ਪੰਜਾਬ ਪੁਲਿਸ ਤੇ ਬੀ.ਐੱਸ.ਐੱਫ. ਦੇ 3754 ਸੁਰੱਖਿਆ ਜਵਾਨ ਕੀਤੇ ਤਾਇਨਾਤ

ਬਟਾਲਾ, 19 ਫਰਵਰੀ (ਅਮਰੀਕ ਮਠਾਰੂ/ਇੰਦਰਜੀਤ ਸਿੰਘ ਬਾਵਾ ) – 20 ਫਰਵਰੀ ਦਿਨ ਐਤਵਾਰ ਨੂੰ ਹੋ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧੀਨ ਪੈਂਦੇ ਵਿਧਾਨ ਸਭਾ ਹਲਕਿਆਂ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਐੱਸ.ਐੱਸ.ਪੀ. ਬਟਾਲਾ ਸ੍ਰੀ ਗੌਰਵ ਤੂਰਾ ਨੇ ਸੁਰੱਖਿਆ ਇੰਤਜ਼ਾਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣਾਂ ਪੂਰੀ ਤਰਾਂ ਅਮਨ-ਸ਼ਾਂਤੀ, ਨਿਰਪੱਖ ਅਤੇ ਅਜ਼ਾਦ ਮਾਹੌਲ ਵਿੱਚ ਨੇਪਰੇ ਚਾੜਨ ਲਈ ਹਰ ਪੋਲਿੰਗ ਬੂਥ ਉੱਤੇ ਪੰਜਾਬ ਪੁਲਿਸ ਅਤੇ ਬੀ.ਐੱਸ.ਐੱਫ. ਦੇ ਜਵਾਨ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਨੇ ਆਪਣੀ ਡਿਊਟੀ ਸੰਭਾਲ ਲਈ ਹੈ।
Adv.
ਐੱਸ.ਐੱਸ.ਪੀ. ਬਟਾਲਾ ਸ੍ਰੀ ਗੌਰਵ ਤੂਰਾ ਨੇ ਦੱਸਿਆ ਕਿ ਸਮੁੱਚੀ ਚੋਣ ਪ੍ਰੀਕ੍ਰਿਆ ਨੂੰ ਮੁਕੰਮਲ ਕਰਨ ਲਈ ਪੁਲਿਸ ਜ਼ਿਲ੍ਹਾ ਬਟਾਲਾ ਵਿੱਚ 2098 ਪੰਜਾਬ ਪੁਲਿਸ ਤੇ ਹੋਮਗਾਰਡ ਦੇ ਜਵਾਨ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਵਿੱਚ 14 ਜੀ.ਓ. ਰੈਂਕ ਦੇ ਅਧਿਕਾਰੀ, 532 ਐਨ.ਜੀ.ਓ, 1217 ਪੁਲਿਸ ਜਵਾਨ, 335 ਪੰਜਾਬ ਹੋਮਗਾਰਡ ਦੇ ਜਵਾਨ ਸ਼ਾਮਲ ਹਨ। ਇਸ ਤੋਂ ਇਲਾਵਾ ਅਤੇ 1656 ਬੀ.ਐੱਸ.ਐੱਫ ਜਵਾਨ ਵੀ ਪੰਜਾਬ ਪੁਲਿਸ ਦੇ ਨਾਲ ਆਪਣੀਆਂ ਸੇਵਾਵਾਂ ਦੇਣਗੇ।
Adv.
ਐੱਸ.ਐੱਸ.ਪੀ. ਬਟਾਲਾ ਨੇ ਦੱਸਿਆ ਕਿ ਬਟਾਲਾ ਪੁਲਿਸ ਜ਼ਿਲ੍ਹੇ ਦੀਆਂ ਹੱਦਾਂ ’ਤੇ 6 ਵਿਸ਼ੇਸ਼ ਨਾਕੇ ਲਗਾ ਕੇ ਜ਼ਿਲ੍ਹੇ ਨੂੰ ਸੀਲ ਕੀਤਾ ਗਿਆ ਹੈ। ਬਟਾਲਾ ਪੁਲਿਸ ਵੱਲੋਂ 74 ਪੈਟਰੋਲਿੰਗ ਪਾਰਟੀਆਂ ਦਾ ਗਠਨ ਕੀਤਾ ਗਿਆ ਹੈ ਜੋ ਸਾਰੇ ਜ਼ਿਲ੍ਹੇ ਵਿੱਚ ਘੁੰਮ ਕੇ ਕਾਨੂੰਨ ਵਿਵਸਥਾ ਦੀ ਸਥਿਤੀ ਉੱਤੇ ਨਜ਼ਰ ਰੱਖਣਗੀਆਂ। ਇਸਤੋਂ ਇਲਾਵਾ 76 ਪਾਰਟੀਆਂ ਨੂੰ ਪੁਲਿਸ ਲਾਈਨ ਵਿਖੇ ਰਿਜ਼ਰਵ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਨੂੰ ਹਰ ਹੀਲੇ ਅਮਨ-ਪੂਰਵਕ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬਿਨ੍ਹਾਂ ਕਿਸੇ ਡਰ-ਭੈਅ, ਲਾਲਚ ਦੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਜਰੂਰ ਕਰਨ।

