ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦਿਹਾੜੇ ਅਤੇ ਮਾਤਾ ਗੁਜਰੀ ਜੀ ਸਮੇਤ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪਹਿਲਾ ‘ਇਸਤਰੀ ਕਵੀ ਦਰਬਾਰ’ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥਕ ਕਵੀ ਸਰਦਾਰ ਬਲਵੀਰ ਸਿੰਘ ਬੱਲ ਦੇ ਵਿਸ਼ੇਸ਼ ਸਹਿਯੋਗ ਨਾਲ ਸਜਾਏ ਗਏ ਇਸ ਸਮਾਗਮ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੀਆਂ ਨਾਮਵਰ ਕਵਿਤਰੀਆਂ ਨੇ ਆਪਣੀਆਂ ਭਾਵਪੂਰਤ ਰਚਨਾਵਾਂ ਰਾਹੀਂ ਗੁਰੂ-ਚਰਨਾਂ ਵਿੱਚ ਹਾਜ਼ਰੀ ਲਗਵਾਈ। ਇਸ ਪੂਰੇ ਸਮਾਗਮ ਦੌਰਾਨ ਸਟੇਜ ਦੇ ਸੰਚਾਲਨ ਦੀ ਸੇਵਾ ਪੰਥਕ ਕਵੀ ਸਰਦਾਰ ਬਲਬੀਰ ਸਿੰਘ ਬੱਲ ਨੇ ਆਪਣੇ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਨਿਭਾਈ ਅਤੇ ਆਪਣੀ ਸ਼ਾਇਰੀ ਨਾਲ ਸੰਗਤਾਂ ਨੂੰ ਮੰਤਰ-ਮੁਗਧ ਕਰ ਦਿੱਤਾ।
Adv.

ਕਵੀ ਦਰਬਾਰ ਦੌਰਾਨ ਕਵਿਤਰੀ ਸੁਖਜਿੰਦਰ ਕੌਰ ਪਠਾਨਕੋਟ, ਮਨਦੀਪ ਕੌਰ ਪ੍ਰੀਤ ਮੁਕੇਰੀਆਂ, ਜਸਵਿੰਦਰ ਕੌਰ ਜੱਸੀ, ਕੁਲਦੀਪ ਕੌਰ ਦੀਪ,ਅਮਰਜੀਤ ਕੌਰ ਨੂਰੀ, ਪਰਮਜੀਤ ਕੌਰ ਮਹਿਕ, ਪਰਵਿੰਦਰ ਕੌਰ ਪਟਿਆਲਾ ਅਤੇ ਸਿਮਰਨਜੀਤ ਕੌਰ ਮੋਗਾ ਨੇ ਜੈਕਾਰਿਆਂ ਦੀ ਗੂੰਜ ਵਿੱਚ ਗੁਰੂ ਇਤਿਹਾਸ ਅਤੇ ਸ਼ਹਾਦਤ ਦੇ ਪ੍ਰਸੰਗਾਂ ਨੂੰ ਕਵਿਤਾਵਾਂ ਦੇ ਰੂਪ ਵਿੱਚ ਪੇਸ਼ ਕੀਤਾ। ਕਵਿਤਰੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਜਿੱਥੇ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਕੁਰਬਾਨੀ ਨੂੰ ਯਾਦ ਕੀਤਾ, ਉੱਥੇ ਹੀ ਸਰਹਿੰਦ ਦੀਆਂ ਨੀਹਾਂ ਵਿੱਚ ਸ਼ਹੀਦ ਹੋਣ ਵਾਲੇ ਛੋਟੇ ਸਾਹਿਬਜ਼ਾਦਿਆਂ, ਵੱਡੇ ਸਾਹਿਬਜ਼ਾਦਿਆਂ ਦੇ ਜੱਗ ਵਿੱਚ ਸ਼ਹੀਦੀ ਅਤੇ ਮਾਤਾ ਗੁਜਰੀ ਜੀ ਦੇ ਅਟੱਲ ਸਿਦਕ ਦੀ ਦਾਸਤਾਨ ਬਿਆਨ ਕਰਕੇ ਪੰਡਾਲ ਵਿੱਚ ਬੈਠੀ ਹਰ ਅੱਖ ਨਮ ਕਰ ਦਿੱਤੀ।
ਸਮਾਗਮ ਦੇ ਅੰਤ ਵਿੱਚ ਸਮੂਹ ਕਵਿਤਰੀਆਂ ਨੇ ਪ੍ਰਬੰਧਕ ਕਮੇਟੀ ਅਤੇ ਸਰਦਾਰ ਬਲਵੀਰ ਸਿੰਘ ਬੱਲ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਪਾਵਨ ਅਸਥਾਨ ‘ਤੇ ਪਹਿਲੀ ਵਾਰ ਇਸਤਰੀ ਕਵੀ ਦਰਬਾਰ ਕਰਵਾ ਕੇ ਇਸਤਰੀ ਜਾਤੀ ਦੇ ਮਾਣ ਨੂੰ ਵਧਾਉਣ ਦਾ ਜੋ ਉਪਰਾਲਾ ਕੀਤਾ ਗਿਆ ਹੈ, ਉਹ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸ਼ਹਿਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਅਜਿਹੇ ਸਮਾਗਮ ਕਰਵਾਉਣੇ ਚਾਹੀਦੇ ਹਨ ਤਾਂ ਜੋ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸਤਰੀ ਜਾਤੀ ਬਾਰੇ ਉਚਾਰੇ ਮਹਾਵਾਕ ਨੂੰ ਅਸਲ ਰੂਪ ਵਿੱਚ ਸਾਕਾਰ ਹੁੰਦਿਆਂ ਵੇਖਿਆ ਜਾ ਸਕੇ।
ਇਸ ਮੌਕੇ ਪ੍ਰਬੰਧਕਾਂ ਅਤੇ ਸੰਗਤਾਂ ਵੱਲੋਂ ਆਈਆਂ ਹੋਈਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਾਰ ਸੇਵਾ ਬ੍ਰਹਮਗਿਆਨੀ ਪੰਥ ਰਤਨ ਜਥੇਦਾਰ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਦੇ ਸੇਵਕਾਂ ਵੱਲੋਂ ਵੀ ਕਵਿਤਰੀਆਂ ਨੂੰ ਸਿਰੋਪਾਓ ਅਤੇ ਮਾਇਆ ਦੇ ਗੱਫੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਵੱਡੀ ਗਿਣਤੀ ਵਿੱਚ ਹਾਜ਼ਰ ਇਲਾਕੇ ਦੀਆਂ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਇਸਤਰੀ ਕਵੀ ਦਰਬਾਰ ਜਾਰੀ ਰੱਖਣ ਦੀ ਇੱਛਾ ਜਤਾਈ।




