ਆਪਬੀਤੀਆ

ਆਪਬੀਤੀਆ ~ ਕਿੱਧਰ ਗਏ ਸਾਡੇ ਅਤਿ ਆਧੁਨਿਕ ਪ੍ਰਮਾਣੂ ਹਥਿਆਰ, ਮਿਜ਼ਾਇਲਾਂ, ਹਵਾ ਨਾਲੋਂ ਵੀ ਤੇਜ਼ ਲੜਾਕੂ ਜ਼ਹਾਜ,ਪਲਾਂ ਛਿਣਾਂ ਵਿੱਚ ਦੇਸਾਂ ਨੂੰ ਤਹਿਸ ਨਹਿਸ ਕਰ ਦੇਣ ਵਾਲੇ ਬੰਬ?ਵੱਡੀਆਂ ਤੋਂ ਵੱਡੀਆਂ ਫੌਜਾਂ ਵਾਲੇ ਦੇਸ਼ ਅੰਦਰ ਵੜੇ ਬੈਠੇ ਹਨ।ਸਾਡੀ ਔਕਾਤ ਕੀ ਹੈ, ਕੁਦਰਤ ਨੇ ਸਾਨੂੰ ਦਿਖਾ ਦਿੱਤਾ ਹੈ।ਬੜਾ ਉੱਚਾ ਉੱਡ ਰਹੇ ਸੀ ਅਸੀ।ਕੀ ਵੱਡਾ, ਕੀ ਛੋਟਾ, ਪੈਸੇ ਦੀ ਅੰਨ੍ਹੀ ਦੌੜ ਵਿੱਚ ਭੇਡਾਂ ਵਾਂਗੂੰ ਭੱਜੇ ਫਿਰਦੇ ਸੀ।ਅਸੀਂ ਕੁਦਰਤ ਦੇ ਅਸੂਲਾਂ ਅਤੇ ਵਸੀਲਿਆਂ ਨੂੰ ਅਣਗੌਲਿਆ ਕੀਤਾ ਹੋਇਆ ਸੀ।ਪਾਣੀ,ਰੁੱਖ, ਹਵਾ, ਮਿੱਟੀ,ਨਦੀਆਂ, ਪਹਾੜਾਂ ਦਾ ਸਤਿਕਾਰ ਭੁਲਾਈਂ ਬੈਠੇ ਸੀ।ਬਿਜਨੈਸ, ਮਾਰਕਿਟ, ਸ਼ੇਅਰ, ਟਾਰਗੇਟ, ਲੋਨ,ਫੇਸਬੁੱਕ, ਵਾਟਸ ਐਪ,ਰਾਜਨੀਤਕ ਤੋੜ ਮਰੋੜ, ਹਿੰਦੂ ਮੁਸਲਿਮ, ਦੂਸ਼ਣਬਾਜ਼ੀ, ਦੰਗੇ ਫਸਾਦ, ਕੱਟੜਤਾ, ਪਾਖੰਡਬਾਦ ਦੀ ਆਪਾਧਾਪੀ ਵਿੱਚ ਹੀ ਉਲਝੇ ਹੋਏ ਸੀ।ਪਰ ਇੱਕ ਝਟਕੇ ਵਿੱਚ ਹੀ ਸਭ ਬਦਲ ਕੇ ਰੱਖ ਦਿੱਤਾ ਇੱਕ ਛੋਟੇ ਜਿਹੇ ਵਾਇਰਸ ਨੇ ਤੇ ਦਿਖਾ ਦਿੱਤਾ ਪੂਰੀ ਦੁਨੀਆਂ ਨੂੰ ਕਿ ਕੀ ਹਸਤੀ ਹੈ ਸਾਡੀ।ਬੜੇ ਮਚਲੇ ਫਿਰਦੇ ਸੀ ਤੇ ਆਪਣੇ ਆਪ ਨੂੰ ਅਸਾਧਾਰਨ ਮੰਨਣ ਲੱਗ ਪਏ ਸੀ।ਸਾਨੂੰ ਪਤਾ ਲੱਗ ਗਿਆ ਕਿ ਅਸੀਂ ਉਸ ਕੁਦਰਤ ਅੱਗੇ ਬਹੁਤ ਸਧਾਰਣ ਜੀਵ ਹਾਂ।ਸਾਡੀ ਔਕਾਤ ਸੱਚਮੁੱਚ ਹੀ ਪਾਣੀ ਦੇ ਬੁਲਬੁਲੇ ਵਾਲੀ ਹੈ।ਅਸੀਂ ਇੱਕ ਦੂਜੇ ਨੂੰ ਮਿਟਾਉਣ ਲਈ ਤਾਂ ਬੇਸ਼ੱਕ ਬਹੁਤ ਮਾਰੂ ਹਥਿਆਰ ਬਣਾ ਲਏ ਪਰ ਕੇਵਲ ਇੱਕ ਵਾਇਰਸ ਅੱਗੇ ਗੋਡੇ ਟੇਕ ਦਿੱਤੇ ਜਿਸ ਨੇ ਸਾਨੂੰ ਘਰਾਂ ਵਿੱਚ ਬੰਦ ਹੋਣ ਲਈ ਮਜਬੂਰ ਕਰ ਦਿੱਤਾ ਹੈ।ਲੋੜ ਇਸ ਗੱਲ ਨੂੰ ਸਮਝਣ ਦੀ ਹੈ ਕਿ ਅਰਬਾਂ ਖਰਬਾਂ ਰੁਪਏ ਖਰਚ ਕਰ ਕੇ ਬਣਾਏ ਹਥਿਆਰਾਂ ਦੀ ਥਾਂ ਸਿਹਤ ਸਹੂਲਤਾਂ ਨੂੰ ਵਿਕਸਤ ਕਰਨਾ ਅਜੋਕੇ ਯੁੱਗ ਦੀ ਪ੍ਰਮੱਖਤਾ ਹੋਣੀ ਚਾਹੀਦੀ ਹੈ ਕਿਉਂਕਿ ਭਵਿੱਖ ਵਿੱਚ ਅਜਿਹੇ ਵਾਇਰਸ ਪੈਦਾ ਹੁੰਦੇ ਰਹਿਣਗੇ ਜਾਂ ਕਹਿ ਲਿਆ ਜਾਵੇ ਕਿ ਪੈਦਾ ਕੀਤੇ ਜਾਣਗੇ।ਅਸੀਂ ਕੁਦਰਤ ਨੂੰ ਬਿਲਕੁੱਲ ਹੀ ਵਿਸਾਰੀਂ ਬੈਠੇ ਹਾਂ।ਚੜਦਾ ਚੰਦ, ਡੁੱਬਦਾ ਸੂਰਜ,ਤਾਰਿਆਂ ਦੀ ਲੋਅ,ਬੱਦਲਾਂ ਦੀ ਉਡਾਣ, ਹਵਾਵਾਂ ਦੀ ਮਹਿਕ ਸ਼ਾਇਦ ਹੀ ਅਸੀ ਕਦੇ ਮਹਿਸੂਸ ਕੀਤੀ ਹੋਵੇ।ਸੋ ਆਓ ,ਆਪਣੇ ਆਪ ਨੂੰ ਰੀਸੈੱਟ ਕਰੀਏ।ਜੋ ਕਹਿੰਦੇ ਸਨ ਕਿ ਸੋਚਣ ਵਿਚਾਰਨ ਲਈ ਸਮਾਂ ਨਹੀਂ ਮਿਲਦਾ, ਹੁਣ ਬੈਠ ਕੇ ਚੰਗੀ ਤਰ੍ਹਾਂ ਸੋਚ ਲਉ,ਆਪਣੇ ਬਾਰੇ, ਆਪਣਿਆਂ ਬਾਰੇ ਅਤੇ ਆਪਣੇ ਆਲੇ ਦੁਆਲੇ ਬਾਰੇ।ਔਖੇ-ਸੌਖੇ ਵੇਲੇ ਅਕਸਰ ਗੁਜ਼ਰ ਜਾਂਦੇ ਹਨ।ਇਹ ਸਮਾਂ ਵੀ ਗੁਜ਼ਰ ਜਾਵੇਗਾ।ਪਰ ਬਹੁਤ ਕੁੱਝ ਸਿਖਾ ਜਾਵੇਗਾ।ਇਥੇ ਕੁਝ ਦਿਨ ਪਹਿਲਾਂ ਕਿਸੇ ਦੇ ਕੋਲ ਇਕ ਮਿੰਟ ਵੀ ਟਾਈਮ ਨਹੀਂ ਸੀ ਲਓ ਕਰ ਦਿੱਤਾ ਟਾਈਮ ਹੀ ਟਾਈਮ ,ਇਹ ਤਾਂ ਟਰੇਲਰ ਹੈ ਪਰਮਾਤਮਾ ਕੁਝ ਵੀ ਕਰ ਸਕਦਾ ਹੈ।
ਅਮਤਾਬ ਭੱਟੀ✒️

Leave a Reply

Your email address will not be published. Required fields are marked *