ਕੋਵਿਡ-19 ਮਹਾਂਮਾਰੀ ਉੱਪਰ ਫ਼ਤਹਿ ਹਾਸਲ ਕਰਨ ਲਈ ਸੈਕਟਰ ਅਫ਼ਸਰ ਅਤੇ ਬੀ.ਐੱਲ.ਓ. ਵੀ ਮੈਦਾਨ ਵਿੱਚ ਡਟੇ
ਬੀ.ਐੱਲ.ਓਜ਼ ਨੇ ਘਰ-ਘਰ ਜਾ ਕੇ ਲੋਕਾਂ ਨੂੰ ਵੈਕਸੀਨ ਲਗਾਉਣ ਲਈ ਕਿਹਾ
ਬਟਾਲਾ, 11 ਅਪ੍ਰੈਲ ( ਅਮਰੀਕ ਮਠਾਰੂ ) – ਕੋਵਿਡ-19 ਮਹਾਂਮਾਰੀ ਉੱਪਰ ਫ਼ਤਹਿ ਹਾਸਲ ਕਰਨ ਲਈ ਹੁਣ ਸੈਕਟਰ ਅਫ਼ਸਰ ਅਤੇ ਸਮੂਹ ਬੀ.ਐੱਲ.ਓ. ਵੀ ਮੈਦਾਨ ਵਿੱਚ ਡਟ ਗਏ ਹਨ। ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੈਕਟਰ ਅਫ਼ਸਰ ਅਤੇ ਸਮੂਹ ਬੀ.ਐੱਲ.ਓਜ਼. ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਅੱਜ ਬਟਾਲਾ ਸ਼ਹਿਰ ਦੇ ਭੰਡਾਰੀ ਮੁਹੱਲੇ, ਨਵੀਂ ਅਬਾਦੀ ਬੈਂਕ ਕਲੋਨੀ, ਨਹਿਰੂ ਗੇਟ, ਠਠਿਆਰਾਂ ਮੁਹੱਲਾ ਵਿਖੇ ਸੈਕਟਰ ਅਫ਼ਸਰ ਇੰਜੀਨੀਅਰ ਜਸਬੀਰ ਸਿੰਘ ਅਤੇ ਬੀ.ਐੱਲ.ਓ. ਰਾਜਬੀਰ ਸਿੰਘ ਵੱਲੋਂ ਘਰ ਘਰ ਜਾ ਕੇ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਵੈਕਸੀਨ ਲਗਾਉਣ ਲਈ ਜਾਗਰੂਕ ਕੀਤਾ ਗਿਆ। ਜਸਬੀਰ ਸਿੰਘ ਨੇ ਲੋਕਾਂ ਨਾਲ ਗੱਲ-ਬਾਤ ਕਰਦਿਆਂ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਕੋਰੋਨਾ ਮਹਾਂਮਾਰੀ ਦੇ ਕੇਸਾਂ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਕੋਰੋਨਾ ਦੇ ਇਹ ਨਵੇਂ ਮਾਮਲੇ ਪਹਿਲਾਂ ਨਾਲੋਂ ਖਤਰਨਾਕ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਕਾਰਨ ਬਟਾਲਾ ਸ਼ਹਿਰ ਵਿੱਚ ਵੀ ਕਈ ਮੌਤਾਂ ਹੋ ਚੁੱਕੀਆਂ ਹਨ ਅਤੇ ਨਿੱਤ ਦਿਨ ਇਹ ਗਿਣਤੀ ਵੱਧਦੀ ਜਾ ਰਹੀ ਹੈ।
ਸੈਕਟਰ ਅਫ਼ਸਰ ਜਸਬੀਰ ਸਿੰਘ ਨੇ ਕਿਹਾ ਕਿ ਕੋਰੋਨਾ ਉੱਪਰ ਕਾਬੂ ਪਾਉਣ ਲਈ 45 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਵੈਕਸੀਨ ਜਰੂਰ ਲਗਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਸਿਹਤ ਵਿਭਾਗ ਵੱਲੋਂ ਮੁਫ਼ਤ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਵੈਕਸੀਨ ਲਗਾਉਣ ਲਈ ਮੁਹੱਲਿਆਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਜਿਨ੍ਹਾਂ ਦਾ ਲੋਕਾਂ ਨੂੰ ਲਾਭ ਉਠਾਉਣਾ ਚਾਹੀਦਾ ਹੈ। ਜਸਬੀਰ ਸਿੰਘ ਨੇ ਦੱਸਿਆ ਕਿ ਬਟਾਲਾ ਸ਼ਹਿਰ ਦੇ ਲੋਕ ਸਿਹਤ ਵਿਭਾਗ ਦੀ ਗੱਲ ਮੰਨ ਕੇ ਵੈਕੀਨੇਸ਼ਨ ਕੇਂਦਰਾਂ ਵਿੱਚ ਜਾਣੇ ਸ਼ੁਰੂ ਹੋ ਗਏ ਹਨ ਅਤੇ ਹਾਲੀਆ ਰੁਝਾਨ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਬਹੁਤ ਜਲਦੀ ਬਟਾਲਾ ਵਿੱਚ ਵੈਕਸੀਨੇਸ਼ਨ ਨੂੰ ਮੁਕੰਮਲ ਕਰ ਲਿਆ ਜਾਵੇਗਾ।