ਬਟਾਲਾ ਪੁਲਿਸ ਅਮਨ ਕਾਨੂੰਨ ਦੀ ਬਹਾਲੀ ਦੇ ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਹਮੇਸ਼ਾਂ ਮੋਹਰੀ ਰਹੀ – ਐੱਸ.ਪੀ. ਗੁਰਪ੍ਰੀਤ ਸਿੰਘ
ਬਟਾਲਾ, :- ( ਅਮਰੀਕ ਮਠਾਰੂ ) – ਵਧੀਕ ਡਾਇਰੈਕਟਰ ਜਨਰਲ/ਕਮਿਊਨਿਟੀ ਪੁਲਿਸਿੰਗ ਦੀਆਂ ਹਦਾਇਤਾਂ ਅਨੁਸਾਰ ਅਤੇ ਸ੍ਰੀ ਗੌਰਵ ਤੂਰਾ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਾਂਝ ਕੇਂਦਰ, ਬਟਾਲਾ ਵੱਲੋਂ ਬਟਾਲਾ ਸ਼ਹਿਰ ਵਿੱਚ ਗਰੀਬ ਅਤੇ ਲੋੜਵੰਦਾਂ ਨੂੰ ਗਰਮ ਕੰਬਲ ਵੰਡੇ ਗਏ। ਐੱਸ.ਪੀ. ਹੈੱਡਕੁਆਟਰ ਸ. ਗੁਰਪ੍ਰੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਪੁਲਿਸ ਅਧਿਕਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਕੰਬਲ ਵੰਡਣ ਦੀ ਰਸਮ ਨਭਾਈ ਗਈ। ਇਸੇ ਦੌਰਾਨ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਰੇਲਵੇ ਸਟੇਸ਼ਨ ਅਤੇ ਝੁੱਗੀਆਂ ਝੋਪੜੀਆਂ ਵਾਲਿਆਂ ਦੇ ਕੋਲ ਪਹੁੰਚ ਕਰਕੇ ਉਨ੍ਹਾਂ ਨੂੰ ਕੰਬਲ ਵੰਡੇ ਗਏ।
ਇਸ ਦੌਰਾਨ ਐੱਸ.ਪੀ. ਸ. ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਬਟਾਲਾ ਪੁਲਿਸ ਜਰੂਰਤਮੰਦਾਂ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਨਾਲ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਬਟਾਲਾ ਪੁਲਿਸ ਹਮੇਸ਼ਾਂ ਮੋਹਰੀ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਡੀ.ਜੀ.ਪੀ. ਸਾਹਿਬ ਅਤੇ ਐੱਸ.ਐੱਸ.ਪੀ. ਬਟਾਲਾ ਦੀਆਂ ਹਦਾਇਤਾਂ ਅਨੁਸਾਰ ਬਟਾਲਾ ਪੁਲਿਸ ਵੱਲੋਂ ਗਰੀਬ ਅਤੇ ਲੋੜਵੰਦਾਂ ਨੂੰ ਮੁਫ਼ਤ ਗਰਮ ਕੰਬਲ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਬਟਾਲਾ ਪੁਲਿਸ ਦੇ ਇਸ ਉਪਰਾਲੇ ਨਾਲ ਜਿਥੇ ਲੋੜਵੰਦਾਂ ਨੂੰ ਠੰਡ ਤੋਂ ਰਾਹਤ ਮਿਲੇਗੀ ਓਥੇ ਹੋਰ ਲੋਕਾਂ ਨੂੰ ਵੀ ਸੇਵਾ ਕਰਨ ਦੀ ਪ੍ਰੇਰਨਾ ਮਿਲੇਗੀ। ਇਸ ਮੌਕੇ ਸਮਾਜ ਸੇਵੀ ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ ਨੇ ਵੀ ਬਟਾਲਾ ਪੁਲਿਸ ਦੇ ਇਸ ਉਪਰਾਲੇ ਦੀ ਸਰਾਹਨਾ ਕੀਤੀ।