ਬਟਾਲਾ ਵਿਚ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਅਤੇ ਗ੍ਰਿਫਤਾਰ ਨੌਜਵਾਨਾਂ ਦੀ ਰਿਹਾਈ ਲਈ ਮੁਜ਼ਾਹਰਾ

ਬਟਾਲਾ ਵਿਚ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਅਤੇ ਗ੍ਰਿਫਤਾਰ ਨੌਜਵਾਨਾਂ ਦੀ ਰਿਹਾਈ ਲਈ ਮੁਜ਼ਾਹਰਾ

ਬਟਾਲਾ: ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਅੱਜ ਬਟਾਲਾ ਦੇ  ਬੇਰਿੰਗ ਕਾਲਜੀਏਟ ਦੇ ਸਾਹਮਣੇ ਭਾਰਤ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਅਤੇ ਦਿੱਲੀ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੌਜਵਾਨਾਂ ਦੀ ਰਿਹਾਈ ਲਈ ਮੁਜ਼ਾਹਰਾ ਕੀਤਾ ਗਿਆ। ਨੌਜਵਾਨਾਂ, ਵਿਦਿਆਰਥੀਆਂ ਦੀ ਭਰਵੀਂ ਸ਼ਮੂਲੀਅਤ ਵਾਲੇ ਇਸ ਇਕੱਠ ਵਿਚ ਮੁਜ਼ਾਹਰਾਕਾਰੀਆਂ ਨੇ ਦਿੱਲੀ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੀਪ ਸਿੱਧੂ, ਨੌਦੀਪ ਕੌਰ, ਰਣਜੀਤ ਸਿੰਘ ਅਤੇ ਦਿਸ਼ਾ ਰਾਵੀ ਦੀਆਂ ਤਸਵੀਰਾਂ ਵਾਲੇ ਪੋਸਟਰ ਚੁੱਕੇ ਹੋਏ ਸਨ।

ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਸੱਥ ਦੇ ਨੁਮਾਂਇੰਦੇ ਜੁਝਾਰ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨ ਸਿਰਫ ਕਿਸਾਨ ਵਿਰੋਧੀ ਹੀ ਨਹੀਂ ਬਲਕਿ ਇਨਸਾਨੀਅਤ ਵਿਰੋਧੀ ਹਨ ਅਤੇ ਇਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਭਾਰਤ ਸਰਕਾਰ ਵੱਲੋਂ ਗ੍ਰਿਫਤਾਰ ਕਰਨਾ ਲੋਕਤੰਤਰ ਦਾ ਘਾਣ ਕਰਨ ਬਰਾਬਰ ਹੈ। ਉਹਨਾਂ ਕਿਹਾ ਕਿ ਜਦੋਂ ਹੁਣ ਕਾਲੇ ਕਾਨੂੰਨਾਂ ਖਿਲਾਫ ਵੱਡੀ ਲੋਕ ਲਹਿਰ ਖੜ੍ਹੀ ਹੋ ਚੁੱਕੀ ਹੈ ਤਾਂ ਸਰਕਾਰ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਸੰਘਰਸ਼ ਵਿਚ ਸ਼ਾਮਲ ਹੋਰ ਨੌਜਵਾਨਾਂ ਨੂੰ ਡਰਾਉਣਾ ਚਾਹੁੰਦੀ ਹੈ। ਉਹਨਾਂ ਸਪਸ਼ਟ ਕੀਤਾ ਕਿ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਪੰਜਾਬ ਭਰ ਵਿਚ ਸਰਕਾਰ ਜ਼ਬਰ ਖਿਲਾਫ ਕੀਤੇ ਜਾ ਰਹੇ ਪ੍ਰਦਰਸ਼ਨਾਂ ਨਾਲ ਉਹ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਨੌਜਵਾਨ ਸਰਕਾਰੀ ਜ਼ਬਰ ਤੋਂ ਡਰਨ ਵਾਲੇ ਨਹੀਂ ਹਨ।

ਸੱਥ ਦੇ ਨੁਮਾਂਇੰਦੇ ਜਗਮੀਤ ਸਿੰਘ ਨੇ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਨੂੰ ਜੇਲ੍ਹਾਂ ਵਿਚ ਬੰਦ ਸਾਰੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਰਿਹਾਅ ਕਰਕੇ ਕਿਸਾਨ ਨੁਮਾਂਇੰਦਿਆਂ ਨਾਲ ਗੰਭੀਰ ਗੱਲਬਾਤ ਮੁੜ ਸ਼ੁਰੂ ਕਰਨੀ ਚਾਹੀਦੀ ਹੈ। ਉਹਨਾਂ ਕਿਸਾਨ ਜਥੇਬੰਦੀਆਂ ਨੂੰ ਵੀ ਝੰਜੋੜਦਿਆਂ ਕਿਹਾ ਕਿ ਕਿਸਾਨ ਸੰਘਰਸ਼ ਨੂੰ ਦਿੱਲੀ ਦੀਆਂ ਹੱਦਾਂ ਤਕ ਪਹੁੰਚਾਉਣ ਵਿਚ ਜਿਹਨਾਂ ਨੌਜਵਾਨਾਂ ਦਾ ਸਭ ਤੋਂ ਵੱਡਾ ਯੋਗਦਾਨ ਸੀ, ਜਦੋਂ 26 ਜਨਵਰੀ ਤੋਂ ਬਾਅਦ ਸਰਕਾਰ ਨੇ ਨੌਜਵਾਨਾਂ ‘ਤੇ ਜ਼ਬਰ ਸ਼ੁਰੂ ਕੀਤਾ ਤਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਨੌਜਵਾਨਾਂ ਨੂੰ ਪਿੱਠ ਦਿਖਾ ਦਿੱਤੀ। ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਨੌਜਵਾਨਾਂ ਪ੍ਰਤੀ ਮੰਦੀ ਸ਼ਬਦਾਵਲੀ ਵਰਤਣ ਵਾਲੇ ਆਗੂ ਮੁਆਫੀ ਮੰਗਣ ਅਤੇ ਦਲੇਰੀ ਤੇ ਸਿਆਣਪ ਨਾਲ ਅਗਾਂਹ ਸੰਘਰਸ਼ ਨੂੰ ਚਲਾਉਣ।

ਗੁਰੂ ਨਾਨਕ ਕਾਲਜ ਦੇ ਵਿਦਿਆਰਥੀ ਹਰਜੋਤ ਸਿੰਘ ਨੇ ਕਿਹਾ ਕਿ ਕਿਸਾਨ ਸੰਘਰਸ਼ ਵਿਚ ਹਰ ਵਰਗ ਦੀ ਸ਼ਮੂਲੀਅਤ ਦਾ ਕਾਰਨ ਇਹੋ ਬਣਿਆ ਕਿ ਇਹ ਲੜਾਈ ਮਹਿਜ਼ ਆਰਥਿਕਤਾ ਤਕ ਸੀਮਤ ਹੋ ਕੇ ਨਹੀਂ ਰਹੀ ਬਲਕਿ ਹੋਂਦ ਦਾ ਸੰਘਰਸ਼ ਬਣ ਗਿਆ ਹੈ। ਉਹਨਾਂ ਕਿਹਾ ਕਿ ਸਰਕਾਰ ਇਹਨਾਂ ਤਿੰਨ ਕਾਨੂੰਨਾਂ ਰਾਹੀਂ ਆਮ ਬੰਦੇ ਨੂੰ ਵੱਡੇ ਕਾਰਪੋਰੇਟ ਦੇ ਗੁਲਾਮ ਬਣਾ ਦੇਣਾ ਚਾਹੁੰਦੀ ਹੈ ਅਤੇ ਉਸ ਨੂੰ ਰੋਟੀ ਲਈ ਵੀ ਇਹਨਾਂ ਵੱਡੀਆਂ ਕੰਪਨੀਆਂ ਦਾ ਮੁਥਾਜ ਹੋਣਾ ਪਵੇਗਾ

।Adv.

ਬੇਰਿੰਗ ਕਾਲਜ ਦੇ ਵਿਦਿਆਰਥੀ ਹਰਮਨ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰ ਖੇਤੀਬਾੜੀ ਖੇਤਰ ਵਿਚ ਸੋਧਾਂ ਦੇ ਨਾਂ ‘ਤੇ ਨਿਜੀਕਰਨ ਕਰਨ ਜਾ ਰਹੀ ਹੈ ਜੋ ਪਹਿਲਾਂ ਬਾਕੀ ਸਭ ਖੇਤਰਾਂ ਵਿਚ ਆਪਣੇ ਮਾਰੂ ਨਤੀਜੇ ਦਿਖਾ ਚੁੱਕਿਆ ਹੈ। ਉਹਨਾਂ ਕਿਹਾ ਕਿ ਸਿਹਤ ਖੇਤਰ ਵਿਚ ਨਿਜੀਕਰਨ ਨਾਲ ਸਿਹਤ ਸਹੂਲਤਾਂ ਆਮ ਬੰਦੇ ਦੇ ਵਸੋਂ ਬਾਹਰ ਹੋ ਗਈਆਂ, ਸਿੱਖਿਆ ਖੇਤਰ ਵਿਚ ਨਿਜੀਕਰਨ ਨਾਲ ਚੰਗੀ ਸਿੱਖਿਆ ਆਮ ਬੰਦੇ ਦੇ ਵੱਸੋਂ ਬਾਹਰ ਹੋ ਗਈ ਤੇ ਜਦੋਂ ਇਹਨਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਖੇਤੀ ਖੇਤਰ ਵਿਚ ਮੁਕੰਮਲ ਨਿਜੀਕਰਨ ਹੋ ਗਿਆ ਤਾਂ ਆਮ ਬੰਦੇ ਨੂੰ ਰੋਟੀ ਮਿਲਣੀ ਵੀ ਔਖੀ ਹੋ ਜਾਵੇਗੀ ਜੋ ਮਨੁੱਖਤਾ ਖਿਲਾਫ ਪਾਪ ਹੈ।
ਇਸ ਮੌਕੇ ਕਿਸਾਨ ਜਵਾਨ ਭਲਾਈ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਅਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਮੁਖ ਸਿੰਘ ਬਾਜਵਾ ਨੇ ਨੌਜਵਾਨਾਂ ਨੂੰ ਸੰਬੋਧਨ ਕੀਤਾ ਅਤੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦੀ ਨਿਖੇਧੀ ਕੀਤੀ। ਉਹਨਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਨੌਜਵਾਨਾਂ ਨਾਲ ਖੜਨ ਦੀ ਅਪੀਲ ਵੀ ਕੀਤੀ। ਇਸ ਮੌਕੇ ਆੜਤੀ ਐਸੋਸ਼ੀਏਸ਼ਨ ਵਲੋਂ ਵਿਪਨ ਸੋਢੀ ਵੀ ਹਾਜਰ ਰਹੇ।

Adv.

Leave a Reply

Your email address will not be published. Required fields are marked *