*************************************

ਚੰਡੀਗੜ (ਦਵਿੰਦਰ ਕੌਰ ਢਿੱਲੋ) ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਡਾ: ਲਾਭ ਸਿੰਘ ਖੀਵਾ ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਉੱਘੇ ਲੇਖਕ ਸ੍ਰੀ ਹਰੀ ਕ੍ਰਿਸ਼ਨ ਮਾਇਰ ਜੀ ਦੀ ਪੁਸਤਕ ” ਭਾਰਤੀ ਖੋਜਕਾਰ” ਲੋਕ-ਅਰਪਣ ਕੀਤੀ ਗਈ ।ਪ੍ਰਧਾਨਗੀ ਮੰਡਲ ਵਿੱਚ ਡਾ: ਖੀਵਾ ਜੀ ਅਤੇ ਲੇਖਕ ਹਰੀ ਕ੍ਰਿਸ਼ਨ ਮਾਇਰ ਜੀ ਤੋਂ ਇਲਾਵਾ ਜਿਲਾ ਭਾਸ਼ਾ ਅਫਸਰ ਮੋਹਾਲੀ ਸ੍ਰੀ ਦਵਿੰਦਰ ਬੋਹਾ ਜੀ ਅਤੇ ਕੇਂਦਰ ਦੇ ਪ੍ਰਧਾਨ ਸੇਵੀ ਰਾਇਤ ਜੀ ਵੀ ਸੁਸ਼ੋਭਿਤ ਸਨ।ਪਰੋਗਰਾਮ ਦੀ ਸ਼ੁਰੂਆਤ ਪਿਛਲੇ ਦਿਨਾਂ ਵਿਚ ਵਿਛੋੜਾ ਦੇ ਗਏ ਪ੍ਰਕਾਸ਼ਕ ਕੁਲਵੰਤ ਸਿੰਘ ਸੂਰੀ, ਉਘੀ ਪੰਜਾਬੀ ਗਾਇਕਾ ਗੁਰਮੀਤ ਬਾਵਾ, ਪਰਪੱਕ ਕਹਾਣੀਕਾਰ ਮੋਹਨ ਭੰਡਾਰੀ ਜੀ ਅਤੇ ਥੀਏਟਰ+ਫਿਲਮੀ ਕਲਾਕਾਰ ਕੌਤਕ ਜੀ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।

ਇਸ ਤੋਂ ਬਾਦ ਪ੍ਰਧਾਨਗੀ ਮੰਡਲ ਨੇ ਪੁਸਤਕ ਲੋਕ-ਅਰਪਣ ਕੀਤੀ ।ਪਰਮਜੀਤ ਕੌਰ ਪਰਮ ਨੇ ਲੇਖਕ ਬਾਰੇ ਜਾਣ- ਪਛਾਣ ਕਰਾਈ ਅਤੇ ਵਿਲੱਖਣ ਵਿਸ਼ੇ ਬਾਰੇ ਕਿਤਾਬ ਲਿਖਣ ਦੇ ਉਦਮ ਦੀ ਸ਼ਲਾਘਾ ਕੀਤੀ।ਡਾ: ਅਵਤਾਰ ਸਿੰਘ ਪਤੰਗ ਜੀ ਨੇ ਇਸ ਪੁਸਤਕ ਵਿਚ ਦਰਜ ਭਾਰਤੀ ਵਿਗਿਆਨੀਆਂ ਦੇ ਕੰਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਵਿਗਿਆਨ ਆਦਮੀ ਨੂੰ ਪਦਾਰਥਕ ਸੁੱਖ ਦਿੰਦੀ ਹੈ ਪਰ ਅਧਿਆਤਮਕ ਗਿਆਨ, ਮਨ ਨੂੰ ਸ਼ਾਂਤ ਰੱਖਦਾ ਹੈ । ਕੁਦਰਤ ਵਿਚ ਸਭ ਕੁਝ ਪਹਿਲਾਂ ਹੀ ਮੌਜੂਦ ਹੈ ਪਰ ਵਿਗਿਆਨੀ ਉਸ ਦੀ ਖੋਜ ਕਰਦੇ ਰਹਿੰਦੇ ਹਨ ।ਕੁਦਰਤ ਦੇ ਸਾਹਮਣੇ ਵਿਗਿਆਨ ਛੋਟਾ ਹੈ।ਕਮਲਦੀਪ ਕੌਰ ਜੀ ਨੇ ਕਿਹਾ ਕਿ ਇਹ ਕਿਤਾਬ ਵਿਦਿਆਰਥੀਆਂ, ਸਧਾਰਨ ਪਾਠਕਾਂ ਅਤੇ ਛੋਟੇ ਬੱਚਿਆਂ ਲਈ ਪ੍ਰੇਰਨਾ ਸਰੋਤ ਹੈ ।ਭਾਰਤੀ ਵਿਗਿਆਨੀਆਂ ਨੇ ਸਹੂਲਤਾਂ ਤੋਂ ਬਿਨਾਂ ਜਦੋ-ਜਹਿਦ ਕਰਕੇ ਖੋਜਾਂ ਕੀਤੀਆਂ ਹਨ

ਪਰ ਬਹੁਤ ਸਾਰੇ ਵਿਗਿਆਨੀ ਅਜੇ ਵੀ ਅਣਗੌਲੇ ਹਨ।ਹੁਣ ਸਹੂਲਤਾਂ ਹੋਣ ਦੇ ਬਾਵਜੂਦ ਵੀ ਖੋਜ ਕਾਰਜ ਘੱਟ ਹਨ।ਲੇਖਕ ਮਾਇਰ ਜੀ ਨੇ ਕਿਹਾ ਕਿ ਪੁਸਤਕ ਲਿਖਣ ਦਾ ਮਕਸਦ ਬੱਚਿਆਂ ਨੂੰ ਵਿਗਿਆਨ ਦੀ ਚੇਟਕ ਲਾਉਣਾ ਹੈ ਤਾਂ ਜੋ ਅੰਧ ਵਿਸ਼ਵਾਸ ਤੋਂ ਬਚਿਆ ਜਾਵੇ।ਉਹ ਸਮਾਜ ਨੂੰ ਵਿਗਿਆਨਕ ਸੋਚ ਦੇਣਾ ਚਾਹੁੰਦੇ ਹਨ ਤਾਂ ਜੋ ਸਾਡਾ ਦੇਸ਼ ਵਿਕਸਤ ਦੇਸ਼ ਬਣ ਸਕੇ।ਮਨੁੱਖਤਾ ਦੀ ਭਲਾਈ ਕਰਨ ਤੋਂ ਬਿਨਾਂ ਵਿਗਿਆਨ ਸਰਾਪ ਹੈ।ਅੰਤ ਵਿਚ ਪ੍ਰਧਾਨ ਸੇਵੀ ਰਾਇਤ ਜੀ ਨੇ ਸਭ ਦਾ ਧੰਨਵਾਦ ਕੀਤਾ । ਸਟੇਜ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਨੇ ਕੀਤਾ।

