ਖ਼ਾਲਸਾ ਕਾਲਜ ਦੀ ਇਸ ਇਤਿਹਾਸਕ ਇਮਾਰਤ ਦਾ ਡਿਜ਼ਾਇਨ ਬਟਾਲਾ ਨੇੜਲੇ ਪਿੰਡ ਰਸੂਲਪੁਰ ਦੇ ਜੰਮਪਲ ਦੁਨੀਆਂ ਦੇ ਮਹਾਨ ਨਕਸ਼ਾਕਾਰ ਭਾਈ ਰਾਮ ਸਿੰਘ ਨੇ ਤਿਆਰ ਕੀਤਾ ਸੀ। ਇਹ ਸਿੱਖ, ਮੁਗਲ, ਰਾਜਪੂਤਾਨਾ ਅਤੇ ਵਿਕਟੋਰੀਅਨ ਆਰਕੀਟੈਕਟ ਦਾ ਕਮਾਲ ਦਾ ਸੁਮੇਲ ਹੈ, ਜੋ ਇਸ ਨੂੰ ਇੱਕ ਅਜੂਬੇ ਦੀ ਦਿੱਖ ਪ੍ਰਦਾਨ ਕਰਦਾ ਹੈ।
ਇਸ ਵਿਰਾਸਤੀ ਇਮਾਰਤ ਦੀ ਬਾਹਰਲੀ ਦਿੱਖ ਤਾਂ ਕਲਾ ਦਾ ਉੱਤਮ ਨਮੂਨਾ ਹੈ ਹੀ, ਇਸਦੀਆਂ ਅੰਦਰੂਨੀ ਬਰੀਕੀਆਂ ਵਿੱਚ ਵੀ ਕਮਾਲ ਦੀ ਕਲਾ ਹੈ। ਇਸਦੀਆਂ ਇੱਟਾਂ ਦੀ ਚਿਣਾਈ, ਗੁੰਬਦ, ਮਹਿਰਾਬਾਂ, ਥੰਮਾਂ, ਦਲਾਨਾਂ, ਵਰਾਂਡਿਆਂ, ਜਾਲੀਆਂ ਤੇ ਝਰੋਖਿਆਂ ਦੀ ਨੁਹਾਰ ਬਿਆਨ ਤੋਂ ਪਰੇ ਹੈ। ਦੁਨੀਆਂ ਦੀ ਇਹ ਸ਼ਾਹਕਾਰ ਇਮਾਰਤ ਕੇਵਲ ਭਾਈ ਰਾਮ ਸਿੰਘ ਹੀ ਬਣਾ ਸਕਦੇ ਸਨ।
ਅੱਜ 1 ਅਗਸਤ ਨੂੰ ਦੁਨੀਆਂ ਦੇ ਮਹਾਨ ਆਰਕੀਟੈਕਟ ਭਾਈ ਰਾਮ ਸਿੰਘ ਦਾ ਜਨਮ ਦਿਨ ਸੀ। ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਅਤੇ ਖ਼ਾਲਸਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਹਿਲ ਸਿੰਘ ਦੇ ਵਿਸ਼ੇਸ਼ ਯਤਨਾ ਸਦਕਾ ਅੱਜ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿਖੇ ਭਾਈ ਰਾਮ ਸਿੰਘ ਨੂੰ ਯਾਦ ਕਰਦਿਆਂ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।
ਇਸ ਸੈਮੀਨਾਰ ਵਿੱਚ ਵਾਈਸ ਚਾਂਸਲਰ ਡਾ. ਮਹਿਲ ਸਿੰਘ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ਼ ਪਲੈਨਿੰਗ ਦੇ ਮਾਹਿਰ ਪ੍ਰੋਫੈਸਰ ਡਾ. ਔਲਖ ਸਾਹਿਬ ਵੱਲੋਂ ਬੜੇ ਵਿਸਥਾਰ ਨਾਲ ਭਾਈ ਰਾਮ ਸਿੰਘ ਦੇ ਜੀਵਨ ਅਤੇ ਉਨ੍ਹਾਂ ਦੀ ਕਲਾ ਅਤੇ ਖ਼ਾਲਸਾ ਕਾਲਜ ਦੀ ਇਮਾਰਤ ਦੀਆਂ ਖ਼ੂਬੀਆਂ ਬਾਰੇ ਦੱਸਿਆ ਗਿਆ। ਮਾਹਿਰਾਂ ਵੱਲੋਂ ਇਮਾਰਤਸਾਜ਼ੀ ਬਾਰੇ ਜੋ ਡੂੰਘਾਈ ਵਿੱਚ ਚਾਨਣਾ ਪਾਇਆ ਗਿਆ ਉਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਿਲਆ।
ਭਾਈ ਰਾਮ ਸਿੰਘ ਨੂੰ ਖ਼ਾਲਸਾ ਕਾਲਜ ਵੱਲੋਂ ਯਾਦ ਕਰਨਾ ਅਤੇ ਉਸਦੀ ਕਲਾ ਦੀ ਸੰਭਾਲ ਤੇ ਪ੍ਰਚਾਰ-ਪ੍ਰਸਾਰ ਕਰਨਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ। ਇਸ ਮੁਬਾਰਕ ਉੱਦਮ ਲਈ ਖ਼ਾਲਸਾ ਕਾਲਜ ਦੀ ਸਮੁੱਚੀ ਮੈਨੇਜਮੈਂਟ ਨੂੰ ਦਿਲੋਂ ਮੁਬਾਰਕਾਂ ਅਤੇ ਬਹੁਤ-ਬਹੁਤ ਧੰਨਵਾਦ।
– ਇੰਦਰਜੀਤ ਸਿੰਘ ਹਰਪੁਰਾ,
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,
ਗੁਰਦਾਸਪੁਰ।
98155-77574