ਇਨਸਾਨੀ ਬਘਿਆੜ

( ਇਨਸਾਨੀ ਬਘਿਆੜ )

ਜੇ ਇਹ ਇਨਸਾਨੀ ਬਘਿਆੜ
ਔਰਤ ਦੀ ਜ਼ਿੰਦਗੀ ਵਿੱਚ ਨਾ ਹੁੰਦੇ
ਜ਼ਿੰਦਗੀ ਹੁਸੀਨ ਤੇ ਖ਼ੁਸ਼ਹਾਲ ਹੁੰਦੀ
ਹਰ ਪੱਲ ਮਰ ਮਰ ਕੇ
ਨਾ ਜੀਵਿਆ ਹੁੰਦਾ
ਕਦੀ ਇਕ ਪੱਲ ਸੁੱਖ ਦਾ
ਸਾਹ ਨਾ ਲਿਆ
ਹਰ ਪੱਲ ਦਹਿਸ਼ਤ ਦੇ
ਸਾਏ ਵਿੱਚ ਗੁਜ਼ਰਿਆ
ਇਹ ਇਨਸਾਨੀ ਬਘਿਆੜ
ਹਮੇਸ਼ਾਂ ਖਾ ਜਾਣ ਵਾਲੀਆਂ
ਨਜ਼ਰਾਂ ਨਾਲ ਘੂਰਦਾ ਰਿਹਾ
ਉਸ ਬਘਿਆੜ ਦੀਆਂ ਖ਼ੂਨ -ਖਾਰ
ਨਜ਼ਰਾਂ ਹਰ ਪਲ ਪਿੱਛਾ ਕਰਦੀਆਂ
ਗਾਹੇ ਬਗਾਹੇ ਉਹ ਬਘਿਆੜ
ਝੱਪਟੇ ਮਾਰਦਾ ਤੇ ਗੁਰਰਾਉਂਦਾ ਰਹਿੰਦਾ
ਉਹ ਬਘਿਆੜ ਜ਼ਿੰਦਗੀ ਭਰ
ਰੱਤ ਚੂਸਦਾ ਰਿਹਾ
ਭੁੱਲ ਭੁਲੇਖੇ ਕਿਤੇ ਗਲਤੀ
ਨਾਲ ਖਹਿ ਜਾਣਾ
ਬਘਿਆੜ ਨੇ ਲਾਲ ਅੱਖਾਂ
ਕੱਢ ਕੇ ਕਹਿਣਾ ਅੰਨੀ ਹੈ
ਤੈਨੂੰ ਦਿੱਖਦਾ ਨਹੀਂ
ਇਹ ਉਹੀ ਸਰੀਰ ਹੈ
ਜਿਸਨੂੰ ਇਸ ਬਘਿਆੜ ਨੇ
ਸਦਾ ਨੋਚ ਖਾਧਾ ਹੈ
ਕੋਈ ਬਘਿਆੜ ਜੱਦ ਖੂੰਖਾਰ
ਜਾਂ ਪਾਗਲ ਹੋ ਜਾਏ ਤੇ
ਉਸਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ
ਜਾਂ ਪਿੰਜਰੇ ਵਿੱਚ ਬੰਦ
ਕਰ ਦਿੱਤਾ ਜਾਂਦਾ ਹੈ
ਪਰ ਇਹਨਾਂ ਇਨਸਾਨੀ ਬਘਿਆੜਾਂ
ਦਾ ਕੀ ਕੀਤਾ ਜਾਏ ਜੋ
ਹਲਕਾਏ ਹੋਏ ਹਰਲ ਹਰਲ
ਭੱਜ ਰਹੇ ਨੇ ਇਸ ਤਾਕ ਵਿੱਚ
ਕਿਵੇਂ ਇਸਨੂੰ ਆਪਣੇ ਜ਼ਹਿਰੀਲੇ
ਸ਼ਬਦਾਂ ਨਾਲ ਜ਼ਖ਼ਮੀ ਕੀਤਾ ਜਾਏ
ਜੇ ਇਹ ਇਨਸਾਨੀ ਬਘਿਆੜ
ਔਰਤ ਦੀ ਜ਼ਿੰਦਗੀ ਵਿੱਚ ਨਾ ਹੁੰਦੇ
ਉਸਦੀ ਜ਼ਿੰਦਗੀ ਵੀ ਹੁਸੀਨ
ਤੇ ਸਦਾ ਖ਼ੁਸ਼ਹਾਲ ਹੁੰਦੀ
ਜੇ ਇਹ ਇਨਸਾਨੀ ਬਘਿਆੜ
ਨਾ ਹੁੰਦੇ , ਨਾ ਹੁੰਦੇ ।

( ਰਮਿੰਦਰ ਰਮੀ )

Leave a Reply

Your email address will not be published. Required fields are marked *