ਡੀ.ਸੀ. ਦੀਆਂ ਕੋਸ਼ਿਸ਼ਾਂ ਸਦਕਾ ਸ੍ਰੀ ਅਚਲੇਸ਼ਵਰ ਧਾਮ ਨੂੰ ਮਿਲੇਗੀ ਇੱਕ ਹੋਰ 18 ਫੁੱਟ ਚੌੜੀ ਪੱਕੀ ਸੜਕ

 

ਡੀ.ਸੀ. ਦੀਆਂ ਕੋਸ਼ਿਸ਼ਾਂ ਸਦਕਾ ਸ੍ਰੀ ਅਚਲੇਸ਼ਵਰ ਧਾਮ ਨੂੰ ਮਿਲੇਗੀ ਇੱਕ ਹੋਰ 18 ਫੁੱਟ ਚੌੜੀ ਪੱਕੀ ਸੜਕ

ਸੜਕ ਚੌੜੀ ਕਰਨ ਲਈ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਨੂੰ ਸਹਿਮਤੀ ਦਿੱਤੀ

ਡੀ.ਸੀ. ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਸੜਕ ਬਣਾਉਣ ਦੀ ਕਾਰਵਾਈ ਸ਼ੁਰੂ ਕਰਨ ਦੀਆਂ ਹਦਾਇਤਾਂ ਦਿੱਤੀਆਂ

ਬਟਾਲਾ, 4 ਦਸੰਬਰ ( ਅਮਰੀਕ ਮਠਾਰੂ ਰੰਜਨਦੀਪ ਸੰਧੂ) – ਹਿੰਦੂ-ਸਿੱਖ ਧਰਮਾਂ ਦੇ ਸਾਂਝੇ ਤੀਰਥ ਅਸਥਾਨ ਸ੍ਰੀ ਅੱਚਲ ਸਾਹਿਬ ਨੂੰ ਹੁਣ ਇੱਕ ਹੋਰ 18 ਫੁੱਟ ਚੌੜਾ ਨਵਾਂ ਰਸਤਾ ਮਿਲਣ ਜਾ ਰਿਹਾ ਹੈ। ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਦੀਆਂ ਕੋਸ਼ਿਸ਼ਾਂ ਸਦਕਾ ਪਿੰਡ ਚਾਹਲ ਖੁਰਦ ਦੇ ਕਿਸਾਨ ਇਸ ਨਵੇਂ ਰਸਤੇ ਨੂੰ ਬਣਾਉਣ ਲਈ ਸਹਿਮਤ ਹੋ ਗਏ ਹਨ। ਕਿਸਾਨਾਂ ਦੀ ਸਹਿਮਤੀ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਐਸਟੀਮੇਟ ਬਣਾ ਕੇ ਇਸ ਸੜਕ ਦੇ ਨਿਰਮਾਣ ਸ਼ੁਰੂ ਕੀਤਾ ਜਾਵੇ ਤਾਂ ਜੋ ਅਪ੍ਰੈਲ ਮਹੀਨੇ ਸ਼ਿਵਰਾਤਰੀ ਦੇ ਤਿਉਹਾਰ ਤੋਂ ਪਹਿਲਾਂ ਸ਼ਰਧਾਲੂਆਂ ਲਈ ਇਹ ਨਵਾਂ ਲਾਂਘਾ ਬਣ ਸਕੇ।

ਅੱਜ ਬਟਾਲਾ ਦੇ ਸ਼ਿਵ ਬਟਾਲਵੀ ਆਡੀਟੋਰੀਅਮ ਵਿਖੇ ਅਚਲੇਸ਼ਵਰ ਧਾਮ ਦੀ ਸੇਵਾ ਸੰਭਾਲ ਕਰ ਰਹੀ ਟਰੱਸਟ ਦੇ ਮੈਂਬਰਾਂ, ਪਿੰਡ ਚਾਹਲ ਖੁਰਦ ਦੀ ਪੰਚਾਇਤ, ਕਿਸਾਨਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਨਵਾਂ ਰਸਤਾ ਮਿਲਣ ਨਾਲ ਸ੍ਰੀ ਅੱਚਲ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਨੂੰ ਬੜੀ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਲੋਕ ਭਲਾਈ ਲਈ ਆਪਣੇ ਖੇਤਾਂ ਵਿਚੋਂ ਲੰਘਦੇ ਰਸਤੇ ਨੂੰ ਚੌੜਿਆਂ ਕਰਨ ਲਈ ਥਾਂ ਦੇ ਦੇਣ ਤਾਂ ਜੋ ਇਸ ਕੱਚੇ ਰਸਤੇ ਨੂੰ 18 ਫੁੱਟ ਚੌੜੀ ਪੱਕੀ ਸੜਕ ਵਿੱਚ ਬਦਲਿਆ ਜਾ ਸਕੇ। ਕਿਸਾਨਾਂ ਨੇ ਡਿਪਟੀ ਕਮਿਸ਼ਨਰ ਨੂੰ ਆਪਣੀ ਸਹਿਮਤੀ ਦਿੰਦਿਆਂ ਕਿਹਾ ਕਿ ਉਹ ਸੜਕ ਚੌੜੀ ਕਰਨ ਲਈ ਆਪਣੇ ਖੇਤਾਂ ਵਿੱਚੋਂ ਥਾਂ ਦੇਣ ਨੂੰ ਤਿਆਰ ਹਨ। ਕਿਸਾਨਾਂ ਵੱਲੋਂ ਸਹਿਮਤੀ ਦੇਣ ’ਤੇ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਇਸ ਫੈਸਲੇ ਨਾਲ ਸੰਗਤਾਂ ਨੂੰ ਸ੍ਰੀ ਅਚਲੇਸ਼ਵਰ ਧਾਮ ਅਤੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਦੇ ਦਰਸ਼ਨ ਕਰਨ ਆਉਣ ਸਮੇਂ ਬਹੁਤ ਅਸਾਨੀ ਹੋਵੇਗੀ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸ੍ਰੀ ਅਚਲੇਸ਼ਵ ਧਾਮ ਕਮੇਟੀ ਨੂੰ ਸਟਰੀਟ ਲਾਈਟਾਂ ਲਗਾਉਣ ਲਈ ਤਿੰਨ ਲੱਖ ਰੁਪਏ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਬੀ.ਡੀ.ਪੀ.ਓ. ਬਟਾਲਾ ਨੂੰ ਹਦਾਇਤ ਕੀਤੀ ਕਿ ਸ੍ਰੀ ਅੱਚਲ ਸਾਹਿਬ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮਾਂ ਰਹਿੰਦਿਆਂ ਪੂਰਾ ਕੀਤਾ ਜਾਵੇ। ਇਸਦੇ ਨਾਲ ਹੀ ਉਨ੍ਹਾਂ ਇਸ ਪਾਵਨ ਤੀਰਥ ਦੀ ਸਾਫ਼-ਸਫ਼ਾਈ ਵੱਲ ਹੋਰ ਉਚੇਚਾ ਧਿਆਨ ਦੇਣ ਲਈ ਕਿਹਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੈਰ ਸਪਾਟਾ ਵਿਭਾਗ ਨਾਲ ਗੱਲ ਕਰਕੇ ਜ਼ਿਲ੍ਹਾ ਗੁਰਦਾਸਪੁਰ ਦੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਇੱਕ ਵਿਸ਼ੇਸ਼ ਸਰਕਟ ਬਣਾਇਆ ਜਾਵੇਗਾ, ਜਿਸ ਤਹਿਤ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਸ੍ਰੀ ਅੱਚਲ ਸਾਹਿਬ, ਬਟਾਲਾ, ਘੁਮਾਣ, ਸ੍ਰੀ ਹਰਗੋਬਿੰਦਪੁਰ ਅਤੇ ਡੇਰਾ ਬਾਬਾ ਨਾਨਕ ਦੇ ਧਾਰਮਿਕ ਅਸਥਾਨਾਂ ਦੇ ਵੀ ਦਰਸ਼ਨ ਕਰ ਸਕਣਗੇ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ ਅਤੇ ਇਲਾਕੇ ਦੀ ਤਰੱਕੀ ਹੋਵੇਗੀ। ਡਿਪਟੀ ਕਮਿਸ਼ਨਰ ਨੇ ਰੈੱਡ ਕਰਾਸ ਵੱਲੋਂ ਇੱਕ ਈ-ਰਿਕਸ਼ਾ ਸ੍ਰੀ ਅਚਲੇਸ਼ਵਰ ਧਾਮ ਕਮੇਟੀ ਨੂੰ ਦੇਣ ਦਾ ਵਾਅਦਾ ਕੀਤਾ ਜੋ ਜਲੰਧਰ ਰੋਡ ਤੋਂ ਮੰਦਰ ਤੇ ਗੁਰਦਆਰਾ ਸਾਹਿਬ ਤੱਕ ਸ਼ਰਧਾਲੂਆਂ ਨੂੰ ਲਿਜਾਣ ਦੀ ਸੇਵਾ ਕਰੇਗਾ।

ਇਸ ਮੀਟਿੰਗ ਵਿੱਚ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ, ਤਹਿਸੀਲਦਾਰ ਬਟਾਲਾ ਸ. ਬਲਜਿੰਦਰ ਸਿੰਘ, ਬੀ.ਡੀ.ਪੀ.ਓ. ਸ੍ਰੀਮਤੀ ਅਮਨਦੀਪ ਕੌਰ, ਐਕਸੀਅਨ ਲੋਕ ਨਿਰਮਾਣ ਵਿਭਾਗ ਸ੍ਰੀ ਰਾਜੀਵ ਕੁਮਾਰ ਸੈਣੀ, ਐੱਸ.ਡੀ.ਓ. ਸ. ਦਵਿੰਦਰ ਪਾਲ ਸਿੰਘ, ਨਾਇਬ ਤਹਿਸੀਲਦਾਰ ਰਾਜ ਕੁਮਾਰ, ਅਚਲੇਸ਼ਵਰ ਟਰੱਸਟ ਵੱਲੋਂ ਪਵਨ ਕੁਮਾਰ ਪੰਮਾ, ਗੁਲਸ਼ਨ ਮਾਰਬਲ ਵਾਲੇ, ਸਰਪੰਚ ਪਿੰਡ ਚਾਹਲ ਖੁਰਦ ਅਤੇ ਕਿਸਾਨ ਵੀ ਹਾਜ਼ਰ ਸਨ।

Leave a Reply

Your email address will not be published. Required fields are marked *