ਬੋਲੀਏ ਪੰਜਾਬੀਏ ਨੀ
ਸੁਣ ਤੈਨੂੰ ਚਿਹਰੇ ਗੁਲਾਬ ਬਣ ਜਾਂਦੇ ਆ
ਕਦੇ ਬਾਬਾ ਨਾਨਕ
ਤੇ ਕਦੇ ਬਾਬਾ ਫਰੀਦ ਬਣ ਜਾਂਦੇ ਆ
ਜਦੋਂ ਗੁਰੂਆਂ ਫਕੀਰਾਂ ਦੇ
ਸਲੋਕ ਕੰਨੀ ਪੈ ਜਾਂਦੇ ਆ
ਬੋਲੀਏ ਪੰਜਾਬੀਏ ਨੀ
ਪੜ੍ਹ ਤੈਨੂੰ ਖੁਲ੍ਹੀ ਕਿਤਾਬ ਬਣ ਜਾਂਦੇ ਆ
ਕਦੇ ਸ਼ਿਵ
ਤੇ ਕਦੇ ਵਾਰਿਸ ਬਣ ਜਾਂਦੇ ਆ
ਸੋਹਣੀਆਂ ਤੇ ਸੱਸੀਆਂ ਦੇ
ਕਿੱਸੇ ਬੇਹਿਸਾਬ ਬਣ ਜਾਂਦੇ ਆ
ਬੋਲੀਏ ਪੰਜਾਬੀਏ ਨੀ
ਪੜ੍ਹ ਤੈਨੂੰ ਜੇਹਲਮ ਤੇ ਝਨਾਬ ਬਣ ਜਾਂਦੇ ਆ
ਕਦੇ ਭਗਤ ਸਿੰਘ
ਤੇ ਕਦੇੇ ਸਰਾਭਾ ਬਣ ਜਾਂਦੇ ਆ
ਉਨਾਂ ਦੇ ਦੇਖੇ ਹੋਏ ਖਾਬ ਬਣ ਜਾਂਦੇ ਆ
ਬੋਲੀਏ ਪੰਜਾਬੀਏ ਨੀ
ਗਾ ਕੇ ਤੈਨੂੰ ਸ਼ਹਿਦ ਬਣ ਜਾਂਦੇ ਆ
ਕਦੇ ਗੀਤ
ਤੇ ਕਦੇ ਰੀਤ ਬਣ ਜਾਂਦੇ ਆ
ਭਾਈਚਾਰਕ ਗਿੱਧਿਆਂ ਦੇ ਮੀਤ ਬਣ ਜਾਂਦੇ ਆ
ਬੋਲੀ ਪੰਜਾਬੀਏ ਨੀ
ਲਿਖ ਤੈਨੂੰ ਅਰਦਾਸ ਬਣ ਜਾਂਦੇ ਆ
ਕਦੇ ਨਿਤਾਣਿਆ ਦੀ ਆਸ
ਤੇ ਕਦੇ ਧਰਵਾਸ ਬਣ ਜਾਂਦੇ ਆ
ਦੁਨੀਆਂ ਦਾ ਭਲਾ ਮੰਗ
‘ਮਨ ਜੀਤੇ ਜਗੁ ਜੀਤ’ ਬਣ ਜਾਂਦੇ ਆ……ਲਾਜਵਿੰਦਰ
Adv.

