ਜੇ ਕਿਸ਼ਤੀ ਨਦੀ ਚ ਉਤਾਰੀ ਹੈ

ਤੂਫਾਨਾਂ ਵੱਲ ਨੂੰ ਮੋੜੀ ਹੈ
ਫਿਰ ਪਾਰ ਕੀ?
ਤੇ ਉਰਾਰ ਕੀ?
ਜੇ ਚੰਦ ਤੋਂ ਸੂਰਜ ਹੋਣ ਦੀ ਠਹਿ ਹੈ
ਜੇ ਮੈਦਾਨ ਏ ਜੰਗ ਚ ਜਾਣਾ ਤਹਿ ਹੈ
ਹਰ ਦੁੱਖ ਸੁੱਖ ਫਤਿਹ ਹੈ
ਫਿਰ ਜੀਣਾ ਕੀ?
ਤੇ ਮਰਨਾ ਕੀ?
ਜੇ ਬਿੰਦੂ ਤੋਂ ਨਾਦ ਹੋਣ ਦੀ ਧਾਰੀ ਹੈ
ਜੇ ਮਿਹਨਤ ਦੀ ਭਰੀ ਉਡਾਰੀ ਹੈ
ਸਭ ਸੁੱਖਾਂ ਦੀ ਲਾਲਸਾ ਕੋਰੀ ਹੈ
ਫਿਰ ਦੌਲਤ ਕੀ?
ਤੇ ਸ਼ੌਹਰਤ ਕੀ?
ਜੇ ਧਰਤੀ ਤੋਂ ਆਕਾਸ਼ ਹੋਣ ਦੀ ਧਾਰੀ ਹੈ
ਜੇ ਮਨ ਦੀ ਮੈਲ ਉਤਾਰੀ ਹੈ
ਸਾਰੀ ਖਲਕਤ ਅਪਣਾਈ ਹੈ
ਫਿਰ ਆਪਣੇ ਕੀ ?
ਤੇ ਪਰਾਏ ਕੀ
ਜੇ ਪੌਣ ਤੋਂ ਪਾਣੀ ਹੋਣ ਦੀ ਧਾਰੀ ਹੈ
ਜੇ ਯੁਗ ਬਦਲਣ ਦੀ ਠਾਣੀ ਹੈ
ਕੀਤੀ ਹਰ ਰੀਤ ਪਰਾਈ ਹੈ
ਫਿਰ ਦੇਸ਼ ਕੀ?
ਤੇ ਪਰਦੇਸ ਕੀ?
ਜੇ ਸ਼ਕਤੀ ਤੋਂ ਸ਼ਿਵ ਵਲ ਨੂੰ ਫੇਰਾ ਹੈ
ਜੇ ਦੁਨੀਆਂ ਤੋਂ ਪਾਇਆ ਮੋੜਾ ਹੈ
ਹਰੀ ਹੌਕਿਆਂ ਦੀ ਪੀੜਾ ਹੈ
ਫਿਰ ਸ਼ਿੰਗਾਰ ਕੀ ?
ਤੇ ਵੈਰਾਗ ਕੀ?..
.ਲਾਜ