ਫਾਇਰ ਸੇਫ਼ਟੀ ਹਫ਼ਤੇ ਤਹਿਤ ਫਾਇਰ ਬ੍ਰਿਗੇਡ ਦੇ ਜਵਾਨਾਂ ਨੇ ਸਿਵਲ ਹਸਪਤਾਲ ਬਟਾਲਾ ਦੇ ਸਟਾਫ ਨੂੰ ਅੱਗ ਉੱਪਰ ਕਾਬੂ ਪਾਉਣ ਦੀ ਸਿਖਲਾਈ ਦਿੱਤੀ
ਬਟਾਲਾ, 15 ਅਪ੍ਰੈਲ ( ਅਮਰੀਕ ਮਠਾਰੂ) – ਫਾਇਰ ਸੇੇਫ਼ਟੀ ਹਫ਼ਤੇ ਤਹਿਤ ਫਾਇਰ ਸਰਵਿਸ ਬਟਾਲਾ ਵੱਲੋਂ ਅੱਜ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਮੌਕ ਡਰਿੱਲ ਕਰਕੇ ਹਸਪਤਾਲ ਸਟਾਫ ਅਤੇ ਨਾਗਰਿਕਾਂ ਨੂੰ ਅੱਗ ਉੱਪਰ ਕਾਬੂ ਪਾਉਣ ਦੀ ਸਿਖਲਾਈ ਦਿੱਤੀ ਗਈ। ਫਾਇਰ ਅਫ਼ਸਰ ਸੁਰਿੰਦਰ ਸਿੰਘ ਢਿਲੋਂ ਦੀ ਅਗਵਾਈ ਹੇਠ ਬਟਾਲਾ ਫਾਇਰ ਬ੍ਰਿਗੇਡ ਦੇ ਜਵਾਨਾਂ ਅਤੇ ਸਿਵਲ ਡਿਫੈਂਸ ਦੇ ਵਲੰਟੀਅਰਜ਼ ਨੇ ਇਸ ਡਰਿੱਲ ਵਿੱਚ ਭਾਗ ਲਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਡਿਫੈਂਸ ਦੇ ਵਲੰਟੀਅਰ ਹਰਬਖਸ਼ ਸਿੰਘ ਨੇ ਕਿਹਾ ਕਿ ਸਾਵਧਾਨੀ ਵਰਤ ਕੇ ਅੱਗ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਕਈ ਕੀਮਤੀ ਜਾਨਾਂ ਬਚਾਉਣ ਦੇ ਨਾਲ ਮਾਲੀ ਨੁਕਸਾਨ ਤੋਂ ਵੀ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਘਰਾਂ, ਦੁਕਾਨਾਂ ਅਤੇ ਵਪਾਰਿਕ ਥਾਵਾਂ ’ਤੇ ਢਿੱਲੀਆਂ ਅਤੇ ਨੰਗੀਆਂ ਤਾਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਘਰ ਦੀ ਰਸੋਈ ਵਿੱਚ ਗੈਸ ਸਿਲੰਡਰ ਦੇ ਪਾਈਪ ਦੀ ਸਮੇਂ-ਸਮੇਂ ਜਾਂਚ ਕਰਨੀ ਚਾਹੀਦੀ ਹੈ ਅਤੇ ਗੈਸ ਦੀ ਵਰਤੋਂ ਤੋਂ ਬਾਅਦ ਰੈਗੂਲੇਟਰ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀ ਸਪਾਰਕ ਹੋਣ ਉਪਰੰਤ ਉਸ ਉੱਤੇ ਪਾਣੀ ਦੀ ਵਰਤੋਂ ਕਦੀ ਨਹੀਂ ਕਰਨੀ ਚਾਹੀਦੀ। ਵਪਾਰਿਕ ਅਦਾਰਿਆਂ ਵਿੱਚ ਜਿਥੇ ਲੋਕਾਂ ਦਾ ਜਿਆਦਾ ਆਉਣ-ਜਾਣ ਹੋਵੇ ਉਥੇ ਐੱਨ.ਬੀ.ਸੀ. ਕੋਰਡ ਅਨੁਸਾਰ ਐਮਰਜੈਂਸੀ ਰਸਤਿਆਂ ਦੀ ਸਹੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਹਰਬਖਸ਼ ਸਿੰਘ ਨੇ ਅੱਗੇ ਦੱਸਿਆ ਕਿ ਕਮਰਸ਼ੀਅਲ ਅਦਾਰਿਆਂ ਵਿੱਚ ਐਮਰਜੈਂਸੀ ਵੇਲੇ ਬਾਹਰ ਜਾਣ ਵਾਲੇ ਰਸਤਿਆਂ ਨੂੰ ਦਰਸਾਉਂਦੇ ਸਾਈਨ ਬੋਰਡ ਜਰੂਰ ਲਗਾਏ ਜਾਣ।
ਵਲੰਟੀਅਰ ਹਰਬਖਸ਼ ਸਿੰਘ ਨੇ ਕਿਹਾ ਕਿ ਤੇਜ, ਡੀਜ਼ਲ, ਪੈਟਰੋਲ, ਗੈਸ ਦਾ ਗੈਰ ਕਾਨੂੰਨੀ ਭੰਡਾਰ ਸਟੋਰ ਨਾ ਕਰੋ। ਸਕੂਲਾਂ, ਕਾਲਜਾਂ ਵਿੱਚ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਅੱਗ ਤੋਂ ਬਚਣ ਸਬੰਧੀ ਜਾਣਕਾਰੀ ਦੇਣੀ ਚਾਹੀਦੀ ਹੈ। ਅੱਗ ਲੱਗਣ ਦੀ ਸੂਰਤ ਵਿੱਚ ਲੋਕਲ ਫਾਇਰ ਬ੍ਰਿਗੇਡ ਨੂੰ ਸੂਚਿਤ ਕਰੋ। ਅੱਗ ਦੀ ਘਟਨਾ ਸਮੇਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਾਸਤੇ ਰਸਤਾ ਸਾਫ਼ ਰੱਖੋ ਤਾਂ ਜੋ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਰੋਕਿਆ ਜਾ ਸਕੇ।
Adv.
ਇਸ ਮੌਕੇ ਫਾਇਰ ਬ੍ਰਿਗੇਡ ਦੇ ਜਵਾਨਾਂ ਨੇ ਹਸਪਤਾਲ ਸਟਾਫ ਨੂੰ ਅੱਗ ਬੁਝਾਊ ਯੰਤਰਾਂ ਦਾ ਇਸਤੇਮਾਲ ਕਰਨਾ ਸਿਖਾਇਆ ਅਤੇ ਅੱਗ ਦੀਆਂ ਵੱਖ-ਵੱਖ ਕਿਸਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।