ਬਰੈਂਪਟਨ 6 ਅਗਸਤ ( ਰਮਿੰਦਰ ਵਾਲੀਆ) :- ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ “ਛੋਟੇ ਨਾਟਕ ਵੱਡੀਆਂ” ਗੱਲਾਂ ਸਫਲਤਾ ਪੂਰਵਕ ਖੇਡੇ ਗਏ
ਕੈਨੇਡਾ ਦਾ ਬਰੈਂਪਟਨ ਸ਼ਹਿਰ ਪੰਜਾਬੀਅਤ ਦਾ ਆਲੰਬਰਦਾਰ ਮੰਨਿਆ ਜਾਂਦਾ ਹੈ। ਇੱਥੇ ਨਿਤ ਦਿਨ ਕੋਈ ਨਾ ਕੋਈ ਪੰਜਾਬੀ ਸਭਿਆਚਾਰਕ ਜਾਂ ਸਾਹਿਤਕ ਪ੍ਰੋਗਰਾਮ ਹੁੰਦਾ ਹੀ ਰਹਿੰਦਾ ਹੈ। ਇੱਥੋਂ ਦੀ ਸੰਸਥਾ ਪੰਜਾਬੀ ਆਰਟਸ ਐਸੋਸੀਏਸ਼ਨ (PAA) ਪਿਛਲੇ ਲੰਮੇ ਸਮੇਂ ਤੋਂ ਸਫ਼ਲ ਨਾਟਕ ਅਤੇ ਵਿਲੱਖਣ ਕਵੀ ਦਰਬਾਰ ਕਰਵਾਉਣ ਲਈ ਪ੍ਰਸਿੱਧ ਹੈ। ਇਸ 19 ਤੇ 20 ਜੁਲਾਈ ਨੂੰ PAA ਵੱਲੋਂ ‘ਸਿਰਿਲ ਕਲਾਰਕ’ ਥੀਏਟਰ ਵਿਚ “ਨਿੱਕੇ ਨਾਟਕ ਵੱਡੀਆਂ ਗੱਲਾਂ” ਨਾਮਕ ਤਿੰਨ ਨਾਟਕ ਬੜੀ ਸਫ਼ਲਤਾ ਪੂਰਵਕ ਖੇਡੇ ਗਏ। ਤਿੰਨੋਂ ਨਾਟਕਾਂ ਦੀ ਪੇਸ਼ਕਾਰੀ ਬਾਕਮਾਲ ਰਹੀ। ਦੋਨੋਂ ਦਿਨ ਥੀਏਟਰ ਖਚਾਖਚ ਭਰਿਆ ਰਿਹਾ। ਦਰਸ਼ਕਾਂ ਨੇ ਨਾਟਕਾਂ ਦਾ ਭਰਪੂਰ ਆਨੰਦ ਮਾਣਿਆ।
ਪਹਿਲਾ ਨਾਟਕ ‘ਗੁਲਗੁਲੇ’ ਕੈਨੇਡਾ ਦੇ ਮੀਡੀਆ ਜਗਤ ਦੀ ਜਾਣੀ ਪਹਿਚਾਣੀ ਹਸਤੀ ਸਮਾਜ ਸੇਵੀ ਲਵੀਨ ਗਿੱਲ ਦੁਆਰਾ ਲਿਖਿਆ ਹੋਇਆ ਸੀ। ਰਿਸ਼ਤਿਆਂ ‘ਤੇ ਅਧਾਰਿਤ ਇਸ ਖੂਬਸੂਰਤ ਨਾਟਕ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਵਿਦੇਸ਼ ਗਏ ਬੱਚਿਆਂ ਦੀ ਪਿੰਡ ਰਹਿੰਦੀ ਮਾਂ ਪਸ਼ੂ-ਪੰਛੀਆਂ ਨਾਲ ਮੋਹ ਦੀਆਂ ਤੰਦਾਂ ਨਾਲ ਜੋੜੀ ਬੈਠੀ ਹੈ। ਜਦੋਂ ਆਪਣੀਆਂ ਧੀਆਂ ਕੋਲ ਵਿਦੇਸ਼ ਜਾਂਦੀ ਹੈ ਆਪਣੇ ਬੱਚਿਆਂ ਦੇ ਬੱਚਿਆਂ ਨੂੰ ਵੀ ਸੁਹਣੇ ਜੀਊਣ ਦੇ ਢੰਗ ਸਿਖਾਉਂਦੀ ਹੈ। ਇਸਦੀ ਮੁੱਖ ਪਾਤਰ ਨਾਨੀ ਦੀ ਭੂਮਿਕਾ ਲਵੀਨ ਨੇ ਹੀ ਬਾਖੂਬੀ ਨਿਭਾਈ। ਇਸ ਨਾਟਕ ਦੀ ਪਟ ਕਥਾ ਅਤੇ ਉਸਦੀ ਅਦਾਕਾਰੀ ਦੀ ਛਾਪ ਦਰਸ਼ਕਾਂ ਦੇ ਦਿਲਾਂ ‘ਤੇ ਦੇਰ ਤੱਕ ਬਣੀ ਰਹੇਗੀ।
ਦੂਜਾ ਨਾਟਕ ‘ਸਕੂਲ ਦਾ ਸਿਆਪਾ’ ਅਨੁਰਾਧਾ ਤੇਜਪਾਲ ਵੱਲੋਂ ਲਿਖਿਆ ਅਤੇ ਡਾਇਰੈਕਟ ਕੀਤਾ ਗਿਆ ਸੀ। ਇਸ ਵਿਅੰਗਾਤਮਕ ਨਾਟਕ ਦੇ ਡਾਇਲੌਗ ਬੇਹੱਦ ਚੁਸਤ ਸਨ। ਹਲਕੇ ਫੁਲਕਾ ਇਹ ਨਾਟਕ ਵੀ ਬਹੁਤ ਵਾਧੀਆ ਸੁਨੇਹਾ ਛੱਡ ਗਿਆ। ਦੋਨਾਂ ਕਲਾਕਾਰਾਂ ਨੇ ਆਪਣੇ ਪਾਤਰ ਵਿਚ ਖੁੱਭ ਕੇ ਆਪਣੀ ਭੂਮਿਕਾ ਨਿਭਾਈ। ਤੀਜਾ ਨਾਟਕ “ਇਕ ਸੁਪਨੇ ਦਾ ਪੁਲੀਟੀਕਲ ਮਰਡਰ’ ਪਾਲੀ ਭੁਪਿੰਦਰ ਦਾ ਲਿਖਿਆ ਹੋਇਆ ਹੈ। ਇਕ ਘੰਟੇ ਦੇ ਇਸ ਨਾਟਕ ਨੂੰ ਦਰਸ਼ਕਾਂ ਨੇ ਸਾਹ ਰੋਕ ਕੇ ਵੇਖਿਆ। ਬਹੁਤ ਥਾਵਾਂ ‘ਤੇ ਅੱਖਾਂ ਵੀ ਭਿੱਜੀਆਂ। ਇਸ ਗੰਭੀਰ ਵਿਸ਼ੇ ਵਾਲੇ ਨਾਟਕ ਦੇ ਕਲਾਕਾਰਾਂ ਦੀ ਐਕਟਿੰਗ ਕਮਾਲ ਦੀ ਸੀ।
ਕੁੱਲ ਮਿਲਾ ਕੇ ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ ਦੋ ਘੰਟਿਆਂ ਵਿਚ ਖੇਡੇ ਗਏ ਇਹ ਤਿੰਨ ਨਾਟਕ ਜ਼ਿੰਦਗੀ ਦੀਆਂ ਹਕੀਕਤਾਂ ਬਿਆਨ ਕਰਦੇ ਹੋਏ ਬਹੁਮੁੱਲੇ ਸੁਨੇਹੇ ਦੇ ਗਏ। ਸਾਰੇ ਕਲਾਕਾਰ ਅਤੇ ਪ੍ਰਬੰਧਕ ਇਸ ਲਈ ਵਧਾਈ ਦੇ ਪਾਤਰ ਹਨ।
ਧੰਨਵਾਦ ਸਹਿਤ
ਸੁਰਜੀਤ ਕੌਰ ਬਰੈਂਪਟਨ ।