ਸਰਦਾਰਨੀ ਸਦਾ ਕੌਰ ਦਾ ਬਣਾਇਆ ਸਰੋਵਰ ਆਖਰੀ ਸਾਹਾਂ ’ਤੇ

ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਘੁਮਾਣ ਉਹ ਪਾਵਨ ਨਗਰ ਹੈ ਜਿਥੇ ਸ਼੍ਰੋਮਣੀ ਭਗਤ ਨਾਮਦੇਵ ਜੀ ਨੇ ਆਪਣੇ ਜੀਵਨ ਦੇ ਆਖ਼ਰੀ 18 ਸਾਲ ਬਤੀਤ ਕੀਤੇ ਸਨ। ਸੰਨ 1270 ਨੂੰ ਮਹਾਰਾਸ਼ਟਰ ਦੇ ਨਰਸ਼ੀ ਬਾਹਮਣੀ ਵਿਖੇ ਜਨਮੇ ਭਗਤ ਨਾਮਦੇਵ ਜੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚੋਂ ਹੁੰਦੇ ਹੋਏ ਪੰਜਾਬ ਪਹੁੰਚੇ ਜਿਥੇ ਉਨ੍ਹਾਂ ਨੇ ਆਪਣਾ ਆਖਰੀ ਟਿਕਾਣਾ ਘੁਮਾਣ ਦੀ ਧਰਤੀ ਵਿਖੇ ਕੀਤਾ। ਏਥੇ ਹੀ ਭਗਤ ਜੀ ਨੇ ਆਪਣੀ ਬਾਣੀ ਰਚੀ ਅਤੇ ਮਨੁੱਖਤਾ ਨੂੰ ਸੱਚ ਦਾ ਮਾਰਗ ਦਿਖਾਇਆ। ਸੰਨ 1350 ਈਸਵੀ ਵਿੱਚ ਭਗਤ ਨਾਮਦੇਵ ਜੀ ਘੁਮਾਣ ਵਿਖੇ ਹੀ ਜੋਤੀ-ਜੋਤ ਸਮਾਏ। ਭਗਤ ਨਾਮਦੇਵ ਜੀ ਦੀ ਅੰਤਿਮ ਸਮਾਧ ਅੱਜ ਵੀ ਘੁਮਾਣ ਵਿੱਚ ਸੁਸ਼ੋਬਤ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਤਾਂ ਉਸ ਵਿੱਚ ਭਗਤ ਨਾਮਦੇਵ ਜੀ ਦੇ ਵੀ 61 ਸਲੋਕ ਸ਼ਾਮਲ ਕੀਤੇ। ਛੇਵੀਂ ਪਾਤਸ਼ਾਹੀ ਅਤੇ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੀ ਘੁਮਾਣ ਵਿਖੇ ਭਗਤ ਨਾਮਦੇਵ ਜੀ ਦੀ ਸਮਾਧੀ ਅਸਥਾਨ ਦੇ ਦਰਸ਼ਨ ਕਰਨ ਆਏ ਸਨ।
ਸਿੱਖ ਮਿਸਲਾਂ ਦੇ ਦੌਰ ਵਿੱਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਭਗਤ ਨਾਮਦੇਵ ਜੀ ਦੀ ਅੰਤਿਮ ਸਮਾਧੀ ਉੱਪਰ ਇੱਕ ਖੂਬਸੂਰਤ ਗੁੰਬਦ ਵਾਲੀ ਸਮਾਧ ਬਣਾਈ ਅਤੇ ਸਮਾਧੀ ਦੇ ਸਾਹਮਣੇ ਸ਼੍ਰੀ ਗਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਬਾਰਾਂਦਰੀ ਬਣਾਈ ਸੀ। ਬਾਰਾਂਦਰੀ ਦੀ ਪੁਰਾਤਨ ਇਮਾਰਤ ਨੂੰ ਢਾਹ ਕੇ ਓਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾ ਦਿੱਤੀ ਗਈ ਹੈ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਸ੍ਰੀ ਨਾਮਦੇਵ ਦਰਬਾਰ ਵਿੱਚ ਭਗਤ ਜੀ ਦੀ ਸਮਾਧੀ ਦੇ ਜਿਥੇ ਗੁਰਦੁਆਰਾ ਸਾਹਿਬ ਸੁਸ਼ੋਬਿਤ ਹੈ ਓਥੇ ਨਾਲ ਹੀ ਸ੍ਰੀ ਕ੍ਰਿਸ਼ਨ ਮੰਦਰ ਅਤੇ ਸ਼ਿਵਾਲਾ ਵੀ ਮੌਜੂਦ ਹੈ। ਭਗਤ ਨਾਮਦੇਵ ਜੀ ਦੀ ਸਮਾਧ ਦੇ ਨਾਲ ਹੀ ਉਨ੍ਹਾਂ ਦੇ ਚਰਨ ਸੇਵਕ ਬਾਬਾ ਬੋਹੜ ਦਾਸ ਜੀ ਦੀ ਸਮਾਧ ਵੀ ਮੌਜੂਦ ਹੈ।

ਹਾਲਾਂਕਿ ਨਾਮਦੇਵ ਦਰਬਾਰ ਕਮੇਟੀ ਦੇ ਪ੍ਰਬੰਧਕ ਭਗਤ ਨਾਮਦੇਵ ਜੀ ਦੀ ਅੰਤਿਮ ਸਮਾਧੀ ਨੂੰ ਤੁਗਲਕ ਰਾਜ ਦੇ ਦੌਰ ਦੀ ਬਣਾਈ ਦੱਸਦੇ ਹਨ ਪਰ ਸਮਾਧ ਦੀ ਇਮਾਰਤ ਦਾ ਡਿਜ਼ਾਇਨ ਅਤੇ ਇਸਦੀ ਭਵਨ ਨਿਰਮਾਣ ਕਲਾ ਸਿੱਖ ਰਾਜ ਸਮੇਂ ਦੀ ਹੈ। ਹਾਂ ਇਹ ਜਰੂਰ ਹੋ ਸਕਦਾ ਹੈ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਸਮਾਧ ਬਣਾਉਣ ਤੋਂ ਪਹਿਲਾਂ ਵੀ ਓਥੇ ਕੋਈ ਯਾਦਗਾਰੀ ਇਮਾਰਤ ਹੋਵੇਗੀ।
ਇਸ ਸਬੰਧੀ ਕਾਫੀ ਇਤਿਹਾਸਕ ਸਰੋਤਾਂ ਵਿੱਚ ਵੀ ਜਿਕਰ ਮਿਲਦਾ ਹੈ ਕਿ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਮੌਜੂਦਾ ਸਮਾਧ ਦੀ ਇਮਾਰਤ ਮਿਸਲ ਕਾਲ ਵਿੱਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਬਣਾਈ ਸੀ।
Adv.
ਪੁਰਾਤਾਨ ਇਮਾਰਤਾਂ ਦੇ ਜਾਣਕਾਰ ਅਤੇ ਪ੍ਰਸਿੱਧ ਇਤਿਹਾਸਕਾਰ ਸ੍ਰੀ ਸੁਭਾਸ਼ ਪਰਹਾਰ ਵੀ ਇਸ ਦੀ ਤਸਦੀਕ ਕਰਦੇ ਹਨ ਕਿ ਭਗਤ ਨਾਮਦੇਵ ਜੀ ਦੀ ਸਮਾਧ 18ਵੀਂ ਸਦੀ ਦੀ ਹੈ ਅਤੇ ਇਸ ਸਮਾਧ ਦਾ ਡਿਜਾਇਨ ਸਿੱਖ ਕਾਲ ਦੇ ਸਮੇਂ ਦਾ ਹੈ।
ਸਮਾਧ ਜ਼ਮੀਨ ਨਾਲੋਂ ਹੇਠਾਂ ਹੈ ਅਤੇ ਇਸਦੀਆਂ ਦੀਵਾਰਾਂ ਦੇ ਵਿੱਚ ਖਾਲੀ ਥਾਂ ਛੱਡੀ ਗਈ ਹੈ ਤਾਂ ਜੋ ਇਸਨੂੰ ਵਾਤਾਅਨਕੂਲ ਬਣਾਇਆ ਜਾ ਸਕੇ। ਇਸਦਾ ਗੁੰਬਦ ਬਹੁਤ ਵੱਡਾ ਅਤੇ ਆਪਣੇ ਆਪ ਵਿੱਚ ਸ਼ਾਹਕਾਰ ਹੈ।
ਭਗਤ ਨਾਮਦੇਵ ਜੀ ਦੀ ਸਮਾਧ ਦੇ ਪਿਛਲੇ ਪਾਸੇ ਇੱਕ ਵੱਡਾ ਸਰੋਵਰ ਹੈ ਜੋ ਕਨ੍ਹਈਆ ਮਿਸਲ ਦੀ ਮੁੱਖੀ ਸਰਦਾਰਨੀ ਸਦਾ ਕੌਰ ਨੇ ਬਣਾਇਆ ਸੀ। ਕਿਸੇ ਸਮੇਂ ਸੰਗਤਾਂ ਇਸ ਸਰੋਵਰ ਵਿੱਚ ਇਸ਼ਨਾਨ ਕਰਕੇ ਹੀ ਮੱਥਾ ਟੇਕਣ ਜਾਂਦੀਆਂ ਸਨ। ਸਰਦਾਰਨੀ ਸਦਾ ਕੌਰ ਵੱਲੋਂ ਬਣਵਾਏ ਇਸ ਸਰੋਵਰ ਦੀ ਹਾਲਤ ਹੁਣ ਤਰਸਯੋਗ ਹੈ। ਪਿਛਲੇ ਕਈ ਦਹਾਕਿਆਂ ਤੋਂ ਇਹ ਸਰੋਵਰ ਸੁੱਕਾ ਪਿਆ ਹੈ ਅਤੇ ਇਸ ਵਿੱਚ ਲੋਕ ਹੁਣ ਕੂੜਾ ਸੁੱਟਦੇ ਹਨ।
ਸਰੋਵਰ ਦੇ ਵਿੱਚ ਔਰਤਾਂ ਦੇ ਇਸ਼ਨਾਨ ਲਈ ਪੋਣਾ ਵੀ ਹੁੰਦਾ ਸੀ ਜੋ ਢਾਹ ਦਿੱਤਾ ਗਿਆ ਹੈ। ਸਰੋਵਰ ਦੀਆਂ ਪੌੜੀਆਂ ਅਜੇ ਵੀ ਦੇਖੀਆਂ ਜਾ ਸਕਦੀਆਂ ਹਨ ਪਰ ਬਹੁਤੇ ਹਿੱਸਿਆਂ ਤੋਂ ਪੌੜੀਆਂ ਵੀ ਟੁੱਟ ਗਈਆਂ ਹਨ। ਸਿੱਖ ਮਿਸਲਾਂ ਦੇ ਦੌਰ ਦੇ ਬਣੇ ਇਸ ਪਾਵਨ ਸਰੋਵਰ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ। 
ਘੁਮਾਣ ਵਿਖੇ ਹੀ ਸ਼੍ਰੋਮਣੀ ਭਗਤ ਨਾਮਦੇਵ ਜੀ ਦਾ ਇੱਕ ਪਾਵਨ ਅਸਥਾਨ ਗੁਰਦੁਆਰਾ ਤਪਿਆਣਾ ਸਾਹਿਬ ਮੌਜੂਦ ਹੈ। ਘੁਮਾਣ ਦੇ ਨਾਲ ਹੀ ਪਿੰਡ ਭੱਟੀਵਾਲ ਵਿਖੇ ਵੀ ਭਗਤ ਨਾਮਦੇਵ ਜੀ ਨਾਲ ਸਬੰਧਤ ਅਸਥਾਨ ਮੌਜੂਦ ਹਨ। ਦੇਸ਼-ਦੁਨੀਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਘੁਮਾਣ ਵਿਖੇ ਭਗਤ ਸ੍ਰੀ ਨਾਮਦੇਵ ਜੀ ਦੇ ਪਾਵਨ ਅਸਥਾਨ ਦੇ ਦਰਸ਼ਨਾਂ ਨੂੰ ਆਉਂਦੀਆਂ ਹਨ। ਖਾਸ ਕਰਕੇ ਮਹਾਰਾਸ਼ਟਰਾ ਤੋਂ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਏਥੇ ਪਹੁੰਚਦੇ ਹਨ। 
ਜ਼ਿਲ੍ਹਾ ਗੁਰਦਾਸਪੁਰ ਦੀ ਧਰਤੀ ਗੁਰੂ ਸਾਹਿਬਾਨ, ਭਗਤਾਂ, ਪੀਰਾਂ, ਫ਼ਕੀਰਾਂ ਦੀ ਪਾਵਨ ਚਰਨ-ਛੋਹ ਪ੍ਰਾਪਤ ਧਰਤੀ ਹੈ ਜਿਸਨੇ ਹਮੇਸ਼ਾਂ ਹੀ ਮਨੁੱਖਤਾ ਨੂੰ ਰਹਿਬਰੀ ਦਿੱਤੀ ਹੈ। ਇਸ ਪਾਵਨ ਧਰਤੀ ਨੂੰ ਬਾਰ-ਬਾਰ ਨਮਸਕਾਰ।
ਧੰਨਵਾਦ ਸਹਿਤ
– ਇੰਦਰਜੀਤ ਸਿੰਘ ਬਾਜਵਾ,
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,
ਗੁਰਦਾਸਪੁਰ।
98155-77574

