IPT BUREAU
ਕੋਸ ਮਿਨਾਰ (ਕੋਹ ਮਿਨਾਰ) ਬੰਗਾਲ ਦੇ ਪਿੰਡ ਸੋਨਾਰ ਤੋਂ ਲੈ ਕੇ ਆਗਰਾ, ਮਥੁਰਾ, ਦਿੱਲੀ, ਹਰਿਆਣਾ ਅਤੇ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਹੁੰਦੇ ਹੋਏ ਪਾਕਿਸਤਾਨ ਦੇ ਪਿਸ਼ਾਵਰ ਤਕ ਪੁਰਾਣੇ ਸ਼ੇਰ ਸ਼ਾਹ ਸੂਰੀ ਮਾਰਗ ਉੱਪਰ ਬਣੇ ਹੋਏ ਹਨ। ਦੁਨੀਆਂ ਦੀ ਸਭ ਤੋਂ ਲੰਮੀ ਮੰਨੀ ਜਾਂਦੀ ਸੜਕ ਸ਼ਾਹ ਮਾਰਗ (ਜੀਟੀ ਰੋਡ) ਉੱਤੇ ਕੁੱਝ ਫਾਸਲੇ ’ਤੇ ਸਥਿਤ ਵਿਰਾਸਤੀ ਕੋਸ ਮਿਨਾਰ (ਕੋਹ ਮਿਨਾਰ) ਅੱਜ ਆਪਣੀ ਹੋਂਦ ਬਰਕਰਾਰ ਰੱਖਣ ਲਈ ਜੂਝ ਰਹੇ ਹਨ। ਦਰਅਸਲ ਇਹ ਕੋਸ ਮਿਨਾਰ ਸ਼ੇਰ ਸ਼ਾਹ ਸੂਰੀ ਅਤੇ ਬਾਅਦ ’ਚ ਮੁਗਲ ਸਹਿਨਸ਼ਾਹਾਂ ਨੇ ਸ਼ਾਹੀ ਕਾਫਲਿਆਂ ਨੂੰ ਪੈਂਡੇ ਤੇ ਦਿਸ਼ਾ ਦਾ ਬੋਧ ਕਰਵਾਉਣ ਲਈ ਉਸਾਰੇ ਸਨ। ਚੈੱਕ ਪੋਸਟਾਂ ਨੁਮਾ ਇਨ੍ਹਾਂ ਮਿਨਾਰਾਂ ਕੋਲ ਮੁਸਾਫਰਾਂ ਦੇ ਆਰਾਮ ਲਈ ਸਰਾਵਾਂ, ਪਿਆਸ ਬੁਝਾਉਣ ਵਾਸਤੇ ਠੰਢੇ ਪਾਣੀ ਦੇ ਖੂਹ ਅਤੇ ਛਾਂਦਾਰ ਰੁੱਖ ਹੁੰਦੇ ਸਨ। ਇਸ ਸ਼ਾਹੀ ਮਾਰਗ ਰਾਹੀਂ ਵਪਾਰੀ ਆਦਿ ਆਪਣਾ ਸਾਮਾਨ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਣ ਲਈ ਇਸ ਸ਼ਾਹ ਮਾਰਗ ਨੂੰ ਵਰਤਦੇ ਸਨ। ਇਹ ਸ਼ਾਹ ਮਾਰਗ ਦਿੱਲੀ, ਆਗਰਾ, ਪੰਜਾਬ ਤੋਂ ਹੁੰਦੇ ਹੋਏ ਅਫਗਾਨਿਸਤਾਨ ਤੇ ਇਰਾਨ ਨਾਲ ਵੀ ਜੁੜਦਾ ਸੀ। ਸ਼ੇਰ ਸ਼ਾਹ ਸੂਰੀ ਨੇ ਇਸ ਸੜਕ ’ਤੇ ਕੋਸ ਮਿਨਾਰਾਂ ਨੂੰ ਮਜ਼ਬੂਤੀ ਦੇਣ ਵਾਸਤੇ ਪੱਕੀ ਜੀਟੀ ਰੋਡ ਦਾ ਨਿਰਮਾਣ ਕਰਵਾਇਆ।
ਕੋਸ ਦਾ ਅਰਥ ਕੁਝ ਲੋਕ ਭੂਗੋਲ ਦੀ ਪਛਾਣ ਦੱਸਦੇ ਹਨ। ਪ੍ਰਾਚੀਨ ਸਮੇਂ ਵਿਚ ਮੀਲ ਜਾਂ ਕਿਲੋਮੀਟਰ ਨਹੀ ਹੁੰਦੇ ਸਨ। ਮਾਰਗ ਦੀ ਦੂਰੀ ਕੋਹਾਂ ਨਾਲ ਮਾਪੀ ਜਾਂਦੀ ਸੀ। ਕੋਹ ਜਾਂ ਕੋਸ ਸ਼ਬਦ ਨੂੰ ਦੂਰੀ ਮਾਪਣ ਵਾਲਾ ਇੱਕ ਪੈਮਾਨਾ ਮੰਨਿਆ ਜਾਂਦਾ ਹੈ। ਕੋਸ ਲਗਪਗ ਦੋ ਮੀਲ ਮਤਲਬ ਸਵਾ ਕੁ ਤਿੰਨ ਕਿਲੋਮੀਟਰ ਹੁੰਦਾ ਹੈ। ਸ਼ੇਰ ਸ਼ਾਹ ਸ਼ੂਰੀ ਨੇ ਕਲਕੱਤਾ ਤੋਂ ਪਿਸ਼ਾਵਰ ਤਕ ਸ਼ੇਰ ਸ਼ਾਹ ਸੂਰੀ ਮਾਰਗ ਬਣਵਾਇਆ ਸੀ। ਇਸ ਮਾਰਗ ’ਤੇ ਬਣਵਾਏ ਗਏ ਕੋਸ ਮਿਨਾਰਾਂ (ਕੋਹ ਮਿਨਾਰਾਂ) ਦੀ ਬੁਨਿਆਦ ਵਰਗਕਾਰ ਹੈ। ਇਸ ਦਾ ਹੇਠਲਾ ਹਿੱਸਾ ਅੱਠ ਕੋਣਾ ਹੈ। ਇਸ ਤੋਂ ਉਪਰ ਦੇ ਤਿਹਾਈ ਹਿੱਸੇ ਦਾ ਨਿਰਮਾਣ ਗੋਲ ਕੀਤਾ ਗਿਆ ਹੈ, ਜਿਹੜਾ ਉਪਰ ਵਲ ਘੱਟਦਾ ਜਾਂਦਾ ਹੈ। ਇਸ ਤੋਂ ਥੋੜ੍ਹਾ ਉਪਰ ਜਾ ਕੇ ਮਿਨਾਰ ਦਾ ਆਕਾਰ ਗੋਲ ਹੋ ਜਾਂਦਾ ਹੈ। ਇਹ ਕੋਸ ਮਿਨਾਰ ਦੂਰੋਂ ਹੀ ਨਜ਼ਰ ਆ ਜਾਂਦੇ ਹਨ।
ਆਈਨਾ-ਏ-ਅਕਬਰੀ ’ਚ ਅਬੁਲ ਫਜ਼ਲ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੁਗਲ ਕਾਲ ’ਚ ਦੇਸ਼ ਵਿਚ 600 ਕੋਸ ਮਿਨਾਰ ਸਨ, ਜਿਨ੍ਹਾਂ ’ਚੋਂ ਹੁਣ ਸਿਰਫ 100 ਕੁ ਦੇ ਕਰੀਬ ਮੌਜੂਦ ਹਨ। ਦੂਰੀ ਅਤੇ ਦਿਸ਼ਾ ਦੀ ਜਾਣਕਾਰੀ ਦੇਣ ਲਈ ਕੋਸ ਮਿਨਾਰਾਂ (ਕੋਹ ਮਿਨਾਰ) ਦਾ ਨਿਰਮਾਣ ਆਪਣੇ ਸਮੇਂ ਦੇ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਨੇ ਕਰਵਾਇਆ ਸੀ। ਹਾਲਾਂਕਿ ਬਾਅਦ ਵਿੱਚ ਬਾਦਸ਼ਾਹ ਅਕਬਰ ਨੇ ਵੀ ਰਾਜਸਥਾਨ ਦੇ ਅਲਵਰ ’ਚ ਕੋਸ ਮੀਨਾਰਾਂ ਦਾ ਨਿਰਮਾਣ ਕਰਵਾਇਆ। ਹਰਕਾਰੇ ਇਕ ਹੱਥ ਡਾਕ ਤੇ ਦੂਸਰੇ ’ਚ ਘੁੰਗਰੂਆਂ ਵਾਲੀ ਡਾਂਗ ਲੈ ਕੇ ਕੋਸ ਮਿਨਾਰਾਂ ਵਿਚਾਲੇ ਦੌੜਦੇ ਸਨ। 1619 ਈ: ’ਚ ਬਾਦਸ਼ਾਹ ਜਹਾਂਗੀਰ ਨੇ ਆਪਣੇ ਫੌਜਦਾਰ ਬਾਕਿਰ ਹੂਸੈਨ ਨੂੰ ਹੁਕਮ ਦੇ ਕੇ ਆਗਰਾ ਤੋਂ ਲਾਹੌਰ ਤਕ ਕੋਸ ਮਿਨਾਰ (ਕੋਹ ਮਿਨਾਰ) ਬਣਵਾਏ ਸਨ। ਇਨ੍ਹਾਂ ਮਿਨਾਰਾਂ ਦੇ ਨਿਰਮਾਣ ਲਈ ਛੋਟੇ ਤੇ ਪਤਲੇ ਸਾਈਜ਼ ਦੀਆਂ ਸੁਰਖ ਲਾਲ ਇੱਟਾਂ ਦੀ ਵਰਤੋਂ ਕੀਤੀ ਗਈ ਸੀ। ਇਨ੍ਹਾਂ ਦੀ ਚਿਣਾਈ ਚੂਨੇ, ਸੁਰਖੀ ਅਤੇ ਸੀਰੇ ਦੀ ਮਿਲਾਵਟ ਨਾਲ ਕਰਵਾਈ ਗਈ ਸੀ। ਇਸ ਮਿਲਾਵਟੀ ਮਿਸ਼ਰਣ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਇਸ ਵਿਚ ਮਾਂਹ ਦੀ ਦਾਲ ਪੀਹ ਕੇ ਮਿਲਾਈ ਜਾਂਦੀ ਸੀ। ਜ਼ਿਲ੍ਹਾ ਤਰਨਤਾਰਨ ਵਿੱਚ ਪੁਰਾਣੇ ਸ਼ੇਰ ਸ਼ਾਹ ਸੂਰੀ ਮਾਰਗ ਉੱਪਰ ਇਹ ਕੋਸ ਮੀਨਾਰ ਅੱਜ ਵੀ ਦੇਖੇ ਜਾ ਸਕਦੇ ਹਨ। ਤਸਵੀਰ ਵਿੱਚਲਾ ਇਹ ਕੋਸ ਮੀਨਾਰ ਤਰਨਤਾਰਨ ਤੋਂ ਝਬਾਲ ਸੜਕ ਉੱਪਰ ਨੂਰਦੀਨ ਪਿੰਡ ਦੇ ਲਾਗੇ ਹੈ। ਨੂਰਦੀਨ ਪਿੰਡ ਦੇ ਖੇਤਾਂ ਵਿੱਚ ਵੀ ਅਜਿਹਾ ਹੀ ਇੱਕ ਹੋਰ ਕੋਸ ਮੀਨਾਰ ਖੜ੍ਹਾ ਹੈ। ਇਹ ਮਿਨਾਰ ਉਸ ਸਮੇਂ ਡਾਕ ਭੇਜਣ ਵਾਸਤੇ ਵਰਤੋਂ ’ਚ ਆਉਂਦੇ ਸਨ। ਡਾਕ ਘੋੜਿਆਂ ’ਤੇ ਜਾਂਦੀ ਸੀ। ਇਕ ਮਿਨਾਰ ਤੋਂ ਦੂਸਰੇ ਮਿਨਾਰ ਤਕ ਘੋੜਾ ਦੌੜਦਾ ਸੀ। ਅਗਲੇ ਮਿਨਾਰ ’ਤੇ ਦੂਸਰਾ ਘੋੜਸਵਾਰ ਤਿਆਰ ਬਰ ਤਿਆਰ ਹੁੰਦਾ, ਜੋ ਡਾਕ ਲੈ ਕੇ ਅੱਗੇ ਚੱਲ ਪੈਂਦਾ ਸੀ। ਇਸ ਤਰ੍ਹਾਂ ਦਿੱਲੀ ਕਲਕੱਤੇ ਤਕ ਡਾਕ ਪਹੁੰਚਾਉਣ ਦਾ ਸਿਲਸਿਲਾ ਜਾਰੀ ਰਹਿੰਦਾ ਸੀ। ਮੁਗਲ ਹਕੂਮਤ ਵੱਲੋਂ ‘ਸ਼ਾਹੀ ਸੈਨਿਕਾਂ’ ਦੀ ਨਿਯੁਕਤੀ ਕੀਤੀ ਜਾਂਦੀ ਸੀ ਜੋ ਸ਼ਾਹੀ ਸੰਦੇਸ਼ ਪੱਤਰਾਂ ਨੂੰ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾਉਂਦੇ ਸਨ। ਭਾਰਤ ਵਿਚ ਡਾਕ ਭੇਜਣ ਦੀ ਵਿਵਸਥਾ ਉਸੇ ਸਮੇਂ ਸ਼ੁਰੂ ਹੋਈ ਸੀ ਜਿਸ ਕਰਕੇ ਸ਼ੇਰ ਸ਼ਾਹ ਸੂਰੀ ਨੂੰ ਡਾਕ ਸੇਵਾ ਦਾ ਜਨਮਦਾਤਾ ਵੀ ਮੰਨਿਆ ਜਾਂਦਾ ਹੈ। ਰਾਤਾਂ ਨੂੰ ਰੌਸ਼ਨੀ ਕੀਤੀ ਜਾਂਦੀ ਸੀ ਤਾਂ ਕਿ ਭਟਕੇ ਰਾਹਗੀਰ ਨੂੰ ਰਾਹ ਮਿਲ ਸਕੇ। ਦੇਸ਼ ਵੰਡ ਤੋਂ ਪਹਿਲਾਂ ਇਨ੍ਹਾਂ ਮਿਨਾਰਾਂ ਦੀ ਨਿਸ਼ਾਨਦੇਹੀ ’ਤੇ ਊਠਾਂ ਦੇ ਕਾਫਲੇ ਵੀ ਜਾਂਦੇ ਸਨ।
ਲੇਖਕ ਸੁਜਾਨ ਰਾਏ ਭੰਡਾਰੀ ਆਪਣੀ ਫ਼ਾਰਸੀ ਦੀ ਇਤਿਹਾਸਕ ਕਿਤਾਬ ਖ਼ੁਲਾਸਤੁਤ ਤਵਾਰੀਖ਼ ਵਿੱਚ ਕੋਸ ਮੀਨਾਰਾਂ ਦਾ ਜਿਕਰ ਕਰਦਿਆਂ ਲਿਖਦਾ ਹੈ ਕਿ ਸ਼ੇਰ ਸ਼ਾਹ ਨੇ ਆਪਣੇ ਰਾਜ ਸਮੇਂ ਬੰਗਾਲ ਤੋਂ ਰੋਹਤਾਸ ਤੱਕ (ਪੱਛਮੀ ਪੰਜਾਬ) ਕੋਸ ਮੀਨਾਰ ਬਣਾਏ। ਜਿਹੜਾ ਇੱਕ ਹਜ਼ਾਰ ਪੰਜ ਕੋਹ ਦਾ ਪੰਧ ਹੈ, ਦੋ-ਦੋ ਕੋਹ ਦੇ ਫਾਸਲੇ ਉੱਤੇ ਸਰਾਵਾਂ ਆਬਾਦ ਕੀਤੀਆਂ। ਹਰ ਸਰਾਂ ਵਿੱਚ ਡਾਕ ਚੌਂਕੀ ਦੇ ਦੋ-ਦੋ ਘੋੜੇ ਖੜੇ ਰਹਿੰਦੇ ਸਨ। ਬੰਗਾਲ ਦੀ ਡਾਕ ਦੋ ਤਿੰਨ ਦਿਨ ਵਿੱਚ ਰੋਹਤਾਸ ਪਹੁੰਚ ਜਾਂਦੀ ਸੀ। ਇਹ ਵੀ ਨਿਸ਼ਚਿਤ ਸੀ ਕਿ ਜਦ ਵੀ ਸ਼ੇਰ ਸਾਹ ਖਾਣਾ ਖਾਣ ਬਹਿੰਦਾ ਤਾਂ ਨਗਾਰਾ ਵਜਾਇਆ ਜਾਂਦਾ। ਉਸ ਸਮੇਂ ਬੰਗਾਲ ਤੋਂ ਰੋਹਤਾਸ ਤੱਕ ਸਾਰੀਆਂ ਸਰਾਵਾਂ ਵਿੱਚ ਅਤੇ ਦੂਜੀ ਦੂਜੀਆਂ ਸੜਕਾਂ ਉੱਤੇ ਨਗਾਰੇ ਵੱਜਣ ਲੱਗ ਪੈਂਦੇ। ਹਰ ਸਰਾਂ ਵਿੱਚ ਮੁਸਲਮਾਨ ਮੁਸਾਫਰਾਂ ਨੂੰ ਭੋਜਨ ਅਤੇ ਹਿੰਦੂਆਂ ਨੂੰ ਆਟਾ ਦਾਲ ਤੇ ਘੀ ਦਿੱਤਾ ਜਾਂਦਾ। ਇਸ ਤਰਾਂ ਹਜ਼ਾਰਾਂ ਮੁਸਾਫਰ ਇਸ ਆਲਮ ਪਨਾਹ ਬਾਦਸ਼ਾਹ ਦੇ ਦਾਨ ਤੋਂ ਲਾਭ ਪ੍ਰਾਪਤ ਕਰਦੇ। ਖਾਲੀ ਹੱਥ ਮੁਸਾਫਰ ਪੇਟ ਭਰਦੇ ਅਤੇ ਸੌਖ ਨਾਲ ਆਪਣੇ ਆਪਣੇ ਨਿਸ਼ਚਿਤ ਸਥਾਨ `ਤੇ ਅਪੜਦੇ। ਸੰਸਾਰ ਉਸਦੇ ਦਾਨ ਅਤੇ ਬਖਸ਼ਿਸ਼ ਤੋਂ ਲਾਭ ਪ੍ਰਾਪਤ ਕਰਦਾ। ਸੜਕਾਂ ਉੱਤੇ ਦੋਵੇਂ ਪਾਸੇ ਮੇਵੇਦਾਰ ਬਿਰਸ਼ ਲਗਾਏ ਤਾਂ ਜੋ ਉਹਨਾਂ ਦੀ ਛਾਂ ਵਿੱਚ ਮੁਸਾਫਰ ਖੇਡਦੇ ਖਾਂਦੇ ਯਾਤਰਾ ਕਰਨ।
ਕੁਝ ਹੋਰ ਇਤਿਹਾਸਕਾਰਾਂ ਦੇ ਮਤ ਅਨੁਸਾਰ ਸਨ 1619 ਵਿੱਚ ਬਾਦਸ਼ਾਹ ਜਹਾਂਗੀਰ ਨੇ ਮੁਲਤਾਨ ਦੇ ਸੰਸਥਾਪਕ ਬਾਕਿਰ ਖ਼ਾਨ ਨੂੰ ਆਗਰਾ ਤੋਂ ਲਾਹੌਰ ਤੱਕ ਦੀ ਪ੍ਰਾਚੀਨ ਸ਼ਾਹੀ ਸੜਕ ‘ਤੇ ਹਰ ਕੋਸ (ਲਗਭਗ 4.50 ਕਿਲੋਮੀਟਰ) ‘ਤੇ ਇੱਕ ਮੀਨਾਰ ਬਣਾਉਣ ਦਾ ਹੁਕਮ ਦਿੱਤਾ। ਇਹਨਾਂ ਮੀਨਾਰਾਂ ਨੂੰ ਕੋਸ ਮੀਨਾਰ ਕਿਹਾ ਜਾਂਦਾ ਸੀ, ਜੋ ਕਿ ਉਸ ਸਮੇਂ ਦੇ ਆਧੁਨਿਕ ਮੀਲ-ਪੱਥਰਾਂ ਦੇ ਬਰਾਬਰ ਸਨ। ਉਸ ਸਮੇਂ ਦੀਆਂ ਯਾਤਰਾ ਸੰਬੰਧੀ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਯਾਤਰੀਆਂ ਦੀ ਸਹੂਲਤ ਲਈ ਮੁਗਲਾਂ ਵੱਲੋਂ ਇਹ ਇੱਕ ਸ਼ਾਨਦਾਰ ਸੋਚ ਸੀ ਕਿ ਆਗਰਾ ਤੋਂ ਲਾਹੌਰ ਵਾਲੀ ਪੁਰਾਤਨ ਸ਼ਾਹੀ ਸੜਕ ‘ਤੇ ਕੋਸ ਮੀਨਾਰਾਂ ਦੇ ਨਾਲ-ਨਾਲ ਕੂਏ ਅਤੇ ਸਰਾਇਆਂ ਦੀ ਵੀ ਸਹੂਲਤ ਪ੍ਰਦਾਨ ਕੀਤੀ ਜਾਵੇ।
ਇਹ ਕੋਸ ਮੀਨਾਰ ਆਮ ਤੌਰ ‘ਤੇ ਇੱਟਾਂ ਦੇ ਬਣੇ ਹੁੰਦੇ ਹਨ ਜੋ ਹੇਠਾਂ ਚੌਰਸ ਚਬੂਤਰੇ ‘ਤੇ ਖੜ੍ਹੇ ਹੁੰਦੇ ਹਨ ਅਤੇ ਉਪਰੋਂ ਚੂਨੇ ਨਾਲ ਪੁਤੇ ਹੁੰਦੇ ਹਨ। ਹਰ ਮੀਨਾਰ ਦੀ ਉਚਾਈ ਲਗਭਗ 7.5 ਮੀਟਰ ਹੁੰਦੀ ਹੈ। ਇਸ ਦਾ ਹੇਠਲਾ ਅੱਠ-ਕੋਨਾ ਆਧਾਰ ਉੱਪਰਲੇ ਗੋਲ ਹਿੱਸੇ ਤੋਂ ਇਕ ਮੋਲਡਿੰਗ ਰਾਹੀਂ ਵੱਖ ਕੀਤਾ ਗਿਆ ਹੁੰਦਾ ਹੈ ਅਤੇ ਚੋਟੀ ਵੱਲੋਂ ਗੋਲ ਹੁੰਦਾ ਹੈ। ਇਹ ਇੱਕ ਕੋਸ ਮੀਨਾਰ ਦਾ ਮਿਆਰੀ ਰੂਪ ਸੀ ਜਿਸ ਵਿੱਚ ਸਥਾਨਕ ਪੱਧਰ ‘ਤੇ ਕੁਝ ਹੇਠ-ਉੱਪਰ ਹੁੰਦੀ ਸੀ।
ਪੰਜਾਬ ’ਚ ਇਹ ਮਿਨਾਰ ਹਿੰਦ-ਪਾਕਿ ਸਰਹੱਦ ’ਤੇ ਸਰਾਏ ਅਮਾਨਤ ਖਾਂ, ਨੂਰਦੀ, ਚੀਮਾ ਕਲਾਂ, ਦੱਖਣੀ ਜਹਾਂਗੀਰ, ਨਕੋਦਰ, ਸ਼ਾਮਪੁਰ, ਸੁਲਤਾਨਪੁਰ ਲੋਧੀ, ਸ਼ੇਰ ਪੁਰ ਕਲਾਂ, ਸਾਹਨੇਵਾਲ ਆਦਿ ਵਿੱਚ ਮੌਜੂਦ ਹਨ। ਅੱਜ ਜ਼ਿਆਦਾਤਰ ਕੋਸ ਮਿਨਾਰ ਖਸਤਾ ਹਾਲਤ ’ਚ ਹਨ। ਹਾਲਾਂਕਿ ਪੁਰਾਤਤਵ ਵਿਭਾਗ ਨੇ ਇਨ੍ਹਾਂ ਕੋਸ ਮਿਨਾਰਾਂ ਨੂੰ ਕੌਮੀ ਯਾਦਗਾਰ ਐਲਾਨਿਆ ਹੋਇਆ ਹੈ। ਇਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਸਜ਼ਾਯੋਗ ਅਪਰਾਧ ਹੈ ਪਰ ਇਸ ਦੇ ਬਾਵਜੂਦ ਲੰਮੇ ਸਮੇਂ ਤੋਂ ਅਣਦੇਖੀ ਦੀ ਵਜ੍ਹਾ ਕਰਕੇ ਇਹ ਇਤਿਹਾਸਕ ਵਿਰਾਸਤਾਂ ਅਲੋਪ ਹੋਣ ਦੀ ਕਗਾਰ ’ਤੇ ਹਨ। ਕਿਸੇ ਸਮੇਂ ਪੰਧ ਦੀ ਨਿਸ਼ਾਨਦੇਹੀ ਕਰਨ ਵਾਲੇ ਕੋਸ ਮਿਨਾਰ (ਕੋਹ ਮਿਨਾਰ) ਅੱਜ ਵੀ ਇਤਿਹਾਸ ਦੀ ਨਿਸ਼ਾਨਦੇਹੀ ਕਰ ਰਹੇ ਹਨ। ਸੋ ਇਤਿਹਾਸ ਨੂੰ ਜ਼ਿੰਦਾ ਰੱਖਣ ਲਈ ਇਹ ਨਿਸ਼ਾਨ ਕਾਇਮ ਰਹਿਣੇ ਚਾਹੀਦੇ ਹਨ।
ਧੰਨਵਾਦ ਸਹਿਤ
– ਇੰਦਰਜੀਤ ਸਿੰਘ ਹਰਪੁਰਾ,
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,
ਗੁਰਦਾਸਪੁਰ।
98155-77574







