
ਸ਼ਿਵ ਬਟਾਲਵੀ ਦੀ ਯਾਦਗਾਰ ਵੱਲ ਵਿਸ਼ੇਸ਼ ਧਿਆਨ ਦੇਣ ਦੀ ਕੀਤੀ ਮੰਗ
ਬਟਾਲਾ, 23 ਜੁਲਾਈ (IPT BUREAU ) – ਵਿਰਾਸਤੀ ਮੰਚ, ਬਟਾਲਾ ਵੱਲੋਂ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦਾ 87ਵਾਂ ਜਨਮ ਦਿਨ ਅੱਜ ਸ਼ਿਵ ਅਡਾਟੋਰੀਅਮ ਬਟਾਲਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਵਿਰਾਸਤੀ ਮੰਚ ਦੇ ਅਹੁਦੇਦਾਰਾਂ ਨੇ ਸ਼ਿਵ ਆਡੀਟੋਰੀਅਮ ਦੇ ਬਾਹਰ ਸਥਾਪਤ ਕੀਤੇ ਸ਼ਿਵ ਬਟਾਲਵੀ ਦੇ ਆਦਮ ਕੱਦ ਬੁੱਤ `ਤੇ ਹਾਰ ਪਾ ਕੇ ਲੱਡੂ ਵੰਡੇ।

ਪੂਰੀ ਦੁਨੀਆਂ ਵਿੱਚ ਵੱਸਦੇ ਸ਼ਿਵ ਬਟਾਲਵੀ ਦੇ ਪ੍ਰਸੰਸਕਾਂ ਨੂੰ ਉਨਾਂ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆਂ ਵਿਰਾਸਤੀ ਮੰਚ ਬਟਾਲਾ ਦੇ ਨੁਮਾਇੰਦੇ ਐਡਵੋਕੇਟ ਐੱਚ.ਐੱਸ. ਮਾਂਗਟ ਅਤੇ ਇੰਦਰਜੀਤ ਸਿੰਘ ਹਰਪੁਰਾ ਨੇ ਕਿਹਾ ਕਿ ਬਟਾਲਾ ਵਾਸੀਆਂ ਨੂੰ ਆਪਣੇ ਲਾਡਲੇ ਸ਼ਾਇਰ ਉੱਪਰ ਬਹੁਤ ਮਾਣ ਹੈ ਜਿਨਾਂ ਨੇ ਆਪਣੀ ਸ਼ਾਇਰੀ ਰਾਹੀਂ ਬਟਾਲਾ ਸ਼ਹਿਰ ਦਾ ਨਾਮ ਵੀ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ। ਉਨਾਂ ਕਿਹਾ ਕਿ ਸ਼ਿਵ ਬਟਾਲਵੀ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਅਜਿਹੀਆਂ ਖੂਬਸੂਰਤ ਰਚਨਾਵਾਂ ਪਾਈਆਂ ਹਨ ਜੋ ਰਹਿੰਦੀ ਦੁਨੀਆਂ ਤੱਕ ਉਸ ਨੂੰ ਲੋਕ ਮਨਾਂ ਵਿੱਚ ਜ਼ਿੰਦਾ ਰੱਖਣਗੀਆਂ। ਉਨਾਂ ਕਿਹਾ ਕਿ ਅਜੋਕੀ ਪੀੜੀ ਨੂੰ ਆਪਣੇ ਸਾਹਿਤ ਨਾਲ ਜੁੜਨਾ ਚਾਹੀਦਾ ਹੈ ਅਤੇ ਸ਼ਿਵ ਬਟਾਲਵੀ ਵਰਗੇ ਸਿਰਮੌਰ ਕਵੀਆਂ ਨੂੰ ਜਰੂਰ ਪੜਨਾ ਚਾਹੀਦਾ ਹੈ।
ਇਸ ਮੌਕੇ ਇੰਦਰਜੀਤ ਸਿੰਘ ਹਰਪੁਰਾ ਨੇ ਕਿਹਾ ਕਿ ਸ਼ਿਵ ਬਟਾਲਵੀ ਨੇ ਇਕੱਲੀ ਬਿਰਹਾ ਦੀ ਕਵਿਤਾ ਹੀ ਨਹੀਂ ਲਿਖੀ ਬਲਕਿ ਉਹ ਇੱਕ ਖੁਸ਼ ਮਿਜਾਜ ਅਤੇ ਸਮਾਜਿਕ ਕੁਰੀਤੀਆਂ ਖਿਲਾਫ਼ ਅਵਾਜ਼ ਬੁਲੰਦ ਕਰਨ ਵਾਲਾ ਸ਼ਾਇਰ ਵੀ ਸੀ। ਉਸਦਾ ਲਿਖਿਆ ਕਾਵਿ-ਨਾਟ ਲੂਣਾ ਉਸਦੀ ਸ਼ਾਹਕਾਰ ਰਚਨਾ ਹੈ ਜਿਸ ਵਿੱਚ ਉਸਨੇ ਲੂਣਾ ਨੂੰ ਇੱਕ ਨਾਇਕਾ ਵਜੋਂ ਪੇਸ਼ ਕਰਕੇ ਸਮਾਜਿਕ ਮਿੱਥ ਨੂੰ ਤੋੜਿਆ ਹੈ। ਉਨਾਂ ਕਿਹਾ ਕਿ ਸ਼ਿਵ ਦੀ ਸ਼ਾਇਰੀ ਬਹੁਤ ਡੂੰਘੀ ਅਤੇ ਬਹੁਪੱਖੀ ਹੈ ਜਿਸਨੂੰ ਸਮਝਣ ਦੀ ਲੋੜ ਹੈ। ਇਸ ਮੌਕੇ ਸ਼ਿਵ ਬਟਾਲਵੀ ਦੇ ਗੀਤਾਂ ਅਤੇ ਕਵਿਤਾਵਾਂ ਨੂੰ ਬੋਲ ਕੇ ਸ਼ਿਵ ਨੂੰ ਯਾਦ ਕੀਤਾ ਗਿਆ।

ਵਿਰਾਸਤੀ ਮੰਚ ਬਟਾਲਾ ਦੇ ਨੁਮਾਇੰਦਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਜੋ ਸ਼ਿਵ ਕੁਮਾਰ ਬਟਾਲਵੀ ਦੇ ਬੁੱਤ ਅਤੇ ਉਸਦੀ ਯਾਦਗਾਰ ਦੀ ਸਾਂਭ-ਸੰਭਾਲ ਵੱਲ ਧਿਆਨ ਦੇਣ ਦੇ ਨਾਲ ਬੁੱਤ ਦੇ ਥੜੇ ਦੁਆਲੇ ਟਾਇਲਾਂ ਲਗਾਉਣ ਦਾ ਕੰਮ ਜਲਦ ਮੁਕੰਮਲ ਕੀਤਾ ਜਾਵੇ ਅਤੇ ਸਫ਼ਾਈ ਦਾ ਖਾਸ ਖਿਆਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਬੁੱਤ ਦੇ ਨਾਲ ਲੱਗੀਆਂ ਗਰਿੱਲਾਂ ਨੂੰ ਖੂਬਸੂਰਤ ਰੰਗ ਕਰਨ ਦੇ ਨਾਲ ਉਥੇ ਬੋਰਡ ਲਗਾ ਕੇ ਸ਼ਿਵ ਬਟਾਲਵੀ ਦੀਆਂ ਰਚਨਾਵਾਂ ਦੇ ਕੁਝ ਸ਼ੇਅਰ ਲਿਖੇ ਜਾਣ। ਇਸਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਹਰ ਸਾਲ ਸ਼ਿਵ ਬਟਾਲਵੀ ਦੇ ਜਨਮ ਦਿਨ ਅਤੇ ਬਰਸੀ ਮੌਕੇ ਸ਼ਿਵ ਬਟਾਲਵੀ ਆਡੀਟੋਰੀਅਮ ਵਿਖੇ ਵਿਸ਼ੇਸ਼ ਸਮਾਗਮ ਕੀਤੇ ਜਾਣ।

ਇਸ ਮੌਕੇ ਪ੍ਰੋ. ਜਸਬੀਰ ਸਿੰਘ, ਠੇਕੇਦਾਰ ਕੁਲਵਿੰਦਰ ਸਿੰਘ ਲਾਡੀ ਜੱਸਲ, ਹਰਬਖਸ਼ ਸਿੰਘ ਕਲਸੀ, ਜਤਿੰਦਰਪਾਲ ਸਿੰਘ ਵਿੱਕੀ, ਹਰਪ੍ਰੀਤ ਸਿੰਘ, ਅਨੁਰਾਗ ਮਹਿਤਾ, ਵਿਕਾਸ ਮਹਿਤਾ, ਰਿਧਮ ਮੈਣੀ, ਰਾਜਬੀਰ ਸਿੰਘ, ਤੋਂ ਇਲਾਵਾ ਹੋਰ ਵੀ ਸ਼ਿਵ ਪ੍ਰੇਮੀ ਹਾਜ਼ਰ ਸਨ।

