ਨੌਜਵਾਨ ਵਰਗ ਨਗਰ ਕਾਰਪੋਰੇਸ਼ਨਾ ਚੋਣਾਂ 2021 ਵਿੱਚ ਵੱਡੀ ਭੂਮਿਕਾ ਅਦਾ ਕਰ ਸੱਕਦਾ ਹੈ : ਜਗਜੋਤ ਸੰਧੂ
ਯਾਦ ਰੱਖਣਾ ਤੁਸੀਂ ਆਪਣੇ ਸ਼ਹਿਰ ਤੇ ਮੁਹੱਲੇ ਦਾ ਭਵਿੱਖ ਚੁਣਨਾ ਹੈ, ਇਸ ਲਈ ਉਸ ਨੂੰ ਚੁਣੋ ਜਿਹੜਾ ਸਰਬੋਤਮ ਹੈ, ਯੋਗ ਹੈ, ਇਮਾਨਦਾਰ ਹੈ : ਜਗਜੋਤ ਸੰਧੂ
ਬਟਾਲਾ (ਅਮਰੀਕ ਮਠਾਰੂ):-ਵੋਟ ਦੇਣ ਦਾ ਅਧਿਕਾਰ ਦੇਸ਼ ਦੇ ਹਰ ਨਾਗਰਿਕ ਨੂੰ ਸੰਵਿਧਾਨਕ ਅਧਿਕਾਰ ਹੈ। 1988 ਵਿੱਚ 61 ਵੀ ਸੋਧ ਨਾਲ ਵੋਟ ਦੇਣ ਦੀ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕਰਨ ਨਾਲ ਹੁਣ ਦੇਸ਼ ਦਾ ਹਰ ਨੌਜਵਾਨ ਜਿਸ ਦੀ ਉਮਰ 18 ਸਾਲ ਹੈ ਕਿਸੇ ਨੂੰ ਵੀ ਆਪਣੀ ਮਰਜ਼ੀ ਨਾਲ ਵੋਟ ਦੇ ਸੱਕਦਾ ਹੈ। ਹੁਣ ਪੰਜਾਬ ਵਿੱਚ ਸਥਾਨਕ ਸਰਕਾਰਾਂ ਦੀ ਚੋਣ ਲਈ 109 ਨਗਰ ਪਾਲਿਕਾਵਾਂ ਤੇ 5 ਨਗਰ ਕਾਰਪੋਰੇਸ਼ਨਾਂ ਦੀ ਚੋਣ ਅਗਲੇ ਮਹੀਨੇ 14 ਫਰਵਰੀ ਨੂੰ ਹੋਣ ਜਾ ਰਹੀ ਹੈ। ਇਨ੍ਹਾਂ ਸਥਾਨਕ ਸਰਕਾਰਾਂ ਲਈ ਉਮੀਦਵਾਰ ਚੁਣੇ ਜਾਣੇ ਹਨ ਜਿਨਾਂ ਤੁਹਾਡੇ ਸ਼ਹਿਰ, ਮੁਹੱਲੇ ਤੇ ਗਲੀਆਂ ਦੀ ਦਸ਼ਾ ਸੁਧਾਰਨ ਦੇ ਨਾਲ ਨਾਲ ਤੁਹਾਡੇ ਨਾਲ ਮਾੜੀ ਚੰਗੀ ਵਿੱਚ ਵੀ ਖੜਨਾ ਹੈ। ਨੌਜਵਾਨ ਵਰਗ ਇਨ੍ਹਾਂ ਚੋਣਾਂ ਵਿੱਚ ਵੱਡੀ ਭੂਮਿਕਾ ਅਦਾ ਕਰ ਸੱਕਦਾ ਹੈ। ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਚੋਣਾਂ ਵਿੱਚ ਪੈਸਾ ਤੇ ਲਾਲਚ ਵੱਡੀ ਭੂਮਿਕਾ ਨਿਭਾ ਜਾਂਦਾ ਹੈ, ਉਮੀਦਵਾਰ ਦਾ ਕਿਰਦਾਰ ਤੇ ਚਾਲ ਚੱਲਣ ਕਿਤੇ ਪਿੱਛੇ ਰਹਿ ਜਾਂਦਾ ਹੈ। ਇੱਕ ਹਫਤੇ ਚੱਲਣ ਵਾਲੀਆਂ ਚੋਣਾਂ ਵਿੱਚ ਭ੍ਰਿਸ਼ਟ ਉਮੀਦਵਾਰ ਪੈਸਾ ਪਾਣੀ ਵਾਂਗ ਵਹਾ ਸੱਕਦੇ ਹਨ ਤੇ ਵੋਟਾਂ ਖਰੀਦ ਸੱਕਦੇ ਹਨ। ਇਹ ਨੌਜਵਾਨ ਵਰਗ ਦਾ ਫਰਜ਼ ਬਣਦਾ ਹੈ ਕਿ ਕਿਸ ਉਮੀਦਵਾਰ ਨੂੰ ਜਿਤਾਉਣਾ ਹੈ। ਇਹ ਨੌਜਵਾਨ ਵਰਗ ਦਾ ਫਰਜ ਬਣਦਾ ਹੈ ਕਿ ਭ੍ਰਿਸ਼ਟ ਉਮੀਦਵਾਰ ਦਾ ਨਾ ਸਿਰਫ ਪਰਦਾ ਫਾਸ਼ ਕਰਨ, ਸਗੋਂ ਪੈਸੇ ਦੇ ਦੁਰਉਪਯੋਗ ਨੂੰ ਰੋਕਣ ਤੇ ਚੰਗੇ ਉਮੀਦਵਾਰ ਨੂੰ ਜਿਤਾਉਣ।
ਅਕਸਰ ਵੇਖਿਆ ਜਾਂਦਾ ਹੈ ਕਿ ਅਸੀਂ ਉਮੀਦਵਾਰ ਚੁਣੇ ਜਾਣ ਮਗਰੋਂ ਉਸ ਖਿਲਾਫ ਹੋ ਜਾਂਦੇ ਹਾਂ ਤੇ ਆਪਣੀ ਦਿੱਤੀ ਵੋਟ ਤੇ ਪਛਤਾਵਾ ਕਰਨ ਲੱਗ ਪੈਂਦੇ ਹਾਂ ਕਿਉਂਕਿ ਵੋਟ ਦੇਣ ਤੋਂ ਪਹਿਲਾਂ ਅਸੀਂ ਉਮੀਦਵਾਰ ਦੇ ਕਿਰਦਾਰ ਦੀ ਜਗ੍ਹਾ, ਉੱਸਦੀ ਜਾਤ, ਧਰਮ ਤੇ ਆਪਣੇ ਨਾਲ ਨੇੜਤਾ ਧਿਆਨ ਵਿੱਚ ਰੱਖ ਲੈਂਦੇ ਹਾਂ। ਨਾਲ ਹੀ ਉਸਦੇ ਖਰਚੇ ਜਾ ਰਹੇ ਪੈਸੇ ਤੇ ਪਾਣੀ ਵਾਂਗ ਵਰਤੀ ਜਾ ਰਹੀ ਸ਼ਰਾਬ ਦੇ ਪ੍ਰਭਾਵ ਵਿੱਚ ਆ ਜਾਂਦੇ ਹਾਂ। ਯਾਦ ਰੱਖਣਾ ਤੁਸੀਂ ਆਪਣੇ ਸ਼ਹਿਰ ਤੇ ਮੁਹੱਲੇ ਦਾ ਭਵਿੱਖ ਚੁਣਨਾ ਹੈ, ਇਸ ਲਈ ਉਸ ਨੂੰ ਚੁਣੋ ਜਿਹੜਾ ਸਰਬੋਤਮ ਹੈ, ਯੋਗ ਹੈ, ਇਮਾਨਦਾਰ ਹੈ।
ਕਿਤੇ ਇਹ ਨਾ ਹੋਏ ਕਿ ਫਿਰ 5 ਸਾਲ ਲਈ ਪਛਤਾਉਣਾ ਪਏ। ਉਮੀਦ ਕਰਦਾ ਹਾਂ ਕਿ ਆਪਣੀ ਵੋਟ ਦੀ ਵਰਤੋਂ ਕਰਨ ਵੇਲੇ ਆਪਣੇ ਬੁੱਧ ਬਿਬੇਕ ਦੀ ਵਰਤੋਂ ਹਰ ਸ਼ਹਿਰੀ ਕਰੇਗਾ, ਨੌਜਵਾਨ ਵਰਗ ਤੋਂ ਇੱਕ ਬੇਹਤਰ ਉਮੀਦ ਰਹੇਗੀ। ਇਹ ਸੱਭ ਵਿਚਾਰ ਜਗਜੀਤ ਸੰਧੂ ਨੇ ਸਾਂਝੇ ਕੀਤੇ