ਐੱਸ.ਐੱਸ.ਪੀ. ਬਟਾਲਾ ਵੱਲੋਂ ਮਹਿਲਾ ਹੈਲਪ ਡੈਸਕ ਦਾ ਉਦਘਾਟਨ
ਪੁਲਿਸ ਜ਼ਿਲ੍ਹਾ ਬਟਾਲਾ ਵਿੱਚ 26 ਮਹਿਲਾ ਕਰਮਚਾਰਨਾਂ ਨੂੰ ਪੰਜਾਬ ਪੁਲਿਸ ਮਹਿਲਾ ਮਿੱਤਰ ਵਜੋਂ ਤਾਇਨਾਤ ਕੀਤਾ
ਔਰਤਾਂ ਖਿਲਾਫ ਹੁੰਦੇ ਜੁਲਮਾਂ ਨੂੰ ਰੋਕਣ ਲਈ ਬਟਾਲਾ ਪੁਲਿਸ ਵਚਨਬੱਧ – ਐੱਸ.ਐੱਸ.ਪੀ. ਬਟਾਲਾ
ਬਟਾਲਾ,(ਅਮਰੀਕ ਮਠਾਰੂ,ਰੰਜਨਦੀਪ ਸੰਧੂ ) – ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਨੇ ਅੱਜ ਜ਼ਿਲ੍ਹਾ ਪੁਲਿਸ ਸਾਂਝ ਕੇਂਦਰ ਵਿਖੇ ਵਿਸ਼ੇਸ਼ ਤੌਰ ’ਤੇ ਸਥਾਪਤ ਕੀਤੇ ਗਏ ਮਹਿਲਾ ਹੈਲਪ ਡੈਸਕ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐੱਸ.ਪੀ. ਹੈੱਡ ਕੁਆਟਰ ਸ. ਗੁਰਪ੍ਰੀਤ ਸਿੰਘ ਗਿੱਲ, ਡੀ.ਐੱਸ.ਪੀ. ਪਰਵਿੰਦਰ ਕੌਰ ਅਤੇ ਸਾਂਝ ਕੇਂਦਰ ਦਾ ਸਟਾਫ ਵੀ ਹਾਜ਼ਰ ਸੀ।
ਮਹਿਲਾ ਹੈਲਪ ਡੈਸਕ ਦਾ ਉਦਘਾਟਨ ਕਰਦਿਆਂ ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਉੱਪਰ ਹੁੰਦੇ ਜੁਲਮਾਂ ਨੂੰ ਰੋਕਣ ਲਈ ਜ਼ਿਲ੍ਹਾ ਪੱਧਰ ਅਤੇ ਹਰ ਥਾਣੇ ਵਿੱਚ ਮਹਿਲਾ ਹੈਲਪ ਡੈਸਕ ਸਥਾਪਤ ਕੀਤੇ ਗਏ ਹਨ ਜਿਥੇ ਮਹਿਲਾ ਪੁਲਿਸ ਕਰਮਚਾਰਨਾਂ ਵੱਲੋਂ ਔਰਤਾਂ ਦੀਆਂ ਸ਼ਿਕਾਇਤਾਂ ਸੁਣੀਆਂ ਜਾਣਗੀਆਂ ਅਤੇ ਤੁਰੰਤ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲਿਸ ਜ਼ਿਲ੍ਹਾ ਬਟਾਲਾ ਵਿੱਚ 26 ਮਹਿਲਾ ਪੁਲਿਸ ਕਰਮਚਾਰਨਾਂ ਨੂੰ ‘ਪੰਜਾਬ ਪੁਲਿਸ ਮਹਿਲਾ ਮਿੱਤਰ’ ਵਜੋਂ ਨਿਯੁਕਤ ਕੀਤਾ ਗਿਆ ਹੈ। ਐੱਸ.ਐੱਸ.ਪੀ. ਬਟਾਲਾ ਨੇ ਕਿਹਾ ਕਿ ਔਰਤਾਂ ਖਿਲਾਫ ਹੁੰਦੇ ਜੁਲਮਾਂ ਨੂੰ ਰੋਕਣ ਲਈ ਬਟਾਲਾ ਪੁਲਿਸ ਵਚਨਬੱਧ ਹੈ ਅਤੇ ਔਰਤਾਂ ਖਿਲਾਫ ਹੁੰਦੇ ਜੁਲਮਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਔਰਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਤੇ ਮੁਸ਼ਕਲਾਂ ਸੁਣਨ ਲਈ ਹਰ ਥਾਣੇ ਵਿੱਚ ਮਹਿਲਾ ਪੁਲਿਸ ਕਰਮਚਾਰਨਾਂ ਨੂੰ ਲਗਾਇਆ ਗਿਆ ਹੈ ਅਤੇ ਔਰਤਾਂ ਉਨ੍ਹਾਂ ਨੂੰ ਆਪਣਾ ਸਮਝ ਕੇ ਹਰ ਦੁੱਖ ਤਕਲੀਫ ਦੱਸ ਸਕਦੀਆਂ ਹਨ।
ਇਸ ਮੌਕੇ ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਨੇ ਬਟਾਲਾ ਸ਼ਹਿਰ ਦੇ ਗਰੀਬ ਤੇ ਲੋੜਵੰਦ ਬੱਚਿਆਂ ਅਤੇ ਵਿਅਕਤੀਆਂ ਨੂੰ ਕੋਟੀਆਂ, ਸਵੈਟਰ ਅਤੇ ਬੂਟ ਜੁਰਾਬਾਂ ਵੀ ਵੰਡੀਆਂ। ਉਨ੍ਹਾਂ ਕਿਹਾ ਕਿ ਕਟਾਕੇ ਦੀ ਠੰਡ ਵਿੱਚ ਸਾਨੂੰ ਲੋੜਵੰਦਾਂ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਟਾਲਾ ਪੁਲਿਸ ਲੋਕਾਂ ਦੀ ਸੇਵਾ ਅਤੇ ਅਮਨ-ਕਾਨੂੰਨ ਦੀ ਬਹਾਲੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

