ਵਿਆਹ ਪੁਰਬ ਦੀਆਂ ਤਿਆਰੀਆਂ ਲਈ ਨਗਰ ਨਿਗਮ ਬਟਾਲਾ ਨੇ ਕਮਰ-ਕੱਸੇ ਕੀਤੇ
ਮੇਅਰ ਸੁਖਦੀਪ ਸਿੰਘ ਤੇਜਾ ਵੱਲੋਂ ਸ਼ਾਸਤਰੀ ਨਗਰ ਵਿਖੇ ਸੜਕ ਨੂੰ ਬਣਾਉਣ ਦੀ ਸ਼ੁਰੂਆਤ
ਬਟਾਲਾ, 28 ਅਗਸਤ ,ਨਗਰ ਨਿਗਮ ਬਟਾਲਾ ਵੱਲੋਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁੱਲਖਣੀ ਜੀ ਦੇ ਵਿਆਹ ਪੁਰਬ ਦੀਆਂ ਤਿਆਰੀਆਂ ਵਜੋਂ ਨਗਰ ਕੀਰਤਨ ਵਾਲੇ ਮਾਰਗ ਨੂੰ ਸੁੰਦਰ ਬਣਾਉਣ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ। ਨਗਰ ਨਿਗਮ ਬਟਾਲਾ ਦੇ ਮੇਅਰ ਸ. ਸੁਖਦੀਪ ਸਿੰਘ ਤੇਜਾ ਵੱਲੋਂ ਅੱਜ ਆਪਣੇ ਸਾਥੀ ਕੌਂਸਲਰਾਂ ਨਾਲ ਮਿਲ ਕੇ ਸ਼ਾਸਤਰੀ ਨਗਰ ਵਿਖੇ ਇੰਪਰੂਵਮੈਂਟ ਟਰੱਸਟ ਦਫ਼ਤਰ ਦੇ ਨਾਲ ਵਾਲੀ ਸੜਕ ਨੂੰ ਨਵੀਂ ਬਣਾਉਣ ਦੇ ਕੰਮ ਦਾ ਉਦਘਾਟਨ ਕੀਤਾ।
ਵਿਕਾਸ ਕਾਰਜ ਦੀ ਸ਼ੁਰੂਆਤ ਕਰਦਿਆਂ ਮੇਅਰ ਨਗਰ ਨਿਗਮ ਬਟਾਲਾ ਸ. ਸੁਖਦੀਪ ਸਿੰਘ ਤੇਜਾ ਨੇ ਕਿਹਾ ਕਿ 11 ਸਤੰਬਰ ਤੋਂ 14 ਸਤੰਬਰ ਤੱਕ ਬਟਾਲਾ ਸ਼ਹਿਰ ਵਿੱਚ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਬਟਾਲਾ ਵੱਲੋਂ ਵੀ ਵਿਆਹ ਪੁਰਬ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸ. ਸੁਖਦੀਪ ਸਿੰਘ ਤੇਜਾ ਨੇ ਕਿਹਾ ਕਿ ਇੰਮਰੂਵਮੈਂਟ ਟਰੱਸਟ ਦੇ ਦਫ਼ਤਰ ਤੋਂ ਗੁਰਦਾਸਪੁਰ ਰੋਡ ਤੱਕ ਸੜਕ ਇੱਕ ਹਫ਼ਤੇ ਦੇ ਅੰਦਰ ਬਣ ਕੇ ਤਿਆਰ ਹੋ ਜਾਵੇਗੀ। ਇਸ ਤੋਂ ਇਲਾਵਾ ਇੰਮਰੂਵਮੈਂਟ ਟਰੱਸਟ ਦਫ਼ਤਰ ਦੇ ਬਾਹਰਵਾਰ ਸ਼ਾਸਤਰੀ ਨਗਰ ਦੀ ਸੜਕ ਦੇ ਫੁੱਟਪਾਥ ਉੱਪਰ ਇੰਟਰਲਾਕ ਟਾਈਲ ਦਾ ਕੰਮ ਵੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਨਗਰ ਕੀਰਤਨ ਦੇ ਮਾਰਗਾਂ ਦੀ ਮੁਰੰਮਤ ਕਰਨ ਦੇ ਨਾਲ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਵਿਆਹ ਪੁਰਬ ਦੀਆਂ ਤਿਆਰੀਆਂ ਸਬੰਧੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵਿਆਹ ਪੁਰਬ ਦੇ ਮੱਦੇਨਜ਼ਰ ਖੁਦ ਵੀ ਸ਼ਹਿਰ ਦੀ ਸਫ਼ਾਈ ਦਾ ਖਿਆਲ ਰੱਖਣ ਅਤੇ ਏਧਰ-ਓਧਰ ਖਾਲੀ ਥਾਵਾਂ ’ਤੇ ਕੂੜਾ ਨਾ ਸੁੱਟਣ।
Adv.
ਇਸ ਮੌਕੇ ਨਗਰ ਨਿਗਮ ਬਟਾਲਾ ਦੀ ਡਿਪਟੀ ਮੇਅਰ ਸ੍ਰੀਮਤੀ ਚੰਦਰਕਾਂਤਾ, ਵਾਰਡ ਨੰਬਰ 37 ਦੇ ਕੌਂਸਲਰ ਗੁਰਪ੍ਰੀਤ ਕੌਰ, ਚੇਅਰਮੈਨ ਲੈਂਡ ਮਾਰਗੇਜ ਬੈਂਕ ਸ੍ਰ ਸੁਖਦੇਵ ਸਿੰਘ ਰੰਧਾਵਾ, ਕੌਂਸਲਰ ਸੁਖਦੇਵ ਸਿੰਘ ਬਾਜਵਾ, ਕੌਂਸਲਰ ਹਰਨੇਕ ਨੇਕੀ, ਕੌਂਸਲਰ ਚੰਦਰਮੋਹਨ ਵਿੱਜ, ਕੌਂਸਲਰ ਗੁਰਪ੍ਰੀਤ ਸ਼ਾਨਾ, ਕੌਂਸਲਰ ਜਾਗੀਰ ਖੋਖਰ, ਗੌਤਮ ਸੇਠ ਗੁੱਡੂ, ਵਿਜੇ ਕੁਮਾਰ ਬਿੱਲੂ, ਰਾਜਾ ਗੁਰਬਖਸ਼ ਸਿੰਘ, ਵਿਨੋਦ ਕੁਮਾਰ ਦੀਪੂ ਕਸ਼ਅਪ, ਦਲਜੀਤ ਸਿੰਘ ਸ਼ਾਹ, ਮਨਜੀਤ ਸਿੰਘ, ਗੁਰਤਿੰਦਰ ਸਿੰਘ, ਅਮਿਤ ਸ਼ਰਮਾ, ਸਵਿੰਦਰ ਸਿੰਘ ਖੈਹਰਾ, ਰਾਜੀਵ ਸ਼ਰਮਾ, ਹਰਿੰਦਰ ਸਿੰਘ ਬਾਜਵਾ, ਸੁਖਰਾਜ ਸਿੰਘ, ਪਰਮਬੀਰ ਸਿੰਘ, ਗੁਰਮੁੱਖ ਸਿੰਘ ਪੀ.ਏ, ਨਗਰ ਨਿਗਮ ਬਟਾਲਾ ਦੇ ਅਧਿਕਾਰੀ ਅਤੇ ਸ਼ਹਿਰ ਦੇ ਹੋਰ ਮੋਹਤਬਰ ਵੀ ਹਾਜ਼ਰ ਸਨ।