ਜਲਦੀ ਹੀ ਬਟਾਲਾ ਸ਼ਹਿਰ ਵਿੱਚ ਨਵੇਂ ਵਿਕਾਸ ਕਾਰਜ ਅਰੰਭ ਕੀਤੇ ਜਾਣਗੇ – ਮੇਅਰ ਸੁਖਦੀਪ ਸਿੰਘ ਤੇਜਾ
ਬਟਾਲਾ, 22 ਅਪ੍ਰੈਲ (ਅਮਰੀਕ ਮਠਾਰੂ ) – ਜ਼ਿਲ੍ਹਾ ਕਾਂਗਰਸ ਸੇਵਾ ਦਲ ਵੱਲੋਂ ਅੱਜ ਨਗਰ ਨਿਗਮ ਬਟਾਲਾ ਦੇ ਨਵ-ਨਿਯੁਕਤ ਮੇਅਰ ਸ. ਸੁਖਦੀਪ ਸਿੰਘ ਤੇਜਾ ਅਤੇ ਸੀਨੀਅਰ ਡਿਪਟੀ ਮੇਅਰ ਸ੍ਰੀ ਸੁਨੀਲ ਸਰੀਨ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਕਾਂਗਰਸ ਸੇਵਾ ਦਲ ਵੱਲੋਂ ਰਮਨ ਨਈਅਰ, ਨਰੇਸ਼ ਕਪੂਰ, ਨਰਿੰਦਰ ਮਹਿਤਾ, ਤਰਸੇਮ ਸਿੰਘ ਢਿਲੋਂ, ਅਤੇ ਰਜਤ ਕਪੂਰ ਵੱਲੋਂ ਮੇਅਰ ਸ. ਤੇਜਾ ਅਤੇ ਸੀਨੀਅਰ ਡਿਪਟੀ ਮੇਅਰ ਨੂੰ ਮੁਬਾਰਕਬਾਦ ਦਿੱਤੀ ਅਤੇ ਬਟਾਲਾ ਸ਼ਹਿਰ ਦੇ ਵਿਕਾਸ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਨਗਰ ਨਿਗਮ ਬਟਾਲਾ ਦੇ ਮੇਅਰ ਸ. ਸੁਖਦੀਪ ਸਿੰਘ ਤੇਜਾ ਅਤੇ ਸੀਨੀਅਰ ਡਿਪਟੀ ਮੇਅਰ ਸ੍ਰੀ ਸੁਨੀਲ ਸਰੀਨ ਨੇ ਕਿਹਾ ਕਿ ਉਹ ਬਟਾਲਾ ਵਾਸੀਆਂ ਦੇ ਏਨਾ ਮਾਣ ਦੇਣ ਲਈ ਧੰਨਵਾਦੀ ਹਨ ਅਤੇ ਉਹ ਸਾਰਿਆਂ ਨੂੰ ਯਕੀਨ ਦਿਵਾਉਂਦੇ ਹਨ ਕਿ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਮੇਅਰ ਸ. ਤੇਜਾ ਨੇ ਕਿਹਾ ਕਿ ਜਲਦੀ ਹੀ ਬਟਾਲਾ ਸ਼ਹਿਰ ਵਿੱਚ ਨਵੇਂ ਵਿਕਾਸ ਕਾਰਜ ਅਰੰਭ ਕੀਤੇ ਜਾ ਰਹੇ ਹਨ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੇ ਜਿਹੜੇ ਵੀ ਇਲਾਕਿਆਂ ਵਿੱਚ ਵਿਕਾਸ ਕਾਰਜ ਲੋੜੀਂਦੇ ਹਨ ਉਨ੍ਹਾਂ ਦੀ ਸੂਚੀ ਬਣਾਈ ਜਾਵੇ ਤਾਂ ਜੋ ਓਥੇ ਵੀ ਵਿਕਾਸ ਕੀਤਾ ਜਾ ਸਕੇ।
ਮੇਅਰ ਸ. ਸੁਖਦੀਪ ਸਿੰਘ ਤੇਜਾ ਨੇ ਕਿਹਾ ਕਿ ਬਟਾਲਾ ਸ਼ਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਹਰਿਆਂ ਦਾ ਸ਼ਹਿਰ ਹੈ ਅਤੇ ਇਸ ਸ਼ਹਿਰ ਦੇ ਵਿਕਾਸ ਵਿੱਚ ਸਰਕਾਰ ਵੱਲੋਂ ਕੋਈ ਕਮੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਹੋਏ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਬਟਾਲਾ ਸ਼ਹਿਰ ਹਰ ਦਿਨ ਵਿਕਾਸ ਦੀਆਂ ਨਵੀਆਂ ਪੁਲਾਂਘਾ ਪੁੱਟ ਰਿਹਾ ਹੈ। ਸ. ਤੇਜਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਦੀ ਸਫ਼ਾਈ ਵਿੱਚ ਉਹ ਨਗਰ ਨਿਗਮ ਦਾ ਸਾਥ ਜਰੂਰ ਦੇਣ।
Adv.


