ਸਰਦਾਰ ਪਰਮਜੀਤ ਸਿੰਘ ਰਾਣਾ )
ਸਿੱਖ ਧਰਮ ਵਿਚ ਸੇਵਾ ਦੀ ਮਹਾਨਤਾ ਨੂੰ ਸਭ ਤੋਂ ਉੱਚਾ ਦਰਜਾ ਪ੍ਰਾਪਤ ਹੈ ।ਜਿੱਥੇ ਗੁਰੂ ਸਾਹਿਬਾਨ ਨੇ ਗੁਰਬਾਣੀ ਵਿੱਚ ਸੇਵਾ ਦੀ ਮਹਾਨਤਾ ਨੂੰ ਬਿਆਨ ਕੀਤਾ ਹੈ, ਉੱਥੇ ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਇਸ ਦੇ ਪ੍ਰਤੱਖ ਪ੍ਰਮਾਣ ਵੀ ਪੇਸ਼ ਕੀਤੇ ਹਨ। ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਹੀ ਭਾਈ ਘਨ੍ਹੱਈਆ ਜੀ ਵਰਗੇ ਗੁਰਸਿੱਖਾਂ ਨੇ ਜਿੱਥੇ ਆਪਣੇ ਜੀਵਨ ਨੂੰ ਸਾਰਥਕ ਕੀਤਾ ਉੱਥੇ ਆਉਣ ਵਾਲੀ ਪਨੀਰੀ ਲਈ ਵੀ ਚਾਨਣ ਮੁਨਾਰਾ ਬਣੇ ।ਅਜੋਕੇ ਪਦਾਰਥਵਾਦੀ ਯੁੱਗ ਵਿੱਚ ਜਦੋਂ ਅਜਿਹੀਆਂ ਰੰਗ -ਰੱਤੀਆਂ ਰੂਹਾਂ ਨਜ਼ਰੀਂ ਆਉਂਦੀਆਂ ਹਨ, ਜੋ ਗੁਰੂ ਸਾਹਿਬ ਦੇ ਬਚਨਾਂ ਤੇ’ ਪਹਿਰਾ ਦਿੰਦਿਆਂ ਸੇਵਾ ਨੂੰ ਆਪਣੇ ਜੀਵਨ ਦਾ ਧੁਰਾ ਮੰਨਦੀਆਂ ਹਨ ਤਾਂ ਅਜਿਹੀਆਂ ਰੂਹਾਂ ਨੂੰ ਦੇਖ ਕੇ ਗੁਰੂ ਨਾਨਕ ਸਾਹਿਬ ਦੀ ਫੁਲਵਾੜੀ ਮਹਿਕਦੀ ਪ੍ਰਤੀਤ ਹੁੰਦੀ ਹੈ।
ਮਾਨਵਤਾ ਦੀ ਸੇਵਾ ਨੂੰ ਸਮਰਪਿਤ ਅਜਿਹੀ ਇਕ ਸ਼ਖਸੀਅਤ ਸ.ਪਰਮਜੀਤ ਸਿੰਘ ਰਾਣਾ ਹਨ, ਜਿਨ੍ਹਾਂ ਦਾ ਜਨਮ 11 ਮਾਰਚ 1972 ਨੂੰ ਦਿੱਲੀ ਵਿਖੇ ਹੋਇਆ। ਗੁਰੂ ਨਾਨਕ ਸਾਹਿਬ ਦੇ ਕਿਰਤ ਕਰਨ ਦੇ ਉਪਦੇਸ਼ ਦਾ ਬੜੀ ਦ੍ਰਿੜ੍ਹਤਾ ਨਾਲ ਪਾਲਣ ਕਰਦਿਆਂ ਹੋਇਆਂ ਉਨ੍ਹਾਂ ਨੇ ਵਪਾਰ ਨੂੰ ਕਿੱਤੇ ਵਜੋਂ ਚੁਣਿਆ ਤੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਨੂੰ ਤਰਜੀਹ ਦਿੱਤੀ।ਇਕ ਵਪਾਰੀ ਹੋਣ ਦੇ ਨਾਲ- ਨਾਲ ਉਹ ਕਈ ਵਰ੍ਹਿਆਂ ਤੋਂ ਪੰਥਕ ਅਤੇ ਜਨਤਕ ਸੇਵਾਵਾਂ ਵਿੱਚ ਰੁੱਝੇ ਹੋਏ ਹਨ ।ਸਿੱਖ ਸਿਧਾਂਤਾਂ ਦਾ ਗਿਆਨ ਅਤੇ ਗੁਰਮਤਿ ਦੀ ਰਹਿਨੁਮਾਈ ਉਨ੍ਹਾਂ ਨੂੰ ਘਰੋਗੀ ਮਾਹੌਲ ਤੋਂ ਹੀ ਪ੍ਰਾਪਤ ਹੋਈ ।ਇਨ੍ਹਾਂ ਦੇ ਪਿਤਾ ਸਰਦਾਰ ਸੁਰਿੰਦਰਜੀਤ ਸਿੰਘ ਰਾਣਾ ਅਤੇ ਮਾਤਾ ਸੁਰਿੰਦਰ ਕੌਰ ਰਾਣਾ ਹਨ। ਛੋਟੀ ਉਮਰੇ ਪਿਤਾ ਦਾ ਸਾਇਆ ਸਿਰ ਤੋਂ ਉਠ ਜਾਣ ਦੇ ਬਾਵਜੂਦ ਉਨ੍ਹਾਂ ਦੀ ਮਾਤਾ ਜੀ ਨੇ ਅਣਥੱਕ ਯਤਨਾਂ ਨਾਲ ਉਨ੍ਹਾਂ ਦੀ ਪਾਲਣਾ ਗੁਰਮਤਿ ਦੇ ਦਾਇਰੇ ਵਿੱਚ ਰਹਿ ਕੇ ਕੀਤੀ,ਜਿਸ ਕਾਰਨ ਸੇਵਾ ਤੇ ਸਿਮਰਨ ਦਾ ਗੂੜ੍ਹਾ ਰੰਗ ਨਿੱਕੀ ਉਮਰੇ ਹੀ ਇਨ੍ਹਾਂ ਤੇ’ ਚੜ੍ਹ ਗਿਆ ਸੀ।ਗੁਰੂਘਰ ਵਿੱਚ ਕੀਰਤਨ ਕਰਨਾ ,ਕਾਰ – ਸੇਵਾ ਵਿਚ ਸ਼ਿਰਕਤ ਕਰਨਾ ਇਸ ਦਾ ਪ੍ਰਤੱਖ ਪ੍ਰਮਾਣ ਹੈ। ਉਨ੍ਹਾਂ ਦੀ ਮਾਤਾ ਜੀ ਦੀ ਯਾਦ ਵਿਚ ਉਨ੍ਹਾਂ ਵੱਲੋਂ ਲੋਕ -ਭਲਾਈ ਲਈ ਕਈ ਸੇਵਾਵਾਂ ਚਲਾਈਆਂ ਜਾ ਰਹੀਆਂ ਹਨ।
Adv.

ਉਨ੍ਹਾਂ ਦੀਆਂ ਸੇਵਾਵਾਂ ਦਾ ਘੇਰਾ ਬਹੁਤ ਵਿਸ਼ਾਲ ਹੈ, ਉਨ੍ਹਾਂ ਨੇ ਕਈ ਐੱਨ.ਜੀ.ਓ ਨਾਲ ਵੀ ਕੰਮ ਕੀਤਾ ਤੇ ਅੱਜ ਤੱਕ ਵੀ ਕਰ ਰਹੇ ਹਨ। ਉਹ ਲੋੜਵੰਦ ਬਜ਼ੁਰਗਾਂ ਨੂੰ ਪੈਨਸ਼ਨ, ਪਰਿਵਾਰਾਂ ਨੂੰ ਰਾਸ਼ਨ ,ਬੱਚਿਆਂ ਦੇ ਸਕੂਲ ਕਾਲਜਾਂ ਦੀਆਂ ਫੀਸਾਂ ਅਤੇ ਪੜ੍ਹਾਈ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਅਕਸਰ ਨਜ਼ਰ ਆਉਂਦੇ ਹਨ।ਇਸ ਤੋਂ ਇਲਾਵਾ ਗ਼ਰੀਬ ਕੁੜੀਆਂ ਦੇ ਆਨੰਦ ਕਾਰਜ ਕਰਵਾਉਣੇ ,ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣਾ ਤੇ ਹੋਰ ਕਈ ਪ੍ਰਕਾਰ ਦੇ ਸਮਾਜਿਕ ਖੇਤਰ ਜੁੜੇ ਕਾਰਜਾਂ ਨੂੰ ਪੂਰੀ ਜ਼ਿੰਦਾਦਿਲੀ ਨਾਲ ਕਰਵਾਉਂਦੇ ਹਨ। ਅਜਿਹੇ ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਵੀ ਉਨ੍ਹਾਂ ਨੇ ਵੱਧ- ਚਡ਼੍ਹ ਕੇ ਲੋਕਾਂ ਦਾ ਦੁੱਖ ਵੰਡਾਇਆ ਤੇ ਜਨਤਕ ਕਾਰਜਾਂ ਵਿੱਚ ਨਿਰੰਤਰ ਕਾਰਜਸ਼ੀਲ ਰਹੇ।
ਉਹਨਾਂ ਨੂੰ ਸੰਨ 1995 ਵਿੱਚ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੀ ਪ੍ਰਬੰਧਕੀ ਕਮੇਟੀ ਦਾ ਮੈਂਬਰ ਬਣਨ ਦਾ ਸੁਭਾਗ ਪ੍ਰਾਪਤ ਹੋਇਆ ।ਉਨ੍ਹਾਂ ਨੇ 2013 ਅਤੇ 2017ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੀਆਂ ,ਜਿਸ ਵਿਚ ਉਨ੍ਹਾਂ ਨੂੰ ਸੰਗਤਾਂ ਦਾ ਭਰਵਾਂ ਹੁੰਗਾਰਾ ਮਿਲਿਆ ਤੇ ਸ਼ਾਨਦਾਰ ਜਿੱਤ ਦੇ ਨਾਲ ਗੁਰੂ ਘਰ ਦੀਆਂ ਸੇਵਾਵਾਂ ਉਨ੍ਹਾਂ ਦੇ ਹਿੱਸੇ ਆਈਆਂ, ਜਿਨ੍ਹਾਂ ਨੂੰ ਉਨ੍ਹਾਂ ਨੇ ਪੂਰੀ ਤਨ-ਦੇਹੀ ਨਾਲ ਨਿਭਾਇਆ ਤੇ ਸੰਸਾਰ ਭਰ ਵਿੱਚ ਇਕ ਮਿਸਾਲ ਕਾਇਮ ਕੀਤੀ।ਧਰਮ ਪ੍ਰਚਾਰ ਕਮੇਟੀ ਦਾ ਮੁੱਖ ਅਹੁਦੇਦਾਰ ਹੋਣਾ ਇਸ ਗੱਲ ਦੀ ਸਾਖੀ ਭਰਦਾ ਹੈ।
Adv.
ਅਕਾਦਮਿਕ ਖੇਤਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਦਿੱਲੀ ਦੇ ਸਕੂਲਾਂ ਵਿੱਚ ਚੇਅਰਮੈਨ ਤੇ ਮੈਨੇਜਰ ਦੇ ਅਹੁਦੇ ਦੀਆਂ ਸੇਵਾਵਾਂ ਪ੍ਰਾਪਤ ਹੋਈਆਂ। ਆਪਣੇ ਸੇਵਾਕਾਲ ਦੌਰਾਨ ਉਨ੍ਹਾਂ ਨੇ ਸਕੂਲਾਂ ਦਾ ਮਿਆਰ ਉੱਚਾ ਕੀਤਾ ਤੇ ਗੁਰਮਤਿ ਵਿੱਦਿਆ ਉੱਤੇ ਜ਼ੋਰ ਦਿੰਦਿਆਂ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਕਦਮ ਚੁੱਕੇ। ਅੰਮ੍ਰਿਤਧਾਰੀ ਪਰਿਵਾਰਾਂ ਦੇ ਬੱਚਿਆਂ ਦੀ ਮਾਇਕ ਮਦਦ ਕੀਤੀ। ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਉਹ ਇੱਕ ਲੰਬੇ ਸਮੇਂ ਤੋਂ ਪੰਜਾਬੀ ਪ੍ਰਮੋਸ਼ਨ ਫੋਰਮ ਨਾਲ ਜੁੜੇ ਹੋਏ ਹਨ ਤੇ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਨਿਰੰਤਰ ਕੰਮ ਕਰ ਰਹੇ ਹਨ ।ਕੀਰਤਨ ਅਤੇ ਗੁਰਬਾਣੀ ਗਾਇਨ ਤੇ ਜ਼ੋਰ ਦਿੰਦਿਆਂ ਉਨ੍ਹਾਂ ਸਕੂਲਾਂ ਵਿੱਚ ਹਰਮੋਨੀਅਮ ਤੇ ਤਬਲੇ ਮੁਹੱਈਆ ਕਰਵਾਏ।ਵੱਡੇ ਪੱਧਰ ਤੇ’ ਸੈਮੀਨਾਰ ਕਰਵਾਇਆ,ਜਿਸ ਵਿਚ ਨਿਹੰਗ ਸਿੰਘ ਫੌਜਾਂ, ਸੇਵਾਪੰਥੀ ਸੰਪਰਦਾਵਾਂ, ਬਾਬਾ ਬੁੱਢਾ ਦਲ ਤੇ ਸਿੱਖ ਵਿਦਵਾਨਾਂ ਨੇ ਸ਼ਿਰਕਤ ਕੀਤੀ। ਪ੍ਰੋ: ਮਨਜੀਤ ਸਿੰਘ( ਦਿੱਲੀ ਯੂਨੀਵਰਸਿਟੀ), ਡਾ: ਜਸਪਾਲ ਸਿੰਘ (ਪੰਜਾਬੀ ਯੂਨੀਵਰਸਿਟੀ ਪਟਿਆਲਾ) ਅਤੇ ਮੰਨੇ- ਪ੍ਰਮੰਨੇ ਪ੍ਰੋਫ਼ੈਸਰ ਸਾਹਿਬਾਨ ਨੇ ਵਡਮੁੱਲਾ ਯੋਗਦਾਨ ਪਾਇਆ । ਉਹਨਾਂ ਵੱਲੋਂ ਦਿੱਲੀ ਵਿੱਚ ਇੰਟਰਨੈਸ਼ਨਲ ਗੱਤਕਾ ਮੁਕਾਬਲਾ ਕਰਵਾਇਆ ਗਿਆ ਅਤੇ ਕਈ ਸਕੂਲਾਂ ਵਿੱਚ ਗੱਤਕਾ ਸਿਖਲਾਈ ਲਈ ਕੈਂਪ ਲਗਾਏ ਗਏ। ਕੁੜੀਆਂ ਵਾਸਤੇ ਸੈਲਫ ਡਿਫੈਂਸ ਪ੍ਰੋਗਰਾਮ ਉਲੀਕੇ ਗਏ। ਪਹਿਲੀ ਵਾਰ ਭਾਰਤ ਵਿਚ ਸਿੱਖ ਓਲੰਪਿਕ ਖੇਡਾਂ ਹੋਈਆਂ, ਜਿਸ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੋਗਦਾਨ ਪਾਇਆ ।ਸਮੇਂ -ਸਮੇਂ ਤੇ’ ਉਨ੍ਹਾਂ ਵਲੋਂ ਦਸਤਾਰ ਸਿਖਲਾਈ ਕੈਂਪ ਲਗਾਏ ਗਏ। 26 ਜਨਵਰੀ ਨੂੰ ਹਰ ਸਾਲ ਦਸਤਾਰ ਸਿਖਲਾਈ ਕੈਂਪ ਬਾਬਾ ਬਲਜੀਤ ਸਿੰਘ ਜੀ ਦੇ ਜਨਮ- ਦਿਹਾੜੇ ਤੇ’ ਲਗਾਇਆ ਜਾਂਦਾ ਹੈ।
Adv.

ਉਹਨਾ ਦੇ ਕਾਰਜਕਾਲ ਵਿੱਚ ਦਿੱਲੀ ਵਿੱਚ ਵੱਡੇ ਪੱਧਰ ਤੇ ਚਾਰ ਸਾਲ ਫਤਿਹ ਦਿਵਸ ਮਨਾਇਆ ਗਿਆ, ਜਿਸ ਵਿਚ ਨਿਹੰਗ ਸਿੰਘ ਫੌਜਾਂ ਪੂਰੇ ਜਾਹੋ- ਜਲਾਲ ਨਾਲ ਲਾਲ ਕਿਲੇ ਪਹੁੰਚੀਆਂ। ਇਸ ਦੇ ਨਾਲ- ਨਾਲ ਸ਼ਤਾਬਦੀਆਂ ਵੀ ਬਹੁਤ ਵੱਡੇ ਪੱਧਰ ਤੇ’ ਮਨਾਈਆਂ ਗਈਆਂ ।ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਤਾਬਦੀ ਕੁਤਬ- ਮੀਨਾਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਤਾਬਦੀ ਇੰਡੀਆ ਗੇਟ ਤੇ’ ਮਨਾਈ ਗਈ। ਕਨਾਟ ਪਲੇਸ ਤੇ ਬਹੁਤ ਵੱਡੇ ਪੱਧਰ ਤੇ ਗੁਰਮਤਿ ਸਮਾਗਮ ਉਲੀਕੇ ਗਏ।
ਦੇਸ਼ਾਂ- ਵਿਦੇਸ਼ਾਂ ਵਿਚ ਗੁਰਮਤਿ ਸਮਾਗਮ ਕਰਵਾ ਕੇ ਸਾਰੇ ਪੰਥ ਨੂੰ ਇੱਕ ਨਿਸ਼ਾਨ ਸਾਹਿਬ ਹੇਠਾਂ ਲਿਆਉਣ ਦਾ ਸਫ਼ਲ ਯਤਨ ਕੀਤਾ ਗਿਆ। ਬਾਹਰਲੇ ਮੁਲਕਾਂ ਤੋਂ ਆਣ ਕੇ ਵਿਦਵਾਨ ਸ਼ਖ਼ਸੀਅਤਾਂ ਨੇ ਦਿੱਲੀ ਤੇ ਗੁਰਧਮਾਂ ਵਿੱਚ ਕਥਾ -ਕੀਰਤਨ ਕਰਕੇ ਸੰਗਤਾਂ ਨੂੰ ਗੁਰਮਤਿ ਨਾਲ ਜੋੜਿਆ।ਭਾਰਤ ਵਿੱਚ ਇੱਕ ਕਿਤਾਬ ਜਾਰੀ ਕੀਤੀ ਗਈ ਸੀ “ਪ੍ਰੋਮੀਨੈਂਟ ਸਿੱਖ ਆਫ ਇੰਡੀਆ” ਜਿਸ ਵਿੱਚ ਪੰਜਾਹ ਸ਼ਖਸੀਅਤਾਂ ਨੂੰ ਸ਼ਾਮਲ ਕੀਤਾ ਗਿਆ ਸੀ ।ਮਾਣ ਵਾਲੀ ਗੱਲ ਹੈ ਕਿ ਇਸ ਵਿੱਚ ਪਰਮਜੀਤ ਸਿੰਘ ਰਾਣਾ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ।
ਮਾਨਵਤਾ ਦੀ ਸੇਵਾ ਦਾ ਸਭ ਤੋਂ ਗਹਿਰਾ ਰੰਗ ਉਦੋਂ ਉਭਰ ਕੇ ਸਾਹਮਣੇ ਆਉਂਦਾ ਹੈ ਜਦੋਂ ਉਨ੍ਹਾਂ ਦੇ ਕਾਰਜਕਾਲ ਵਿੱਚ ਦਿੱਲੀ ਦੇ ਏਮਜ਼ ਅਤੇ ਹੋਰ ਸਰਕਾਰੀ ਹਸਪਤਾਲਾਂ ਦੇ ਬਾਹਰ ਲੰਗਰ ਦੀ ਇੱਕ ਲਹਿਰ ਚਲਾਈ ਜਾਂਦੀ ਹੈ ਤਾਂ ਜੋ ਮਰੀਜ਼ਾਂ ਦੇ ਪਰਿਵਾਰਕ ਜੀਆਂ ਦੀ ਮੱਦਦ ਕੀਤੀ ਜਾ ਸਕੇ।ਉਨ੍ਹਾਂ ਵੱਲੋਂ ਰਾਜਿੰਦਰ ਨਗਰ ਵਿੱਚ ਬਿਰਧ ਆਸ਼ਰਮ ਦੇ ਬਜ਼ੁਰਗਾਂ ਦੀ ਸਾਂਭ ਸੰਭਾਲ ਵੱਲ ਉਚੇਚਾ ਧਿਆਨ ਦੇਣਾ ਅਤੇ ਉਨ੍ਹਾਂ ਨੂੰ ਘਰੋਗੀ ਮਾਹੌਲ ਦੇਣ ਦੀ ਨਿਰੰਤਰ ਕੋਸ਼ਿਸ਼ ਕਰਨਾ ਸੱਚਮੁੱਚ ਹੀ ਸ਼ਲਾਘਾਯੋਗ ਕਦਮ ਹਨ।
ਸੋ ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਪਰਮਜੀਤ ਸਿੰਘ ਰਾਣਾ ਦੇਸ਼ ਕੌਮ ਦੀ ਸੇਵਾ ਵਿੱਚ ਗ਼ਲਤਾਨ ਅਜਿਹੀ ਸ਼ਖ਼ਸੀਅਤ ਹਨ, ਜਿਨ੍ਹਾਂ ਤੋਂ ਪੰਥ – ਦਰਦੀਆਂ ਨੂੰ ਬਹੁਤ ਆਸਾਂ ਹਨ ।ਗੁਰੂ ਸਾਹਿਬ ਦੀ ਬਖਸ਼ਿਸ਼ ਅਤੇ ਸੰਗਤਾਂ ਦਾ ਪਿਆਰ ਇਸੇ ਤਰ੍ਹਾਂ ਉਨ੍ਹਾਂ ਨੂੰ ਅੱਗੇ ਵੀ ਮਿਲਦਾ ਰਹੇਗਾ ਇਸੇ ਕਾਮਨਾ ਨਾਲ ਉਨ੍ਹਾਂ ਤੋਂ ਕੌਮ ਦੀ ਬਿਹਤਰੀ ਲਈ ਕੀਤੇ ਜਾਣ ਵਾਲੇ ਕਾਰਜਾਂ ਦੀ ਆਸ ਕੀਤੀ ਜਾਂਦੀ ਹੈ ।
( ਸਰਨਜੀਤ ਕੌਰ ਅਨਹਦ )