੋਂ ਇਸ ਮੰਦਰ ਦੀ ਕਰਵਾਈ ਸੇਵਾ ਦੀ ਸਿੱਲ ਵੀ ਮੰਦਰ ਵਿੱਚ ਲੱਗੀ ਹੋਈ ਹੈ।

ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਵੀ ਮੰਦਰਾਂ ਵਿੱਚ ਖੁੱਲੇ ਦਿਲ ਨਾਲ ਦਾਨ-ਪੁੰਨ ਕੀਤਾ ਜਾਂਦਾ ਸੀ। ਸ਼ੇਰ-ਏ-ਪੰਜਾਬ ਵੱਲੋਂ ਜਿਥੇ ਮੰਦਰਾਂ ਦਾ ਨਿਰਮਾਣ ਕਰਵਾਇਆ ਗਿਆ ਤੇ ਸੇਵਾ ਸੰਭਾਲ ਕੀਤੀ ਗਈ ਓਥੇ ਉਹ ਮੁਸਲਿਮ ਧਰਮ ਦੀ ਮਸਜਿਦਾਂ ਲਈ ਵੀ ਦਿਲ ਖੋਲ ਕੇ ਦਾਨ ਕਰਦੇ ਸਨ।

ਉਪਰੋਕਤ ਦਿੱਤੀਆਂ ਉਦਾਹਰਨਾ ਨੂੰ ਅੱਜ ਵੀ ਦੇਖਿਆ ਜਾ ਸਕਦਾ ਅਤੇ ਇਹ ਮੰਦਰ ਹੁਣ ਵੀ ਸਰਕਾਰ ਖਾਲਸਾ ਦੇ ਹਲੀਮੀ ਰਾਜ ਦੀ ਗਵਾਹੀ ਭਰਦੇ ਹਨ। ਖਾਲਸਾ ਰਾਜ ਦੌਰਾਨ ਕਦੀ ਵੀ ਧਾਰਮਿਕ ਫਸਾਦ ਨਹੀਂ ਹੋਇਆ ਸੀ ਅਤੇ ਇਸ ਰਾਜ ਦੌਰਾਨ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਅਤੇ ਆਪਸੀ ਭਾਈਚਾਰਾ ਇਸ ਨੂੰ ਦੁਨੀਆਂ ਦੇ ਸਭ ਤੋਂ ਚੰਗੇ ਰਾਜਾਂ ਵਿੱਚ ਸ਼ੁਮਾਰ ਕਰਦਾ ਹੈ। ਹਰ ਸਿੱਖ ਸਮੇਤ ਹਰ ਪੰਜਾਬੀ ਨੂੰ ਖਾਲਸਾ ਰਾਜ ਉੱਪਰ ਮਾਣ ਕਰਨਾ ਚਾਹੀਦਾ ਹੈ।

– ਇੰਦਰਜੀਤ ਸਿੰਘ ਹਰਪੁਰਾ,
ਬਟਾਲਾ, ਪੰਜਾਬ।
98155-77574

Adv.

ایہہ ہوآ ہلیمی راجُ جیؤ…

خالصہ راج دوران مندراں دا نرمان

دنیاں وچّ جے کتے ہلیمی راج دی اداہرن دیکھنی ہووے تاں سرکار خالصہ دے راج توں ودھیا ہور کوئی اداہرن نہیں ہے۔ شیر-اے-پنجاب مہاراجہ رنجیت سنگھ دا خالصہ راج اج وی ہر پکھ توں دنیاں دا سبھ توں ودھیا راج منیا جاندا ہے۔ ایہہ سکھ راج دی ہی خاصیت سی کہ سربتّ دا بھلا منگن والی سکھ قوم دا جدوں راج آیا تاں اس راج وچّ کوئی گمان نہیں سی اتے نہ ہی کسے پرکار دی فرقہ پرستی۔ خالصہ راج دوران ہندو تے مسلم دھرم دے پیروکاراں نوں اپنا دھارمک عقیدہ منن دی پوری کھل سی۔ ایہی کارن سی کہ سکھ راج نوں دھرم نرپکھّ راج وجوں وی یاد کیتا جاندا ہے۔ اصل وچّ خالصہ ہے ہی دھرم نرپکھّ اتے اوہ ہر ویلے سربتّ دا بھلا منگدا ہے۔

ساڈے بٹالا شہر اتے آس-پاس دے علاقے وچّ خالصہ راج دے ہلیمی راج اتے دوسرے دھرماں دے ستکار دیاں پرتکھ اداہرنا اج وی دیکھیاں جا سکدیاں ہن۔ خالصہ راج دوران کسے دا زبری دھرم پرورتن نہیں سی کروایا جاندا اتے نہ ہی کدی کسے دے دھرم استھان نوں کوئی نکاسن پہنچایا گیا سی۔ سرکار خالصہ نے دوسرے دھرماں دی کوئی ہانی تاں کی کرنی سی سگوں خالصیاں ولوں ہندو دھرم دے پیروکاراں نوں شاہی خزانے وچوں خوبصورت مندر اسار کے دتے گئے۔

بٹالا شہر وچّ ستھت پرسدھ کالی دوارا مندر وی اس گلّ دا گواہ ہے کہ شیر-اے-پنجاب مہاراجہ رنجیت سنگھ دے سپتر تے پنجاب دے مہاراجے شیر سنگھ نے اپنے ہتھیں اس مندر دی سیوا کروائی سی۔ مہاراجہ شیر سنگھ سکھ روائت انوسار ہر دھرم دا ستکار کردے سن اتے اوہناں نے سری کالی دوارا مندر، بٹالا دی جتھے خوبصورت عمارت تعمیر کروائی اوتھے اوہ اکثر اسدے درشن کرن وی جاندیے سن۔ مہاراجہ شیر سنگھ ولوں کروائی سیوا دی سلّ کجھ داہکے پہلاں تکّ وی اس مندر وچّ لگی ہندی سی، جو ہن دکھائی نہیں دندی۔

اسے طرحاں بٹالا شہر دے نیڑلے پنڈ چاچووالی وکھے وی مہاراجہ شیر سنگھ ولوں ہندو دھرم دے پیروکاراں نوں کرشن مندر بنا کے دتا سی۔ اس مندر دیاں کندھاں ’تے اس سمیں دے کندھ چتر اجے وی دیکھے جا سکدے ہن۔ ایہناں کندھ چتراں وچّ اک چتر مہاراجہ رنجیت سنگھ دا ہے۔ اک ہندو مندر وچّ پنجاب دے مہاراجے دا چتر ہون ایہہ ثابت کردا ہے کہ سرکار خالصہ ولوں اس مندر دی سرپرستی کیتی گئی سی۔

بٹالا توں قریب 25 کلومیٹر دور پنڈ لدھا منڈا دا مندر وی سرکار خالصہ ولوں بنایا گیا سی۔ اس مندر دی کندھ اپر بنے پراتن کندھ چتراں وچّ اک چتر مہاراجہ رنجیت سنگھ اتے اوہناں دے سپتر مہاراجہ شیر سنگھ دا ہے۔ اس مندر دی اساری وی سکھ حکومت ولوں کیتی گئی سی۔

گھمان لاگلے پنڈ کشن کوٹ وکھے پرتان رادھا کرشن مندر وچّ وی مہاراجہ رنجیت سنگھ اتے سکھ گورو صاحبان دے کندھ چتر خالصہ راج دی سبھ نوں پیار تے ستکار کرن دی نیتی دی حامی بھردے ہن۔

پھتہگڑھ چوڑیاں وکھے وی مہارانی چند کور ولوں اک بہت ہی خوبصورت مندر بنوایا گیا سی جسنوں پنج مندری کہندے ہن۔ اس مندر دی عمارت اینی خوبصورت ہے کہ ایہہ کسے عجوبے توں گھٹّ نہیں ہے۔ سرکار خالصہ نے کیول ایہہ مندر ہی نہیں بنا کے دتے سگوں اوہناں دی سیوا سنبھال لئی پختہ پربندھ کیتے سن۔

کلانور وکھے ہندو دھرم دے پرسدھ شو مندر دی اساری وی شیر-اے-پنجاب دے وڈے سپتر تے پنجاب دے مہاراجہ کھڑک سنگھ ولوں کیتی گئی سی، جسدا اتہاس وچّ بہت وار ذکر ملدا ہے۔ مہاراجہ شیر سنگھ ولوں اس مندر دی کروائی سیوا دی سلّ وی مندر وچّ لگی ہوئی ہے۔

اس توں علاوہ مہاراجہ رنجیت سنگھ ولوں وی مندراں وچّ کھلے دل نال دان-پن کیتا جاندا سی۔ شیر-اے-پنجاب ولوں جتھے مندراں دا نرمان کروایا گیا تے سیوا سنبھال کیتی گئی اوتھے اوہ مسلم دھرم دی مسجداں لئی وی دل کھولھ کے دان کردے سن۔

اپروکت دتیاں اداہرنا نوں اج وی دیکھیا جا سکدا اتے ایہہ مندر ہن وی سرکار خالصہ دے حلیمی راج دی گواہی بھردے ہن۔ خالصہ راج دوران کدی وی دھارمک فساد نہیں ہویا سی اتے اس راج دوران سارے دھرماں دا برابر ستکار اتے آپسی بھائی چارا اس نوں دنیاں دے سبھ توں چنگے راجاں وچّ شمار کردا ہے۔ ہر سکھ سمیت ہر پنجابی نوں خالصہ راج اپر مان کرنا چاہیدا ہے۔

– اندرجیت سنگھ ہرپرا،
بٹالا، پنجاب۔
98155-77574

Leave a Reply

Your email address will not be published. Required fields are marked *