ਬਟਾਲਾ:-(ਅਮਰੀਕ ਮਠਾਰੂ,ਰੰਜਨਦੀਪ ਸੰਧੂ)
ਜਾਂਚ ਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮਹੱਤਿਆ ਨੂੰ ਹੱਤਿਆ ਦੇ ਸ਼ੱਕ ਵਿੱਚ ਸ਼ੁਰੂ ਕੀਤੀ ਗਈ ਸੀ। ਉਸ ਜਾਂਚ ਦਾ ਤਾਂ ਕੋਈ ਮੂੰਹ ਮੱਥਾ ਨਾ ਬਣਿਆ ਤਾਂ ਕੁੱਝ ਫ਼ਿਲਮੀ ਹਸਤੀਆਂ ਦੇ ਨਸ਼ੇ ਨਾਲ ਸੰਬੰਧਿਤ ਜਾਂਚ NCB ਕਰਨ ਲੱਗ ਪਈ, ਜਿੰਨਾ ਵਿੱਚ ਕੁੱਝ ਨਾਮਵਾਰ ਚੇਹਰੇ ਵੀ ਸ਼ਾਮਿਲ ਕਰ ਲਏ ਗਏ। ਜਿਹੜੇ ਲੋਕ ਆਪ ਨਸ਼ਾ ਕਰਨ ਦੇ ਪੀੜਤ ਹੋਣ ਉਨ੍ਹਾਂ ਨੂੰ ਰਿੜਕ ਕੇ ਮੀਡੀਏ ਦੀਆਂ ਸੁਰਖੀਆਂ ਬਣਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦਾ ਇੱਕ ਬੜਾ ਵਧੀਆ ਤਰੀਕਾ ਹੈ। ਨਸ਼ਾ ਕੌਣ ਨਹੀਂ ਕਰ ਰਿਹਾ? ਕੋਈ ਸ਼ਰਾਬ ਦਾ ਕਰ ਰਿਹਾ ਤੇ ਕੋਈ ਭੰਗੀ, ਚਰਸੀ, ਅਫ਼ੀਮੀ ਜਾਂ ਫਿਰ ਆਪਣੀ ਸਮਰੱਥਾ ਅਨੁਸਾਰ ਸਮੈਕ ਲੈ ਰਿਹਾ। ਜਿਸ ਤਰ੍ਹਾਂ ਦੇ ਨਸ਼ੇ ਇਹ ਫ਼ਿਲਮਾਂ ਵਾਲੇ ਲੈ ਰਹੇ ਨੇ ਉਸ ਤੋਂ ਵੱਡੇ ਅਮਲੀ ਤਾਂ ਤੁਹਾਨੂੰ ਆਪਣੇ ਆਂਢ ਗੁਆਂਢ, ਗਲੀ ਮੁਹੱਲਿਆਂ, ਪਿੰਡਾਂ ਜਾਂ ਰਿਸ਼ਤੇਦਾਰੀਆਂ ਵਿੱਚ ਆਮ ਨਜ਼ਰ ਆ ਜਾਣਗੇ। NCB ਨੂੰ ਤਾਂ ਮੰਨੀਏ ਜੇ ਕੋਈ ਵੱਡਾ ਕੋਕੀਨ ਦਾ ਸੌਦਾਗਰ ਜਾਂ ਫਿਰ ਕੋਈ ਵੱਡੀ ਖਾਣ ਇਸ ਨੇ ਇਸ ਜਾਂਚ ਵਿੱਚੋਂ ਲੱਭ ਲੈਣੀ ਹੋਏ। ਇਹ ਵਿਚਾਰੇ ਤਾਂ ਆਪਣੇ ਇਕੱਲੇਪਨ ਦੇ ਮਾਰੇ ਇਸ ਫ਼ਿਲਮੀ ਚਕਾਚੌਂਧ ਵਿੱਚ ਆਪ ਨਸ਼ੇ ਦੇ ਆਸਰੇ ਬੈਠੇ ਨੇ।
ਕਈ ਵਾਰ ਤਾਂ ਲੱਗਦਾ ਕਿ ਅਸਲ ਨਿਸ਼ਾਨੇ ਰਾਜਨੀਤਕ ਹਨ ਤੇ ਮਹਾਰਾਸ਼ਟਰ ਦੀ ਸੱਤਾ ਦੀ ਖੋਹ ਮਾਈ ਹੈ। ਜਿਸ ਤਰ੍ਹਾਂ ਕੱਲ ਸ਼ਿਵ ਸੈਨਾ ਦਾ ਵੱਡਾ ਨੇਤਾ ਸੰਜੇ ਰਾਉਤ ਮਹਾਂਰਾਸ਼ਟਰ ਦੇ ਸਾਬਕਾ ਭਾਜਪਾ ਮੁੱਖ ਮੰਤਰੀ ਫਰਡਨਵੀਜ ਨੂੰ ਗੁਪ ਚੁੱਪ ਢੰਗ ਨਾਲ ਮਿਲਿਆ ਉਸ ਤੋਂ ਲੱਗਦਾ ਕਿ ਇਸ ਜਾਂਚ ਦੀ ਲੁੱਕਣ ਮਿਟੀ ਦਾ ਅੰਤ ਹੋਣ ਵਾਲਾ ਹੈ। ਲੱਗਦਾ ਕਿ NCB ਦੀ ਜਾਂਚ ਦਾ ਘੇਰਾ ਤੰਗ ਕਰਕੇ ਸਿਆਸੀ ਮਨੋਰਥ ਸਫਲ ਹੋ ਰਹੇ ਨੇ। ਅਸਲ ਵਿੱਚ ਜੋ ਕੁੱਝ ਸਿਆਸਤ ਵਿੱਚ ਜੋ ਰਿਹਾ ਹੁੰਦਾ ਹੈ, ਉਹ ਨਹੀਂ ਹੁੰਦਾ, ਅਸਲ ਨਿਸ਼ਾਨੇ ਕੁੱਝ ਹੋਰ ਹੁੰਦੇ ਨੇ।
ਜਸਵੰਤ ਜੱਸ !!

