ਜੰਮੂ ਕਸ਼ਮੀਰ ’ਚ ਪੰਜਾਬੀ ਭਾਸ਼ਾ ਨੂੰ ਅਧਿਕਾਰਤ ਭਾਸ਼ਾ ਦਾ ਦਰਜਾ ਦਿੱਤਾ ਜਾਵੇ ਤੇ ਸੂਬੇ ’ਚ ਪੰਜਾਬੀ ਭਾਸ਼ਾ ਨਾਲ ਹੋ ਰਿਹਾ ਵਿਤਕਰਾ ਬੰਦ ਕੀਤਾ ਜਾਵੇ।:-ਸੰਸਦ ਮਨੀਸ਼ ਤਿਵਾੜੀ
ਸਤੰਬਰ 14 (ਅਮਰੀਕ ਮਠਾਰੂ, ਰੰਜਨਦੀਪ, ਐਨ ਸੰਧੂ)
ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਜੋ ਤੇ ਅਨੰਦਪੁਰ ਸਾਹਿਬ ਤੋਂ ਸੰਸਦ ਨੇ ਅੱਜ ਲੋਕ ਸਭਾ ਵਿੱਚ ਜੰਮੂ-ਕਸ਼ਮੀਰ ’ਚ ਪੰਜਾਬੀ ਭਾਸ਼ਾ ਨੂੰ ਅਣਡਿੱਠ ਕਰਨ ਦਾ ਮੁੱਦਾ ਉਠਾਇਆ ਤੇ ਮੰਗ ਕੀਤੀ ਕਿ ਪੰਜਾਬੀ ਨੂੰ ਦਫ਼ਤਰੀ ਭਾਸ਼ਾਵਾਂ ਵਿੱਚ ਸ਼ਾਮਲ ਕੀਤਾ ਜਾਵੇ ਕਿਉਂਕਿ ਇਸ ਖਿੱਤੇ ਦੇ ਵਿੱਚ ਜ਼ਿਆਦਾ ਲੋਕ ਪੰਜਾਬੀ ਬੋਲੀ ਬੋਲਦੇ ਹਨ।
ਮਨੀਸ਼ ਤਿਵਾੜੀ ਨੇ ਸਦਨ ਦੇ ਸਪੀਕਰ ਨੂੰ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ 1808 ’ਚ ਜੰਮੂ ਜਿੱਤਿਆ ਸੀ ਤੇ 1820 ’ਚ ਜੰਮੂ ਦੀ ਜਾਗੀਰ ਮਹਾਰਾਜਾ ਗੁਲਾਬ ਸਿੰਘ ਦੇ ਪਿਤਾ ਕਿਸ਼ੋਰ ਸਿੰਘ ਜਾਮਵਾਲ ਨੂੰ ਦਿੱਤੀ ਸੀ। 1822 ’ਚ ਉਨ੍ਹਾਂ ਖੁਦ ਗੁਲਾਬ ਸਿੰਘ ਨੂੰ ਜੰਮੂ ਦਾ ਰਾਜਾ ਬਣਾਇਆ ਸੀ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸੌ ਸਾਲਾਂ ਤੋਂ ਜੰਮੂ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ’ਚ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ ਅਤੇ ਪੰਜਾਬੀ ਦੀਆਂ ਕਈ ਉੱਪ ਬੋਲੀਆਂ ਜੰਮੂ ਕਸ਼ਮੀਰ ’ਚ ਬੋਲੀਆਂ ਜਾਂਦੀਆਂ ਹਨ। ਉਨ੍ਹਾਂ ਸਪੀਕਰ ਦੇ ਧਿਆਨ ’ਚ ਲਿਆਂਦਾ ਕਿ 1947 ਦੀ ਦੇਸ਼ ਵੰਡ ਮਗਰੋਂ ਜਿਹੜੇ ਲੋਕ ਪਾਕਿਸਤਾਨ ਤੋਂ ਉੱਜੜਨ ਕੇ ਜੰਮੂ ਜਾ ਕੇ ਵਸੇ ਉਨ੍ਹਾਂ ’ਚੋਂ ਜ਼ਿਆਦਾਤਰ ਪੰਜਾਬੀ ਭਾਸ਼ਾ ਬੋਲਣ ਵਾਲੇ ਸਨ। ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ 2 ਸਤੰਬਰ 2020 ਨੂੰ ਪ੍ਰਵਾਨ ਕੀਤੇ ਗਏ ਜੰਮੂ ਕਸ਼ਮੀਰ ਭਾਸ਼ਾ ਬਿੱਲ ’ਚੋਂ ਪੰਜਾਬੀ ਭਾਸ਼ਾ ਨੂੰ ਬਾਹਰ ਕੱਢ ਕੇ ਸਿਰਫ਼ ਉਰਦੂ, ਕਸ਼ਮੀਰੀ, ਡੋਗਰੀ, ਹਿੰਦੀ ਤੇ ਅੰਗਰੇਜ਼ੀ ਨੂੰ ਸਰਕਾਰੀ ਭਾਸ਼ਾਵਾਂ ਵਜੋਂ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬੀ ਭਾਸ਼ਾ ਨੂੰ ਜੰਮੂ ਕਸ਼ਮੀਰ ’ਚ ਅਧਿਕਾਰਤ ਭਾਸ਼ਾ ਦਾ ਦਰਜਾ ਦਿੱਤਾ ਜਾਵੇ ਤੇ ਸੂਬੇ ’ਚ ਪੰਜਾਬੀ ਭਾਸ਼ਾ ਨਾਲ ਹੋ ਰਿਹਾ ਵਿਤਕਰਾ ਬੰਦ ਕੀਤਾ ਜਾਵੇ।

