ਕੋਵਿਡ ਮਹਾਂਮਾਰੀ ਦੇ ਮੱਦੇਨਜਰ ਮੰਡੀਆਂ ਵਿੱਚ ਕਣਕ ਦੀ ਨਿਰਵਿਘਨ ਖਰੀਦ ਲਈ ਕੀਤੇ ਜਾਣਗੇ ਢੁਕਵੇਂ ਪ੍ਰਬੰਧ – ਡਿਪਟੀ ਕਮਿਸ਼ਨਰ
10 ਅਪ੍ਰੈਲ ਤੋਂ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਸ਼ੁਰੂ ਹੋਵੇਗੀ ਸਰਕਾਰੀ ਖਰੀਦ
ਬਟਾਲਾ, 4 ਅਪ੍ਰੈਲ (ਅਮਰੀਕ ਮਠਾਰੂ ) – ਪੰਜਾਬ ਸਰਕਾਰ ਵੱਲੋਂ 10 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਕਣਕ ਦੀ ਖਰੀਦ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਅਤੇ ਕੋਵਿਡ ਮਹਾਂਮਾਰੀ ਦੇ ਮੱਦੇਨਜਰ ਜ਼ਿਲ੍ਹਾ ਗੁਰਦਾਸਪੁਰ ਦੀਆਂ ਸਾਰੀਆਂ ਮੰਡੀਆਂ ਵਿਚ ਸਿਹਤ ਸੁਰੱਖਿਆ ਸਾਵਧਾਨੀਆਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ।
ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 10 ਅਪ੍ਰੈਲ ਤੋਂ ਸਰਕਾਰੀ ਖਰੀਦ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੰਡੀਆਂ ਵਿੱਚ ਪੰਜਾਬ ਮੰਡੀ ਬੋਰਡ, ਮਾਰਕੀਟ ਕਮੇਟੀਆਂ ਅਤੇ ਖਰੀਦ ੲੰਜੇਸੀਆ ਦੇ ਮੁਲਾਜਮਾਂ, ਕਿਸਾਨਾਂ, ਆੜਤੀਆਂ ਅਤੇ ਲੇਬਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਵਿਡ ਸਾਵਧਾਨੀਆਂ ਵਰਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਾਰੀਆਂ ਮੰਡੀਆਂ ਵਿੱਚ ਮੁਕੰਮਲ ਸਫਾਈ ਅਤੇ ਸਿਹਤ ਸੁਰੱਖਿਆ ਲਈ ਸੋਡੀਅਮ ਹਾਈਪੋਕਲੋਰਾਈਟ ਨਾਲ ਛਿੜਕਾਅ ਕਰਵਾਇਆ ਜਾਵੇਗਾ, ਮੁੱਖ-ਯਾਰਡ ਅਤੇ ਸਬ-ਯਾਰਡ ਵਿੱਚ 500 ਲੀਟਰ ਪਾਣੀ ਦੀ ਸਮਾਰਥਾ ਵਾਲੀ ਟੈਂਕੀ ਸਮੇਤ ਪੈਂਡਲ ਨਾਲ ਚੱਲਣ ਵਾਲੇ ਵਾਸ਼-ਬੇਸਨ ਲਗਵਾਏ ਜਾਣਗੇ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਜਰੂਰੀ ਸਹੂਲਤਾਂ ਜਿਸ ਤਰਾਂ ਪੀਣ ਵਾਲੇ ਸਾਫ ਪਾਣੀ ਦੇ ਪੁਖਤਾ ਪ੍ਰਬੰਧਾਂ, ਪਖਾਨੇ ਅਤੇ ਛਾਂ ਆਦਿ ਸਬੰਧੀ ਵਿਸ਼ੇਸ਼ ਧਿਆਨ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਪਸੀ ਦੂਰੀ ਬਣਾਉਣ ਲਈ ਮੰਡੀਆਂ ਦੇ ਯਾਰਡ ਅਤੇ ਖਰੀਦ ਕੇਂਦਰਾਂ ਵਿੱਚ ਪੇਂਟ ਨਾਲ 30 ਬਾਈ 30 ਫੁੱਟ ਦੇ ਖਾਨੇ ਬਣਾ ਦਿਤੇ ਜਾਣਗੇ ਅਤੇ ਕਿਸਾਨ ਆਪਣੀ ਫਸਲ ਉਸ ਖਾਨੇ ਵਿੱਚ ਹੀ ਢੇਰੀ ਕਰੇਗਾ। ਉਨਾਂ ਵੱਲੋਂ ਅੱਗੇ ਦੱਸਿਆ ਕਿ ਆੜਤੀਆਂ ਰਾਹੀਂ ਕਿਸਾਨਾਂ ਨੂੰ ਪ੍ਰਤੀ ਟਰਾਲੀ ਦੇ ਹਿਸਾਬ ਨਾਲ ਕੂਪਨ ਮੁਹੱਈਆ ਕਰਵਾਏ ਜਾਣਗੇ। ਕੂਪਨ ਦੀ ਮਿਆਦ ਇਕ ਦਿਨ ਦੀ ਹੋਵੇਗੀ। ਉਸ ਕੂਪਨ ਦੀ ਅਸਲ ਹੋਲੋਗਰਾਮ/ਕਿਊ.ਆਰ. ਨਾਲ ਕੋਡ ਕੀਤੀ ਜਾਏਗੀ ਅਤੇ ਉਹ ਹੀ ਯੋਗ ਹੋਵੇਗੀ। ਇਸ ਵਾਰ ਖਾਸ ਵਿਵਸਥਾ ਇਹ ਕੀਤੀ ਹੈ ਕਿ ਕਿਸਾਨਾਂ ਵੱਲੋਂ ਆੜਤੀਆਂ ਨਾਲ ਸੰਪਰਕ ਕਰਕੇ ਹੀ ਜਿਸ ਮਿਤੀ ਅਤੇ ਜਿਸ ਸਥਾਨ ਉਤੇ ਕਣਕ ਢੇਰੀ ਕੀਤੀ ਜਾਣੀ ਹੈ, ਲਿਆਂਦੀ ਜਾਵੇਗੀ। ਇਸ ਲਈ ਨਿਸ਼ਚਿਤ ਜਗਾ ਦਾ ਪ੍ਰਬੰਧ ਕਰਨ ਲਈ ਮਾਰਕਿਟ ਕਮੇਟੀਆਂ ਵੱਲੋਂ ਮੰਡੀਆਂ ਵਿੱਚ ਨਿਸ਼ਾਨ ਲਾ ਦਿੱਤੇ ਜਾਣਗੇ ਤਾਂ ਜੋ ਕਿਸਾਨਾਂ ਨੂੰ ਆਪਣੀ ਕਣਕ ਢੇਰੀ ਕਰਨ ਵਿੱਚ ਮੁਸ਼ਕਿਲ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਮੰਡੀਆਂ ਵਿੱਚ ਕਿਸਾਨਾਂ, ਆੜਤੀਆਂ ਅਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮੇਂ-ਸਮੇਂ ਸੈਨੀਟਾਈਜਰ ਵਰਤਣ ਜਾਂ ਸਾਬਣ-ਪਾਣੀ ਨਾਲ ਹੱਥ ਧੋਂਦੇ ਰਹਿਣ ਅਤੇ ਮਾਸਕ ਲਗਾ ਕੇ ਰੱਖਣ। ਇਸ ਦੇ ਨਾਲ-ਨਾਲ ਅੱਖਾਂ, ਨੱਕ ਅਤੇ ਮੂੰਹ ਨੂੰ ਛੂਹਣ ਅਤੇ ਅਨਾਜ ਮੰਡੀਆਂ ਵਿੱਚ ਥੁੱਕਣ ਤੋਂ ਗੁਰੇਜ਼ ਕੀਤਾ ਜਾਵੇ। ਇਸੇ ਤਰਾਂ ਦੂਸਰੇ ਵਿਅਕਤੀ ਤੋਂ ਦੂਰੀ ਵੀ ਬਣਾ ਕੇ ਰੱਖੀ ਜਾਵੇ ਤਾਂ ਜੋ ਬਿਮਾਰੀ ਸਬੰਧੀ ਕਿਸੇ ਵੀ ਤਰਾਂ ਦਾ ਖਤਰਾ ਪੈਦਾ ਨਾ ਹੋਵੇ। ਜਿਨਾਂ ਵਿਅਕਤੀਆਂ ਨੂੰ ਬੁਖਾਰ, ਖਾਂਸੀ, ਜੁਕਾਮ, ਸਿਰ ਦਰਦ ਜਾਂ ਸਾਹ ਲੈਣ ਵਿੱਚ ਤਕਲੀਫ ਹੋਵੇ, ਉਹ ਮੰਡੀਆਂ ਵਿੱਚ ਆਉਣ ਤੋਂ ਗੁਰੇਜ਼ ਕਰਨ ਅਤੇ ਤੁਰੰਤ ਡਾਕਟਰੀ ਸਲਾਹ ਜ਼ਰੂਰ ਲੈਣ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਚਣੌਤੀ ਭਰੇ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਹਿਤਿਆਤ ਵਰਤਦਿਆਂ ਪੂਰੀ ਸਫਲਤਾ ਨਾਲ ਕਣਕ ਦੀ ਖਰੀਦ ਨੂੰ ਨੇਪਰੇ ਚਾੜਿਆ ਜਾਵੇਗਾ।


