ਜ਼ਿਲ੍ਹਾ ਗੁਰਦਾਸਪੁਰ ਦੇ 428 ਪਿੰਡਾਂ ਵਿੱਚ 8.98 ਕਰੋੜ ਰੁਪਏ ਦੀ ਲਾਗਤ ਨਾਲ ਬਣਨਗੇ ‘ਕਮਿਊਨਿਟੀ ਸੈਨਟੇਰੀ ਕੰਪਲੈਕਸ’
‘ਕਮਿਊਨਿਟੀ ਸੈਨਟੇਰੀ ਕੰਪਲੈਕਸ’ ਲਈ ਪਿੰਡ ਚੂਹੇਵਾਲ ਦੀ ਚੋਣ ਹੋਣ `ਤੇ ਸਰਪੰਚ ਦਲਜੀਤ ਸਿੰਘ ਨੇ ਰਾਜ ਸਰਕਾਰ ਦਾ ਕੀਤਾ ਧੰਨਵਾਦ
ਬਟਾਲਾ, ( ਅਮਰੀਕ ਮਠਾਰੂ) – ਸੂਬਾ ਸਰਕਾਰ ਵਲੋਂ ਪੇਂਡੂ ਖੇਤਰ ਦੇ ਸਾਰੇ ਘਰਾਂ ਨੂੰ ਪੀਣ ਵਾਲਾ ਸਾਫ ਪਾਣੀ 100 ਫੀਸਦੀ ਪਾਈਪਾਂ ਰਾਹੀਂ ਸਪਲਾਈ ਕਰਨ ਦੇ ਟੀਚੇ ਨੂੰ ਮੁਕੰਮਲ ਕਰਨ ਲਈ ‘ਹਰ ਘਰ ਪਾਣੀ ਹਰ ਘਰ ਸਫ਼ਾਈ’ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਕੀਮ ਤਹਿਤ ਲੋਕਾਂ ਨੂੰ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ, ਕਮਿਊਨਿਟੀ ਸੈਨਟੇਰੀ ਕੰਪਲੈਕਸ ਉਸਾਰਨ ਅਤੇ ਟੁਆਇਲਟਸ ਆਦਿ ਬਣਾਉਣ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ।
ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ 428 ਪਿੰਡਾਂ ਵਿਚ ਕਮਿਊਨਿਟੀ ਸੈਨਟੇਰੀ ਕੰਪਲੈਕਸ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਉੱਪਰ 898.8 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਸਕੀਮ ਤਹਿਤ ਜਿਨਾਂ ਘਰਾਂ ਵਿਚ ਪਖਾਨੇ ਬਾਣਾਉਣ ਦੀ ਜਗ੍ਹਾ ਨਹੀਂ ਸੀ, ਉਨਾਂ ਘਰਾਂ ਨੂੰ ਇਸ ਸਕੀਮ ਦੇ ਤਹਿਤ ਪਿੰਡ ਵਿਚ ਕਿਸੇ ਇਕ ਜਗ੍ਹਾ ਸਾਝਾਂ ‘ਕਮਿਊਨਿਟੀ ਸੈਨਟੇਰੀ ਕੰਪਲੈਕਸ’ ਜਲ ਅਤੇ ਸ਼ੈਨੀਟੇਸ਼ਨ ਵਿਭਾਗ ਵਲੋਂ ਬਣਾ ਕੇ ਦਿੱਤਾ ਜਾ ਰਿਹਾ ਹੈ, ਤਾਂ ਜੋ ਪਿੰਡ ਨੂੰ ਸਵੱਛ ਭਾਰਤ ਮਿਸ਼ਨ ਫੇਜ਼-1 ਦੇ ਤਹਿਤ ਸੌਚ ਮੁਕਤ ਰੱਖਿਆ ਜਾ ਸਕੇ।
ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਚੂਹੇਵਾਲ ਦੇ ਸਰਪੰਚ ਦਲਜੀਤ ਸਿੰਘ ਬਮਰਾਹ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਅੰਦਰ ਲੋਕਾਂ ਨੂੰ ਸਾਫ ਸੁਥਰਾ ਪਾਣੀ ਅਤੇ ਸ਼ੁੱਧ ਵਾਤਾਵਰਣ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਵਿਸ਼ੇਸ ਉਪਰਾਲੇ ਕੀਤੇ ਗਏ ਹਨ। ਉਨਾਂ ‘ਹਰ ਘਰ ਪਾਣੀ ਹਰ ਘਰ ਸਫ਼ਾਈ’ ਮਿਸ਼ਨ ਦੀ ਗੱਲ ਕਰਦਿਆਂ ਦੱਸਿਆ ਕਿ ਪਿੰਡਾਂ ਵਿਚ ‘ਕਮਿਊਨਿਟੀ ਸੈਨਟੇਰੀ ਕੰਪਲੈਕਸ’ ਦੀ ਉਸਾਰੀ ਨਾਲ ਲੋਕਾਂ ਨੂੰ ਬਹੁਤ ਸਹੂਲਤ ਮਿਲੇਗੀ ਅਤੇ ਖਾਸ ਕਰਕੇ ਜਿਨਾਂ ਲੋਕਾਂ ਦੇ ਘਰਾਂ ਵਿਚ ਜਗ੍ਹਾ ਨਹੀਂ ਸੀ ਉਨਾਂ ਲੋਕਾਂ ਦੀ ਸਹੂਲਤ ਲਈ ਬਣਾਏ ਜਾ ਰਹੇ ‘ਕਮਿਊਨਿਟੀ ਸੈਨਟੇਰੀ ਕੰਪਲੈਕਸ’ ਬਹੁਤ ਲਾਹਵੰਦ ਸਾਬਤ ਹੋਣਗੇ। ਸਰਪੰਚ ਦਲਜੀਤ ਸਿੰਘ ਬਮਰਾਹ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਚੂਹੇਵਾਲ ਵਿੱਚ ਵੀ ‘ਕਮਿਊਨਿਟੀ ਸੈਨਟੇਰੀ ਕੰਪਲੈਕਸ’ ਬਣਾਇਆ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ 25 ਦੇ ਕਰੀਬ ਹੋਰ ਲੋੜਵੰਦ ਪਰਿਵਾਰਾਂ ਨੂੰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਘਰਾਂ ਵਿੱਚ ਮੁਫ਼ਤ ਪਖਾਨੇ ਬਣਾ ਕੇ ਦਿੱਤੇ ਜਾਣਗੇ।