ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਿਥੇ ਬਟਾਲਾ ਸ਼ਹਿਰ ਵਿੱਚ ਵਿਆਹ ਕਰਾ ਕੇ ਗ੍ਰਹਿਸਥੀ ਜੀਵਨ ਸ਼ੁਰੂ ਕੀਤਾ ਸੀ ਓਥੇ ਨਾਲ ਹੀ ਬਟਾਲਾ ਨੇੜਲੇ ਅੱਚਲ ਸਾਹਿਬ ਦੇ ਅਸਥਾਨ ਵਿਖੇ ਜੋਗੀਆਂ ਨਾਲ ਸਿੱਧ ਗੋਸ਼ਟਿ ਕਰਕੇ ਉਨ੍ਹਾਂ ਨੂੰ ਗ੍ਰਹਿਸਥ ਦਾ ਪਾਠ ਵੀ ਪੜ੍ਹਾਇਆ ਸੀ।

ਮੂਲੇ ਦੇ ਡੇਰੇ ਤੋਂ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਤੱਕ
ਬਟਾਲਾ ਸ਼ਹਿਰ ਉਹ ਪਾਵਨ ਨਗਰ ਹੈ ਜਿਥੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਮਾਤਾ ਸੁਲੱਖਣੀ ਜੀ ਨਾਲ ਹੋਇਆ ਸੀ। ਸਿੱਖ ਧਰਮ ਵਿੱਚ ਬਟਾਲਾ ਨੂੰ ਗ੍ਰਹਿਸਥ ਧਰਮ ਦੇ ਉਪਦੇਸ਼ ਦੀ ਧਰਤੀ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਗੁਰੂ ਸਾਹਿਬ ਨੇ ਜਿਥੇ ਇਸ ਸ਼ਹਿਰ ਵਿੱਚ ਵਿਆਹ ਕਰਾ ਕੇ ਗ੍ਰਹਿਸਥੀ ਜੀਵਨ ਸ਼ੁਰੂ ਕੀਤਾ ਸੀ ਓਥੇ ਨਾਲ ਹੀ ਬਟਾਲਾ ਨੇੜਲੇ ਅੱਚਲ ਸਾਹਿਬ ਦੇ ਅਸਥਾਨ ਵਿਖੇ ਜੋਗੀਆਂ ਨਾਲ ਸਿੱਧ ਗੋਸ਼ਟਿ ਕਰਕੇ ਉਨ੍ਹਾਂ ਨੂੰ ਗ੍ਰਹਿਸਥ ਦਾ ਪਾਠ ਵੀ ਪੜ੍ਹਾਇਆ ਸੀ।

ਇਸ ਲੇਖ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਨਾਲ ਸਬੰਧਤ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਬਾਰੇ ਜਿਕਰ ਕੀਤਾ ਜਾਵੇਗਾ।

ਰਾਜਪੂਤ ਤੋਂ ਮੁਸਲਮਾਨ ਬਣੇ ਰਾਜਾ ਰਾਮ ਦੇਓ ਭੱਟੀ ਨੇ ਸੰਨ 1465 ਵਿੱਚ ਬਟਾਲਾ ਸ਼ਹਿਰ ਦੀ ਨੀਂਹ ਰੱਖੀ ਸੀ। ਬਟਾਲਾ ਸ਼ਹਿਰ ਵਿਚ ਦੂਜੇ ਨਗਰਾਂ ਤੇ ਪਿੰਡਾਂ ਦੇ ਲੋਕਾਂ ਨੇ ਇਥੇ ਆ ਕੇ ਵੱਸਣਾ ਸ਼ੁਰੂ ਕਰ ਦਿੱਤਾ। ਭਾਈ ਮੂਲ ਚੰਦ ਖੱਤਰੀ ਪਿੰਡ ਪੱਖੋਕੇ ਰੰਧਾਵੇ ਦੇ ਵਸਨੀਕ ਸਨ। ਰੰਧਾਵਿਆਂ ਦੀ ਜ਼ਮੀਨ ਬਟਾਲੇ ਵੀ ਸੀ ਅਤੇ ਭਾਈ ਮੂਲ ਚੰਦ ਰੰਧਾਵੇ ਜ਼ਿਮੀਦਾਰਾਂ ਦਾ ਪਟਵਾਰੀ ਸੀ। ਸ਼ਹਿਰ ਵਸੇ ਨੂੰ ਅਜੇ 15 ਕੁ ਸਾਲ ਹੀ ਹੋਏ ਸਨ ਅਤੇ ਭਾਈ ਮੂਲ ਚੰਦ ਖੱਤਰੀ ਸੰਨ 1480 ਵਿੱਚ ਰੰਧਾਵਿਆਂ ਦੀ ਜ਼ਮੀਨ ਦੀ ਪਟਵਾਰ ਖਾਤਰ ਬਟਾਲਾ ਸ਼ਹਿਰ ਆ ਵੱਸੇ।

ਭਾਈ ਮੂਲ ਚੰਦ ਖੱਤਰੀ ਨੇ ਬਟਾਲਾ ਸ਼ਹਿਰ ਦੇ ਖੱਤਰੀ ਭਾਈ ਨਰਾਇਣ ਦਾਸ ਤੋਂ ਜ਼ਮੀਨ ਖਰੀਦ ਕੇ ਆਪਣੀ ਰਿਹਾਇਸ਼ ਬਣਾ ਲਈ। ਭਾਈ ਮੂਲ ਚੰਦ ਆਪਣੀ ਧਰਮ ਪਤਨੀ ਬੀਬੀ ਚੰਦੋਰਾਣੀ ਅਤੇ ਇੱਕਲੌਤੀ ਧੀ ਬੀਬੀ ਸੁਲੱਖਣੀ ਜੀ ਦੇ ਨਾਲ ਇਥੇ ਰਹਿਣ ਲੱਗ ਪਏ। ਮੂਲ ਚੰਦ ਖੱਤਰੀ ਦਾ ਘਰ ਹੋਣ ਕਾਰਨ ਲੋਕ ਇਸ ਨੂੰ ‘ਮੂਲੇ ਦਾ ਡੇਰਾ’ ਕਹਿਣ ਲੱਗ ਪਏ। ਬੀਬੀ ਸੁਲੱਖਣੀ ਜੀ ਦਾ ਜਨਮ ਪਿੰਡ ਪੱਖੋਕੇ ਰੰਧਾਵੇ ਵਿਖੇ ਹੋਇਆ ਸੀ ਅਤੇ ਜਦੋਂ ਮੂਲ ਚੰਦ ਖੱਤਰੀ ਬਟਾਲਾ ਸ਼ਹਿਰ ਵਿਖੇ ਆ ਕੇ ਵੱਸੇ ਸਨ ਤਾਂ ਉਸ ਸਮੇਂ ਬੀਬੀ ਸੁਲੱਖਣੀ ਜੀ ਦੀ ਉਮਰ 4-5 ਕੁ ਸਾਲ ਦੀ ਸੀ।

ਮਾਤਾ ਸੁਲੱਖਣੀ ਜੀ ਨੇ ਆਪਣਾ ਬਾਲਪਨ ਬਟਾਲਾ ਸ਼ਹਿਰ ਵਿੱਚ ਹੀ ਗੁਜ਼ਾਰਿਆ। ਇਥੇ ਹੀ ਉਨ੍ਹਾਂ ਦੀਆਂ ਸਖੀਆਂ ਸਹੇਲੀਆਂ ਬਣੀਆਂ। ਜਿਸ ਠੰਡੀ ਖੂਹੀ ਤੋਂ ਮਾਤਾ ਸੁਲੱਖਣੀ ਜੀ ਅਤੇ ਉਨ੍ਹਾਂ ਦੀਆਂ ਸਖੀਆਂ ਪਾਣੀ ਭਰਦੀਆਂ ਸਨ ਉਹ ਖੂਹੀ ਅੱਜ ਵੀ ਠੰਡੀ ਖੂਹੀ ਦੇ ਰੂਪ ਵਿੱਚ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਖੇ ਮੌਜੂਦ ਹੈ।

ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਸੰਨ 1487 ਵਿੱਚ ਬਟਾਲਾ ਵਿਖੇ ਮਾਤਾ ਸੁਲੱਖਣੀ ਜੀ ਨਾਲ ਹੋਇਆ, ਜਿਸਦਾ ਬਿਰਤਾਂਤ ਵਿਸਥਾਰ ਵਿੱਚ ਅਗਲੇ ਲੇਖ ਵਿੱਚ ਦੱਸਿਆ ਜਾਵੇਗਾ। ਇਸ ਲੇਖ ਵਿਚ ਮੂਲ ਚੰਦ ਖੱਤਰੀ ਦੇ ਘਰ ਤੋਂ ਤੋਂ ਲੈ ਕੇ ਹੁਣ ਤੱਕ ਦੇ ਗੁਰਦੁਆਰਾ ਡੇਹਰਾ ਸਾਹਿਬ ਦਾ ਜਿਕਰ ਕੀਤਾ ਜਾ ਰਿਹਾ ਹੈ।

ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਮਾਤਾ ਸੁਲੱਖਣੀ ਜੀ ਨਾਲ ਬਟਾਲਾ ਸ਼ਹਿਰ ਵਿਖੇ ਹੋਇਆ ਤਾਂ ਕੁੱਲ ਆਲਮ ਵਿੱਚ ਬਟਾਲਾ ਸ਼ਹਿਰ ਸਤਿਕਾਰਿਆ ਜਾਣ ਲੱਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀਆਂ ਰਸਮਾਂ ਭਾਈ ਮੂਲ ਚੰਦ ਜੀ ਦੇ ਘਰ ਹੀ ਹੋਈਆਂ। ਗੁਰੂ ਸਾਹਿਬ ਦੇ ਪਾਵਨ ਚਰਨ ਪੈਣ ਅਤੇ ਇਸ ਅਸਥਾਨ ਉੱਪਰ ਉਨ੍ਹਾਂ ਦਾ ਵਿਆਹ ਹੋਣ ਕਾਰਨ ਇਹ ਘਰ ਪੂਜਣ ਯੋਗ ਹੋ ਗਿਆ। ਪੂਰੀ ਦੁਨੀਆਂ ਵਿੱਚ ਮੂਲ ਚੰਦ ਜੀ ਦਾ ਘਰ ਹੁਣ ਗੁਰੂ ਘਰ ਦੇ ਤੌਰ ’ਤੇ ਪੂਜਿਆ ਜਾਂਦਾ ਹੈ।
Adv.
ਮਾਤਾ ਸੁਲੱਖਣੀ ਜੀ ਭਾਈ ਮੂਲ ਚੰਦ ਖੱਤਰੀ ਜੀ ਦੀ ਇਕਲੌਤੀ ਔਲਾਦ ਸਨ। ਮਾਤਾ ਸੁਲੱਖਣੀ ਜੀ ਦਾ ਵਿਆਹ ਹੋ ਚੁੱਕਾ ਸੀ ਅਤੇ ਬਟਾਲਾ ਵਿਖੇ ਮੂਲ ਚੰਦ ਖੱਤਰੀ ਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਚੰਦੋਰਾਣੀ ਰਹਿੰਦੇ ਸਨ। ਮਾਤਾ ਸੁਲੱਖਣੀ ਜੀ ਦੇ ਵਿਆਹ ਤੋਂ ਕੁਝ ਸਾਲ ਬਾਅਦ ਭਾਈ ਮੂਲ ਚੰਦ ਖੱਤਰੀ ਜੀ ਬਟਾਲਾ ਛੱਡ ਕੇ ਫਿਰ ਆਪਣੇ ਪਿੰਡ ਪੱਖੋਕੇ ਰੰਧਾਵੇ ਜਾ ਵਸੇ। ਜਾਂਦੇ ਹੋਏ ਉਹ ਆਪਣੇ ਘਰ ਨੂੰ ਬਟਾਲਾ ਨਿਵਾਸੀ ਨਰਾਇਣ ਦਾਸ ਦੇ ਸਪੁਰਦ ਕਰ ਗਏ।
ਸ੍ਰੀ ਗੁਰੂ ਨਾਨਕ ਦੇਵ ਜੀ ਕੁੱਲ ਮਾਨਵਤਾ ਦੇ ਰਹਿਬਰ ਹੋਏ ਹਨ ਅਤੇ ਸਾਰੇ ਹੀ ਧਰਮਾਂ ਦੇ ਲੋਕ ਉਨ੍ਹਾਂ ਦਾ ਸਤਿਕਾਰ ਕਰਦੇ ਹਨ। ਭਾਈ ਮੂਲ ਚੰਦ ਦਾ ਘਰ ਜਿਸਨੂੰ ਬਟਾਲੇ ਦੇ ਲੋਕ ‘ਮੂਲੇ ਦਾ ਡੇਰਾ’ ਕਹਿੰਦੇ ਸਨ, ਗੁਰੂ ਸਾਹਿਬ ਦੇ ਵਿਆਹ ਤੋਂ ਬਾਅਦ ਸਤਿਕਾਰਤ ਅਸਥਾਨ ਬਣ ਗਿਆ ਸੀ।
ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗਰੂ ਹਰਗੋਬਿੰਦ ਸਾਹਿਬ ਜਦੋਂ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੀ ਬਰਾਤ ਲੈ ਕੇ ਬਟਾਲਾ ਸ਼ਹਿਰ ਆਏ ਸਨ ਤਾਂ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਿਆਹ ਵਾਲੇ ਅਸਥਾਨ ਭਾਈ ਮੂਲ ਚੰਦ ਜੀ ਦੇ ਘਰ ਦੇ ਦਰਸ਼ਨ ਕੀਤੇ ਸਨ।
ਬਾਅਦ ਵਿੱਚ ਭਾਈ ਮੂਲ ਚੰਦ ਜੀ ਦੇ ਘਰ ਗੁਰੂ ਸਾਹਿਬ ਦੇ ਵਿਆਹ ਅਸਥਾਨ ਉਪਰ ਇੱਕ ਥੜਾ ਉਸਾਰ ਦਿੱਤਾ ਗਿਆ ਅਤੇ ਸ਼ਰਧਾਲੂ ਇਸਨੂੰ ਪੂਜਣ ਲੱਗ ਪਏ। ਇਸ ਅਸਥਾਨ ਦਾ ਨਾਮ ‘ਮੂਲੇ ਦਾ ਡੇਰਾ’ ਹੋਣ ਕਾਰਨ ਇਸ ਗੁਰਦੁਆਰੇ ਦਾ ਨਾਮ ‘ਡੇਹਰਾ ਸਾਹਿਬ’ ਪੈ ਗਿਆ।
ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੀ ਪਹਿਲੀ ਆਧੁਨਿਕ ਤਾਮੀਰ ਮਹਾਰਾਜਾ ਸ਼ੇਰ ਸਿੰਘ ਨੇ ਸੰਨ 1837 ਤੋਂ 1840 ਦੇ ਦਰਮਿਆਨ ਕਰਵਾਈ ਸੀ। ਮਹਾਰਾਜਾ ਸ਼ੇਰ ਸਿੰਘ ਨੇ ਗੁਰਦੁਆਰਾ ਡੇਹਰਾ ਸਾਹਿਬ ਦੇ ਨਾਲ 35 ਏਕੜ ਜ਼ਮੀਨ ਵੀ ਲਗਾਈ ਸੀ। ਜੋ ਸਾਨੂੰ ਅੱਜ ਗੁਰਦੁਆਰਾ ਸਾਹਿਬ ਦੀ ਇਮਾਰਤ ਦਿਖਾਈ ਦਿੰਦੀ ਹੈ ਇਸਦੀ ਉਸਾਰੀ ਸੰਨ 1998 ਵਿੱਚ ਸ਼ੁਰੂ ਕੀਤੀ ਗਈ ਸੀ।
Adv.
ਮਹਾਰਾਜਾ ਸ਼ੇਰ ਸਿੰਘ ਵਲੋਂ ਜੋ ਗੁਰਦਆਰਾ ਡੇਹਰਾ ਸਾਹਿਬ ਦੀ ਇਮਾਰਤ ਬਣਾਈ ਗਈ ਸੀ ਉਹ ਹੁਣ ਦੇ ਗੁਰਦੁਆਰਾ ਸਾਹਿਬ ਤੋਂ ਛੋਟੀ ਸੀ। ਪੁਰਾਤਨ ਇਮਾਰਤ ਛੇ ਬਾਈ ਛੇ ਫੁੱਟ ਦੇ ਸੰਗਮਰਮਰ ਲੱਗੇ ਕਮਰੇ ਦੇ ਗਿਰਦ ਮੱਥਾ ਛੱਡਕੇ ਬਾਕੀ ਤਿੰਨ ਬੰਨੇ ਪੰਜ ਕੁ ਫੁੱਟ ਦਾ ਬਰਾਂਡਾ ਸੀ। ਕਮਰੇ ਦੇ ਚਾਰੋਂ ਦਰਵਾਜ਼ਿਆਂ ਦੀਆਂ ਸੰਗਮਰਮਰ ਦੀਆਂ ਚੌਗਾਠਾਂ ਨੂੰ ਚਾਂਦੀ ਦੇ ਪੱਤਰੇ ਚੜ੍ਹੇ ਦੋ-ਦੋ ਪੱਲੇ ਲੱਗੇ ਹੋਏ ਸਨ। ਇਹ ਕਮਰਾ ਬਰਾਂਡੇ ਦੇ ਨਾਲੋਂ ਕੋਈ ਫੁੱਟ ਭਰ ਉੱਚਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਸ ਕਮਰੇ ਦੇ ਅੰਦਰ ਚੰਦੋਏ ਹੇਠ ਪੀੜ੍ਹਾ ਸਾਹਿਬ ਉੱਤੇ ਕੀਤਾ ਜਾਂਦਾ ਸੀ।
ਕਮਰੇ ਦੇ ਸਾਹਮਣੇ ਸੰਗਮਰਮਰ ਦੀ ਡਾਟ ਅਤੇ ਸਿਲਾਂ ਲੱਗੀਆਂ ਹੋਈਆਂ ਸਨ। ਮੱਥੇ ਉੱਪਰ ਲਿਖਿਆ ਹੋਇਆ ਸੀ ‘ਵਿਆਹ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ’ ਅਤੇ ਇਸ ਤੋਂ ਉੱਪਰ ਇੱਕ ਸਲੈਬ ਸੀ ਜਿਸ ਉੱਪਰ ਲਿਖਿਆ ਸੀ ‘ਹਰਿ ਪ੍ਰਭੁ ਕਾਜ ਰਚਾਇਆ ਗੁਰਮੁਖਿ ਵੀਆਹਣਿ ਆਇਆ’। ਇਸਦੇ ਨਾਲ ਹੀ ਉਪਰਲੇ ਦੋਨਾਂ ਸਿਰਿਆਂ ’ਤੇ ਅਲੱਗ ਸਲੈਬਾਂ ’ਤੇ ਲਿਖਿਆ ਸੀ ‘ਇੱਕ ਓਂਕਾਰ, ਸਤਿਨਾਮ ਸ੍ਰੀ ਵਾਹਿਗੁਰੂ’। ਇਸ ਕਮਰੇ ਦੀ ਪਿੱਠ ਦੀ ਕੰਧ ਦੇ ਪਿਛਲੇ ਪਾਸੇ ਲਿਖਤਾਂ ਵਿੱਚ ਮਹਾਰਾਜਾ ਸ਼ੇਰ ਸਿੰਘ ਦੀ ਕਰਵਾਈ ਸੇਵਾ ਦਾ ਜ਼ਿਕਰ ਸੀ।
ਜਦੋਂ ਮਹਾਰਾਜਾ ਸ਼ੇਰ ਸਿੰਘ ਨੇ ਗੁਰਦੁਆਰਾ ਡੇਹਰਾ ਸਾਹਿਬ ਦੀ ਇਮਾਰਤ ਦੀ ਸੇਵਾ ਕੀਤੀ ਸੀ ਤਾਂ ਉਨ੍ਹਾਂ ਨੇ ਇਸਦੀ ਸੇਵਾ ਦਾ ਜ਼ਿੰਮਾ ਆਪਣੇ ਨਿਕਟ-ਵਰਤੀ ਘਸੀਟਾ ਸਿੰਘ ਨੂੰ ਦੇ ਦਿੱਤਾ। ਉਨਾਂ ਦੀ ਸੇਵਾ ਤੇ ਸ਼ਰਧਾ ਨੂੰ ਦੇਖਦੇ ਹੋਏ ਸੰਗਤਾਂ ਇਨ੍ਹਾਂ ਨੂੰ ਮਹੰਤ ਜੀ ਕਹਿਣ ਲੱਗ ਪਈਆਂ। ਘਸੀਟਾ ਸਿੰਘ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਕੇਸਰਾ ਸਿੰਘ ਇਸ ਅਸਥਾਨ ਦੀ ਸੇਵਾ ਕਰਦਾ ਰਿਹਾ।
20ਵੀਂ ਸਦੀ ਦੇ ਤੀਜੇ ਦਹਾਕੇ ਦੌਰਾਨ ਗੁਰਦੁਆਰਾ ਸੁਧਾਰ ਲਹਿਰ ਦੇ ਅਸਰ ਹੇਠ ਗੁਰਦੁਆਰਾ ਡੇਹਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਮੰਜ਼ੂਰ ਕੀਤੀ ਲੋਕਲ ਕਮੇਟੀ ਦੇ ਅਧੀਨ ਆ ਗਿਆ। ਅੱਜ ਕੱਲ ਗੁਰਦੁਅਰਾ ਸ੍ਰੀ ਡੇਹਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਅਧੀਨ ਹੈ।
ਸੰਨ 1998 ਵਿੱਚ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੀ ਮੁੜ ਨਵ-ਉਸਾਰੀ ਕਰਵਾਈ ਗਈ। ਇਹ ਸੇਵਾ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਕੀਤੀ। ਧਰਤੀ ਨੂੰ ਟੱਪ ਪੰਜ ਸੰਤਾਂ ਨੇ ਲਗਾਏ। ਬਾਟੇ ਚੁੱਕਣ ਲਈ ਸ. ਹਰਪਾਲ ਸਿੰਘ, ਐਡਵੋਕੇਟ ਰਜਿੰਦਰ ਸਿੰਘ ਪਦਮ, ਸ. ਪਿਆਰਾ ਸਿੰਘ ਭਾਟੀਆ, ਡਾ. ਕੁਲਵੰਤ ਸਿੰਘ ਇਤਿਆਦ ਪੰਜ ਸਿੰਘ ਚੁਣੇ ਗਏ। ਨਵੀਂ ਇਮਾਰਤ ਦਾ ਨੀਂਹ ਪੱਥਰ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਨੇ ਰੱਖਿਆ। ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੀ ਜੋ ਅੱਜ ਇਮਾਰਤ ਦਿਖਾਈ ਦਿੰਦੀ ਹੈ ਇਸਦੀ ਉਸਾਰੀ ਸੰਨ 1998 ਵਿੱਚ ਸ਼ੁਰੂ ਹੋਈ ਸੀ।
ਗੁਰੁਦੁਆਰਾ ਸ੍ਰੀ ਡੇਹਰਾ ਸਾਹਿਬ ਦੀ ਸਿੱਖ ਧਰਮ ਵਿਚ ਵਿਸ਼ੇਸ਼ ਥਾਂ ਹੈ। ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ‘ਮੂਲੇ ਦਾ ਡੇਰਾ’ ਗੁਰੂ ਸਾਹਿਬ ਦੇ ਚਰਨ ਪੈਣ ਕਾਰਨ ਗੁਰਦੁਆਰਾ ‘ਸ੍ਰੀ ਡੇਹਰਾ ਸਾਹਿਬ’ ਬਣ ਗਿਆ। ਰਹਿੰਦੀ ਦੁਨੀਆਂ ਤੱਕ ਇਹ ਪਾਵਨ ਅਸਥਾਨ ਗੁਰੂ ਸਾਹਿਬ ਦੇ ਵਿਆਹ ਦੀ ਨਿਸ਼ਾਨੀ ਵਜੋਂ ਹਮੇਸ਼ਾਂ ਪੂਜਣਯੋਗ ਬਣਿਆ ਰਹੇਗਾ।
-ਧੰਨਵਾਦ ਸਹਿਤ ਸ.ਇੰਦਰਜੀਤ ਸਿੰਘ ਹਰਪੁਰਾ ,
ਬਟਾਲਾ (ਗੁਰਦਾਸਪੁਰ)
ਪੰਜਾਬ।
98155-77574

