ਜ਼ਿਲ੍ਹੇ ਦੇ ਗਣਿਤ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ
ਬਟਾਲਾ, 27 ਦਸੰਬਰ (ਗੁਰਪ੍ਰੀਤ ) – ਗਣਿਤ ਸ਼ਾਸਤਰੀ ਰਾਮਾਨੁਜ ਦੇ ਜਨਮਦਿਨ ਨੂੰ ਸਮਰਪਿਤ ਬੀਤੇ ਦਿਨ ਗਣਿਤ ਦਿਵਸ ਮੌਕੇ ਸਰਕਾਰੀ ਕੰਨਿਆਂ ਸੀਨੀ: ਸੈਕੰ: ਸਮਾਰਟ ਸਕੂਲ ਧਰਮਪੁਰਾ ਵਿਖੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਡੀ.ਈ.ਓ. ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਦੌਰਾਨ ਸੰਬੋਧਨ ਕਰਦਿਆਂ ਡੀ.ਈ.ਓ. ਸੈਕੰ: ਸੰਧਾਵਾਲੀਆ ਨੇ ਕਿਹਾ ਕਿ ਗਣਿਤ ਵਿਸ਼ੇ ਨੂੰ ਹਰ ਕੋਈ ਜਟਿਲ ਵਿਸ਼ਾ ਸਮਝਦਾ ਹੈ ਪਰ ਸਾਡੇ ਗਣਿਤ ਸ਼ਾਸਤਰੀ ਅਤੇ ਅਧਿਆਪਕਾਂ ਵੱਲੋਂ ਵੱਖ-ਵੱਖ ਗਤੀਵਿਧੀਆਂ ਦੁਆਰਾ ਇਸ ਵਿਸ਼ੇ ਨੂੰ ਸਰਲ ਤੇ ਰੌਚਕ ਬਣਾਉਣ ਦੇ ਯਤਨ ਕੀਤਾੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਇਨ੍ਹਾਂ ਯਤਨਾਂ ਸਦਕਾ ਵਿਦਿਆਰਥੀਆਂ ਦੀ ਗਣਿਤ ਵਿਸ਼ੇ ਪ੍ਰਤੀ ਰੁਚੀ ਵਧੀ ਹੈ। ਇਸ ਮੌਕੇ ਉਨ੍ਹਾਂ ਨੇ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਵੀ ਕੀਤਾ।
ਇਸ ਮੌਕੇ ਗਣਿਤ ਵਿਸ਼ੇ ਦੇ ਡੀ.ਐਮ. ਗੁਰਨਾਮ ਸਿੰਘ ਨੇ ਦੱਸਿਆ ਕਿ ਗਣਿਤ ਸ਼ਾਸਤਰੀ ਰਾਮਨੁਜ ਦੇ ਜਨਮ ਦਿਨ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਗਣਿਤ ਉਤਸਵ ਮਨਾਉਣ ਲਈ ਸਾਦਾ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ ਹੈ, ਜਿਸ ਵਿੱਚ ਜ਼ਿਲ੍ਹੇ ਦੇ ਗਣਿਤ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਹੌਸਲਾ ਅਫ਼ਜਾਈ ਕੀਤੀ ਗਈ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਬਲਵਿੰਦਰ ਕੌਰ ਨੇ ਆਪਣੇ ਸਕੂਲ ਵਿੱਚ ਇਹ ਪ੍ਰੋਗਰਾਮ ਕਰਵਾਉਣ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਾ ਧੰਨਵਾਦ ਕੀਤਾ।
Adv.
ਸਟੇਜ ਸਕੱਤਰ ਦੀ ਭੂਮਿਕਾ ਬੀ.ਐਮ. ਗਣਿਤ ਨਵਨੀਤ ਕੌਰ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਸੁਰਿੰਦਰ ਕੁਮਾਰ, ਪ੍ਰਿੰਸੀਪਲ ਕੁਲਵੰਤ ਸਿੰਘ, ਪ੍ਰਿੰਸੀਪਲ ਰੇਨੂੰ ਬਾਲਾ, ਪ੍ਰਿੰਸੀਪਲ ਅਨੀਤਾ ਅਰੋੜਾ,ਹੈੱਡਮਿਸਟ੍ਰੈਸ ਭਾਰਤੀ ਦੱਤਾ, ਜਸਪਿੰਦਰ ਸਿੰਘ, ਡੀ.ਐਮ. ਨਰਿੰਦਰ ਸਿੰਘ, ਡੀ.ਐਮ. ਸੁਰਿੰਦਰ ਮੋਹਨ, ਡੀ.ਐਮ. ਗੁਰਵਿੰਦਰ ਸਿੰਘ, ਡੀ.ਐਮ. ਪਰਮਜੀਤ ਸਿੰਘ ਅਤੇ ਗਗਨਦੀਪ ਸਿੰਘ ਆਦਿ ਹਾਜ਼ਰ ਸਨ।